ਕੋਰੋਨਾ ਕਰਫਿਊ ਦੌਰਾਨ ਜਾਣੋ ਕਿਹੋ ਜਿਹੀ ਹੋਣੀ ਚਾਹੀਦੀ ਹੈ ‘ਸਕੂਲ ਮੁਖੀਆਂ ਦੀ ਭੂਮਿਕਾ’

Thursday, Apr 02, 2020 - 06:37 PM (IST)

ਕੋਰੋਨਾ ਕਰਫਿਊ ਦੌਰਾਨ ਜਾਣੋ ਕਿਹੋ ਜਿਹੀ ਹੋਣੀ ਚਾਹੀਦੀ ਹੈ ‘ਸਕੂਲ ਮੁਖੀਆਂ ਦੀ ਭੂਮਿਕਾ’

ਡਾ. ਸੁਰਿੰਦਰ ਕੁਮਾਰ ਜਿੰਦਲ,

ਕੋਰੋਨਾ ਵਰਗ ਦੇ ਵਿਸ਼ਾਣੂ 'ਕੋਵਿਡ-19' ਨੇ ਪੂਰੇ ਸੰਸਾਰ ਵਿਚ ਕੋਹਰਾਮ ਮਚਾ ਕੇ ਰੱਖਿਆ ਹੈ। ਚਿੰਤਾਜਨਕ ਸਥਿਤੀ ਕਾਰਨ ਸਾਡੇ ਮੁਲਕ ਵਿਚ ਜਨਤਕ ਸੁਰੱਖਿਆ ਹਿੱਤ ਆਵਾਜਾਈ, ਸਕੂਲ, ਕਾਲਜ, ਯੂਨੀਵਰਸਿਟੀਆਂ, ਆਈ. ਆਈ. ਟੀਜ਼, ਆਈ. ਟੀ. ਆਈਜ਼ ਅਤੇ ਹੋਰ ਵਿੱਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ। ਬੀਮਾਰੀ ਨੂੰ ਵਿਸਫੋਟਕ ਤਰੀਕੇ ਨਾਲ ਫੈਲਣ ਤੋਂ ਰੋਕਣ ਲਈ ਸਭ ਤਰ੍ਹਾਂ ਦੇ ਇਮਤਿਹਾਨ, ਮੇਲੇ, ਟੂਰਨਾਮੈਂਟ, ਸਭਾਵਾਂ, ਸ਼ਾਦੀਆਂ, ਸਮਾਗਮ, ਇੰਟਰਵਿਊਆਂ ਆਦਿ ਨੂੰ ਮੁਲਤਵੀ ਕਰ ਘਰਾਂ ਦੇ ਅੰਦਰ ਰਹਿਣ ਦੀ ਹਦਾਇਤ ਕੀਤੀ ਗਈ ਹੈ। ਪੰਜਾਬ ਵਿਚ ਤਾਂ ਮਜ਼ਬੂਰਨ ਕਰਫਿਊ ਲਗਾ ਦਿੱਤਾ ਗਿਆ ਹੈ। ਅੰਦਰ ਰਹਿਣ ਵਿਚ ਹੀ ਸਭ ਦੀ ਭਲਾਈ ਹੈ, ਕਿਉਂਕਿ ਕੋਰੋਨਾ ਬੀਮਾਰੀ ਨਾਲ ਲੜਣ ਦਾ ਇਹੀ ਇਕੋ-ਇਕ ਉਪਾਅ ਹੈ।

ਸਕੂਲ ਬੰਦ ਹੋ ਜਾਣ ਕਾਰਨ ਵਿਦਿਆਰਥੀਆਂ ਨੂੰ ਘਰ ਦਾ ਕੰਮ ਦੇਣ ਵਾਲਾ ਕੋਈ ਅਧਿਆਪਕ ਉਪਲਬਧ ਨਹੀਂ ਰਿਹਾ। ਭਾਵੇਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਅੱਧ ਵਿਚਾਲੇ ਲਮਕ ਗਈਆਂ ਹਨ ਪਰ ਬਹੁਤੇ ਸਕੂਲਾਂ 'ਚ ਗ਼ੈਰ-ਬੋਰਡ ਜਮਾਤਾਂ ਦੇ ਪੇਪਰ ਹੋ ਚੁੱਕੇ ਹੋਣ ਕਾਰਨ ਬੱਚੇ ਪੜ੍ਹਾਈ ਪੱਖੋਂ ਵਿਹਲੇ ਹਨ। ਜੇ ਮਹਾਮਾਰੀ ਦਾ ਇਹ ਹਮਲਾ ਨਾ ਹੋਇਆ ਹੁੰਦਾ ਤਾਂ ਕਿਸੇ ਨੇ ਭੂਆ ਕੋਲ, ਕਿਸੇ ਨੇ ਮਾਮੀ-ਮਾਸੀ ਕੋਲ ਅਤੇ ਕਿਸੇ ਨੇ ਕਿਸੇ ਹੋਰ ਥਾਈਂ ਘੁੰਮਣ ਜਾਣਾ ਸੀ। ਜੇ ਕਿਸੇ ਨੇ ਖੁਦ ਕਿਤੇ ਨਹੀਂ ਜਾਣਾ ਸੀ ਤਾਂ ਕਿਸੇ ਰਿਸ਼ਤੇਦਾਰ ਦੇ ਨਿਆਣਿਆਂ ਨੇ ਉਨ੍ਹਾਂ ਦੇ ਘਰ ਆ ਕੇ ਰੌਣਕਾਂ ਲਾਉਣੀਆਂ ਸਨ। ਬਦਲੇ ਹਾਲਾਤਾਂ ਦੀ ਕਿਸੇ ਨੂੰ ਅਗਾਊਂ ਭਿਣਕ ਨਾ ਹੋਣ ਕਾਰਨ ਮਾਮਲਾ ਉਲਝ ਜਿਹਾ ਗਿਆ ਹੈ। ਘਰਾਂ ਵਿਚ ਬੰਦ ਬੈਠੇ ਕਈ ਵਿਦਿਆਰਥੀ ਤਾਂ ਬੁਰੀ ਤਰ੍ਹਾਂ ਅੱਕ ਗਏ ਹਨ। ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਮਾਪਿਆਂ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਕੀਤਾ ਜਾਵੇ।

ਪੜ੍ਹੋ ਇਹ ਖਬਰ ਵੀ - ਕਰਫਿਊ ਦੌਰਾਨ ਲੋਕ ਘਰਾਂ ‘ਚ ਰਹਿ ਕੇ ਅੱਕੇ ਪਰ ਸੋਸ਼ਲ ਮੀਡੀਆ ਦੀ ਕਰ ਰਹੇ ਹਨ ਸੁਚੱਜੀ ਵਰਤੋਂ      

PunjabKesari

ਭਾਵੇਂ ਮਾਪੇ ਆਪੋ-ਆਪਣੇ ਪੱਧਰ 'ਤੇ ਬੱਚਿਆਂ ਨੂੰ ਰੁਝਾ ਕੇ ਰੱਖਣ ਦੇ ਉਪਰਾਲੇ ਕਰ ਰਹੇ ਹਨ ਪਰ ਸਕੂਲ ਇਸ ਮਾਮਲੇ ਵਿਚ ਬਹੁਤ ਵੱਡੀ ਭੂਮਿਕਾ ਅਦਾ ਕਰ ਸਕਦੇ ਹਨ। ਹਾਂ, ਸਕੂਲਾਂ ਦੀ ਇਹ ਭੂਮਿਕਾ ਤਾਂ ਹੀ ਸਾਰਥਕ ਹੋ ਸਕਦੀ ਹੈ, ਜੇਕਰ ਸਕੂਲ ਮੁਖੀ ਪੂਰੀ ਯੋਜਨਾਬੰਦੀ ਕਰਕੇ ਪ੍ਰੋਗਰਾਮ ਬਣਾਉਣ ਅਤੇ ਲਾਗੂ ਕਰਨ, ਨਹੀਂ ਤਾਂ ਕੋਈ ਵਿਰਲਾ ਅਧਿਆਪਕ ਹੀ ਆਪਣੇ ਪੱਧਰ ’ਤੇ ਛੋਟੀ-ਮੋਟੀ ਕੋਸ਼ਿਸ਼ ਕਰ ਸਕੇਗਾ। ਜਦੋਂ ਤੱਕ ਸਰਕਾਰ ਸਕੂਲਾਂ ਨੂੰ ਅਲਹਿਦਗੀ ਵਾਰਡ ਬਣਾਉਣ ਲਈ ਵਰਤੇਗੀ ਤਦ ਤੱਕ ਸਕੂਲ ਮੁਖੀ ਆਪਣੀ ਯੋਗ ਅਗਵਾਈ ਦੀ ਵਰਤੋਂ ਕਰਕੇ ਅਧਿਆਪਕਾਂ ਨੂੰ ਪ੍ਰੇਰਿਤ ਕਰਕੇ ਅਹਿਮ ਉਪਰਾਲੇ ਕਰ ਸਕਦੇ ਹਨ। ਸਕੂਲ ਮੁਖੀ ਦੇ ਉਪਰਾਲਿਆਂ ਦੇ ਬੇਅਸਰ ਰਹਿ ਜਾਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹੁੰਦੀਆਂ ਹਨ।  ਸਕੂਲ ਮੁਖੀ ਨੂੰ ਚਾਹੀਦਾ ਹੈ ਕਿ ਉਹ ਇਕ ਸਮਾਂ-ਸਾਰਨੀ ਬਣਾਵੇ, ਜਿਸ ਵਿਚ ਹਰ ਜਮਾਤ ਅਤੇ ਵਿਸ਼ੇ ਲਈ ਇਕ ਸਮਾਂ ਮਿੱਥਿਆ ਜਾਵੇ। ਸਮਾਂ-ਸਾਰਨੀ ਅਨੁਸਾਰ ਉਸ ਵਿਸ਼ੇ ਦੇ ਅਧਿਆਪਕ ਬੱਚਿਆਂ ਲਈ ਫੋਨ 'ਤੇ ਉਪਲੱਬਧ ਰਹਿਣ ਅਤੇ ਬੱਚੇ ਕੋਈ ਵੀ ਨੁਕਤਾ ਅਧਿਆਪਕਾਂ ਨਾਲ ਸਾਂਝਾ ਕਰ ਸਕਣ। ਸਬੰਧਤ ਵਿਸ਼ੇ ਦੇ ਸਾਰੇ ਸ਼ੰਕੇ ਸਮਾਂ ਅਵਧੀ ਦੌਰਾਨ ਅਧਿਆਪਕ ਦੂਰ ਕਰ ਸਕਦਾ ਹੈ, ਜਿਸ ਨਾਲ ਉਤਸ਼ਾਹਿਤ ਕਰਦੇ ਹੋਏ ਵਿਦਿਆਰਥੀਆਂ ਨੂੰ ਹੋਰ ਅੱਗੇ ਪੜ੍ਹਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ।

ਪੜ੍ਹੋ ਇਹ ਖਬਰ ਵੀ -  ਕਰਫਿਊ ’ਚ ਮਾਂ-ਬਾਪ ਨੂੰ ਯਾਦ ਕਰਦੀ ਧੀ ਨੇ ਕੀਤੀ ‘ਦੁਨੀਆ ਦੇ ਤੰਦਰੁਸਤ ਰਹਿਣ ਦੀ ਅਰਦਾਸ’ 

ਸਕੂਲ ਮੁਖੀ ਫੋਨ 'ਤੇ ਅਧਿਆਪਕਾਂ ਨੂੰ ਪ੍ਰੇਰਿਤ ਕਰ ਸਕਦਾ ਹੈ ਕਿ ਹੈ ਕਿ ਉਹ ਵਿਦਿਆਰਥੀਆਂ ਨਾਲ ਰਾਬਤਾ ਕਾਇਮ ਕਰਨ। ਇਸ ਸਦਕਾ ਉਹ ਉਨ੍ਹਾਂ ਨੂੰ ਵਿਹਲੇ ਸਮੇਂ ਪੜ੍ਹੀਆਂ ਜਾ ਸਕਣ ਵਾਲੀਆਂ ਪੁਸਤਕਾਂ ਬਾਰੇ, ਨੇੜਲੇ ਭਵਿੱਖ ਵਿਚ ਆ ਰਹੀਆਂ ਮੁਕਾਬਲਾ ਪ੍ਰੀਖਿਆਵਾਂ ਬਾਰੇ ਅਤੇ ਕਿੱਤਾ ਅਗਵਾਈ ਸਬੰਧੀ ਹੋਰ ਬਣਦੀ ਜਾਣਕਾਰੀ ਦੇਣ। ਇਸ ਸਬੰਧੀ ਹੋਰ ਸੁਝਾਅ ਦੇਣ ਲਈ ਉਹ ਆਪਣੇ ਸਟਾਫ ਨੂੰ ਵੀ ਅਪੀਲ ਕਰ ਸਕਦਾ ਹੈ, ਕਿਉਂਕਿ ਇਕ ਇਕੱਲਾ ਅਤੇ ਦੋ ਗਿਆਰਾਂ ਮੰਨੇ ਗਏ ਹਨ। ਇਸ ਸਲਾਹ-ਮਸ਼ਵਰੇ ਦੇ ਆਧਾਰ 'ਤੇ ਗਤੀਵਿਧੀਆਂ ਦੀ ਸੂਚੀ ਬਣਾਈ ਜਾ ਸਕਦੀ ਹੈ। ਸਕੂਲ ਮੁਖੀ ਆਪਣੇ ਸਟਾਫ ਨਾਲ ਸਲਾਹ ਮਸ਼ਵਰਾ ਕਰਕੇ ਕੁਝ ਮੁਕਾਬਲਿਆਂ ਦੀ ਘੋਸ਼ਣਾ ਵੀ ਕਰ ਸਕਦਾ ਹੈ, ਜਿਵੇਂ - ਚਿੱਤਰਕਲਾ ਮੁਕਾਬਲੇ, ਸੁੰਦਰ ਲਿਖਾਈ ਮੁਕਾਬਲੇ, ਮੂਰਤੀ ਕਲਾ ਮੁਕਾਬਲੇ, ਭਾਸ਼ਣ ਦੀ ਤਿਆਰੀ, ਘਰ ਪਏ ਸਾਮਾਨ ਤੋਂ ਸਜਾਵਟੀ ਵਸਤਾਂ ਤਿਆਰ ਕਰਨ ਦੇ ਮੁਕਾਬਲੇ ਅਤੇ ਭਿੰਨ-ਭਿੰਨ ਵਿਸ਼ਿਆਂ ਨਾਲ ਜੁੜੇ ਹੋਏ ਵਰਕਿੰਗ ਜਾਂ ਸਟਿੱਲ ਮਾਡਲ ਬਣਾਉਣ ਦੇ ਮੁਕਾਬਲੇ। ਵਿਦਿਆਰਥੀ ਲਾਕਡਾਊਨ ਦੇ ਸਮੇਂ ਆਪਣੀ ਇਸ ਤਰ੍ਹਾਂ ਦੀ ਤਿਆਰੀ ਕਰਕੇ ਰੱਖਣ ਕਿ ਜਿਸ ਦਿਨ ਵੀ ਉਨ੍ਹਾਂ ਦੇ ਸਕੂਲ ਖੁੱਲ੍ਹਣ, ਉਹ ਆਪਣੀਆਂ ਕਿਰਤਾਂ/ਪੇਸ਼ਕਾਰੀਆਂ ਦਾ ਚੰਗਾ ਪ੍ਰਦਰਸ਼ਨ ਕਰ ਸਕਣ। 

ਕੋਰੋਨਾ ਵਿਸ਼ਾਣੂ ਬਾਰੇ ਸੁੰਦਰ ਲਿਖਾਈ ਦੀਆਂ ਸ਼ੀਟਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਅਖਬਾਰੀ ਕਟਿੰਗਾਂ ਕੱਟ ਕੇ ਚਾਰਟ ਤਿਆਰ ਕੀਤੇ ਜਾ ਸਕਦੇ ਹਨ, ਜਿਨ੍ਹਾਂ ਵਿਚ ਕੋਵਿਡ ਵਿਸ਼ਾਣੂ ਦੇ ਗੁਣ, ਫੈਲਣ ਦੇ ਤਰੀਕੇ, ਸਾਵਧਾਨੀਆਂ, ਮਹਾਮਾਰੀ ਦਾ ਆਪਣੇ ਸੂਬੇ, ਮੁਲਕ ਅਤੇ ਸੰਸਾਰ ਵਿਚ ਪ੍ਰਕੋਪ ਅਤੇ ਇਸ ਨਾਲ ਜੁੜੇ ਹੋਰ ਮੁੱਦੇ ਉਭਾਰਣ। ਕੋਵਿਡ ਵਿਸ਼ਾਣੂ ਦੇ ਤ੍ਰੈ-ਵਿਮੀ ਮਾਡਲ ਵੀ ਬਣਾਏ ਜਾ ਸਕਦੇ ਹਨ। ਘਰ ਪਏ ਸਾਮਾਨ ਦੀ ਸੰਜਮੀ ਵਰਤੋਂ ਕਰਕੇ ਕਰਫਿਊ ਦੌਰਾਨ ਬਾਜ਼ਾਰ ਜਾਣ ਦੀ ਲੋੜ ਘੱਟ ਕਰਨਾ, ਸੈਨੇਟਾਈਜ਼ਰ ਘਰ ਤਿਆਰ ਕਰਨਾ, ਬੀਮਾਰੀਆਂ ਨਾਲ ਲੜਣ ਲਈ ਹੌਂਸਲੇ ਅਤੇ ਸੰਤੁਲਿਤ ਭੋਜਨ ਦੀ ਵਰਤੋਂ ਕਰਨ ਦੀ ਮਹੱਤਤਾ, ਸੰਕ੍ਰਮਣ ਤੋਂ ਬਚਣ ਲਈ ਹੱਥ ਕਿਵੇਂ ਧੋਤੇ ਜਾਣ, ਸਵੈ-ਅਲਿਹੰਦਗੀ ਕਿਵੇਂ ਰੱਖੀ ਜਾ ਸਕਦੀ ਹੈ। ਘਰ ਜਾਂ ਗੁਆਂਢ ਵਿਚ ਕਿਸੇ ਨੂੰ ਕੋਰੋਨਾ ਹੋ ਜਾਣ 'ਤੇ ਆਪਣਾ ਬਚਾਅ ਕਿਵੇਂ ਕੀਤਾ ਜਾਵੇ ਦੇ ਨਾਲ-ਨਾਲ ਸਵੈ-ਅਲਿਹਦਗੀ ਵਿਚ ਰੱਖੇ ਗਏ ਗੁਆਂਢੀ ਪ੍ਰਤੀ ਵਤੀਰਾ ਕਿਹੋ ਜਿਹਾ ਹੋਣਾ ਚਾਹੀਦਾ ਹੈ। ਅਜਿਹੇ ਸਮੇਂ ਕੋਰੋਨਾ ਕਾਰਨ ਅਫਵਾਹਾਂ ਕਿਵੇਂ ਫੈਲਦੀਆਂ ਹਨ, ਅਫਵਾਹਾਂ ਅਤੇ ਸਹੀ ਸੂਚਨਾ ਵਿਚ ਅੰਤਰ ਕਿਵੇਂ ਕਰਨਾ ਹੈ ਆਦਿ ਕਈ ਮੁੱਦੇ ਹੋ ਸਕਦੇ ਹਨ, ਜਿਨ੍ਹਾਂ 'ਤੇ ਵਿਦਿਆਰਥੀ ਭਾਸ਼ਣ, ਸੁੰਦਰ ਲਿਖਾਈ 'ਚ ਲੇਖ, ਮਾਡਲ, ਚਾਰਟ ਆਦਿ ਤਿਆਰ ਕਰ ਸਕਦੇ ਹਨ।

ਪੜ੍ਹੋ ਇਹ ਖਬਰ ਵੀ -  ਸ੍ਰੀ ਹਜ਼ੂਰ ਸਾਹਿਬ ’ਚ ਫਸੇ ਸ਼ਰਧਾਲੂਆਂ ਦੀ ਵਾਪਸੀ ਲਈ ਸੰਨੀ ਦਿਓਲ ਨੇ ਚੁੱਕਿਆ ਬੀੜਾ      

ਘਰ ’ਚ ਵਰਤੇ ਨਾ ਜਾਣ ਵਾਲੇ ਸਾਮਾਨ ਤੋਂ ਸਜਾਵਟੀ ਆਈਟਮਾਂ, ਭਿੰਨ-ਭਿੰਨ ਵਿਸ਼ਿਆਂ ਨਾਲ ਸਬੰਧਤ ਵਰਕਿੰਗ/ਸਟਿੱਲ, ਮਾਡਲਜ਼, ਪੇਪਰ ਮੈਸ਼ੀ ਮਾਡਲ, ਸੀਟੀਆਂ, ਫਿਰਕੀਆਂ, ਭੰਬੀਰੀਆਂ ਆਦਿ ਬਣਾਉਣ ਦੀਆਂ ਗਤੀਵਿਧੀਆਂ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਆ ਜਾ ਸਕਦਾ ਹੈ। ਇਸ ਨਾਲ ਬੱਚੇ ਖੇਡ-ਖੇਡ ਵਿਚ ਵਿਗਿਆਨ ਵੀ ਸਿੱਖ ਜਾਣਗੇ ਅਤੇ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਹੋ ਜਾਣਗੇ। ਸਕੂਲ ਖੁਲ੍ਹਣ ਉਪਰੰਤ ਇਹੀ ਮਾਡਲ ਲੈਬਾਰਟਰੀਆਂ/ਕਾਰਨਰਾਂ
ਦਾ ਸ਼ਿੰਗਾਰ ਬਣ ਸਕਦੇ ਹਨ। ਸਕੂਲ ਮੁਖੀ ਆਪਣੇ ਸਟਾਫ ਲਈ ਅਜਿਹੀਆਂ ਪ੍ਰਤੀਯੋਗਤਾਵਾਂ ਦੀ ਘੋਸ਼ਣਾ ਕਰ ਸਕਦਾ ਹੈ। ਸਕੂਲ ਖੁੱਲ੍ਹਣ ਦੇ ਪਹਿਲੇ ਦਿਨ ਉਹ ਆਪਣੀਆਂ ਪੇਸ਼ਕਾਰੀਆਂ ਸਭ ਦੇ ਸਾਹਮਣੇ ਪੇਸ਼ ਕਰਨ। ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਨਾਮ ਦੇ ਕੇ ਸਵੇਰ ਦੀ ਸਭਾ ਵਿਚ ਸਨਮਾਨਿਤ ਕੀਤਾ ਜਾ ਸਕਦਾ ਹੈ। ਇਸ ਨਾਲ ਸਭਨਾ ਦੇ ਮਨਾਂ ਵਿਚ ਪਹਿਲਾਂ ਨਾਲੋ ਜ਼ਿਆਦਾ ਉਤਸ਼ਾਹ ਪੈਦਾ ਹੋਵੇਗਾ। ਸਕੂਲ ਮੁਖੀ ਟੈਲੀਫੋਨ 'ਤੇ ਖੁਦ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕਰ ਸਕਦਾ ਹੈ। ਉਹ ਅਧਿਆਪਕਾਂ ਨੂੰ ਅਜਿਹਾ ਕਰਨ ਲਈ ਕਹਿ ਸਕਦਾ ਹੈ।

ਪੰਜਾਬ ਦੇ ਸਾਰੇ ਸਕੂਲਾਂ ਵਿਚ ਇਸ ਸਮੇਂ ਅਧਿਆਪਕਾਂ ਨੇ ਸ਼ੋਸ਼ਲ ਸਾਈਟਸ ਗਰੁੱਪਾਂ ਰਾਹੀਂ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਨਾਲ ਜੋੜਿਆ ਹੋਇਆ ਹੈ। ਇਨ੍ਹਾਂ ਗਰੁੱਪਾਂ ਦੀ ਵਰਤੋਂ ਕਰਕੇ ਘਰ ਬੈਠਿਆਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪੜ੍ਹਾਈ ਅਤੇ ਸਬੰਧਤ ਗਤੀਵਿਧੀਆਂ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਫੀਡਬੈਕ ਲਈ ਜਾਵੇ। ਸਕੂਲ਼ ਮੁਖੀ ਸ਼ਾਮ ਵੇਲੇ ਚੋਣਵੇਂ ਵਿਦਿਆਰਥੀਆਂ ਨਾਲ ਖੁਦ ਗੱਲਬਾਤ ਕਰਕੇ ਉਨ੍ਹਾਂ ਨੂੰ ਹੋਰ ਜਾਣਕਾਰੀ ਅਤੇ ਉਤਸ਼ਾਹਿਤ ਕਰ ਸਕਦਾ ਹੈ। ਅਜਿਹਾ ਕਰਨ ’ਤੇ ਵਿਦਿਆਰਥੀਆਂ ਦੇ ਮਾਪੇ ਖੁਸ਼ ਰਹਿਣਗੇ, ਜਿਸ ਸਦਕਾ ਸਰਕਾਰ ਦਾ ਸਹਿਯੋਗ ਹੋਣ ਦੇ ਨਾਲ-ਨਾਲ ਸਿਹਤਯਾਬੀ ਜਲਦੀ ਹੋਵੇਗੀ। ਅਜਿਹੇ ਅਧਿਆਪਕ ਅਤੇ ਸਕੂਲ਼ ਮੁਖੀ ਰਹਿੰਦੇ ਸਮੇਂ ਤੱਕ ਆਪਣੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਦਿਲਾਂ 'ਚ ਰਾਜ ਕਰਨਗੇ।

ਡਾ. ਸੁਰਿੰਦਰ ਕੁਮਾਰ ਜਿੰਦਲ,
ਮੋਹਾਲੀ (98761-35823)
ਮੇਲ - drskjindal123@gmail.com


author

rajwinder kaur

Content Editor

Related News