ਕੋਰੋਨਾ ਦੇ ਮਾਮਲੇ ਘਟੇ ਪਰ ਲੋਕਾਂ ਦੀ ਲਾਪ੍ਰਵਾਹੀ ਵਧੀ

Monday, Aug 23, 2021 - 04:01 PM (IST)

ਲੁਧਿਆਣਾ (ਜ.ਬ.) : ਮਹਾਨਗਰ ’ਚ ਕੋਰੋਨਾ ਦੇ ਮਾਮਲਿਆਂ ਦੀ ਰਫਤਾਰ ਬੇਹੱਦ ਘੱਟ ਸਾਹਮਣੇ ਆ ਰਹੀ ਹੈ ਪਰ ਇਸ ਦੇ ਉਲਟ ਲੋਕਾਂ ਦੀਆਂ ਲਾਪ੍ਰਵਾਹੀਆਂ ਵਧਦੀਆਂ ਜਾ ਰਹੀਆਂ ਹਨ। ਲੋਕਾਂ ਨੇ ਮਾਸਕ ਲਗਾਉਣਾ ਘੱਟ ਕਰ ਦਿੱਤਾ ਹੈ। ਸਮਾਜਿਕ ਦੂਰੀ ਦੀ ਗੱਲ ਹੁਣ ਪੁਰਾਣੀ ਹੋ ਗਈ ਲੱਗਦੀ ਹੈ ਪਰ ਮਾਹਿਰ ਵਾਰ-ਵਾਰ ਲੋਕਾਂ ਨੂੰ ਚਿਤਾਵਨੀ ਦੇ ਰਹੇ ਹਨ ਕਿ ਉਹ ਇਸ ਤਰ੍ਹਾਂ ਲਾਪ੍ਰਵਾਹੀ ਨਾ ਕਰਨ ਕਿਉਂਕਿ ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਦਾ ਖਤਰਾ ਬਰਕਰਾਰ ਹੈ ਪਰ ਜ਼ਿਆਦਾਤਰ ਲੋਕ ਦੂਜੀ ਲਹਿਰ ਨੂੰ ਫਿਰ ਤੋਂ ਵਾਪਸ ਬੁਲਾਉਣ ਦਾ ਯਤਨ ਕਰ ਰਹੇ ਹਨ। ਮਹਾਨਗਰ ’ਚ ਅੱਜ ਕੋਰੋਨਾ ਵਾਇਰਸ ਦੇ 4 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਦਕਿ 8 ਮਰੀਜ਼ਾਂ ਨੂੰ ਅੱਜ ਠੀਕ ਹੋਣ ਦੇ ਉਪਰੰਤ ਡਿਸਚਾਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ :  ਜੇਲ੍ਹ ’ਚ ਬੰਦ ਭਰਾਵਾਂ ਦੇ ਗੁੱਟ ’ਤੇ ਨਹੀਂ ਬੰਨ੍ਹ ਸਕੀਆਂ ਭੈਣਾਂ ਆਪਣੇ ਹੱਥਾਂ ਨਾਲ ਰੱਖੜੀ

ਸਿਹਤ ਅਧਿਕਾਰੀਆਂ ਅਨੁਸਾਰ ਇਨ੍ਹਾਂ 4 ਪਾਜ਼ੇਟਿਵ ਮਰੀਜ਼ਾਂ ਨਾਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 87,456 ਹੋ ਗਈ ਹੈ। ਇਨ੍ਹਾਂ ’ਚੋਂ 85,314 ਲੋਕ ਠੀਕ ਹੋ ਚੁੱਕੇ ਹਨ। ਇਸੇ ਤਰ੍ਹਾਂ ਦੂਜੇ ਜ਼ਿਲਿਆਂ ਅਤੇ ਸੂਬਿਆਂ ਦੇ ਮਰੀਜ਼ਾਂ ’ਚ 11,650 ਮਰੀਜ਼ ਪਾਜ਼ੇਟਿਵ ਹੋ ਚੁੱਕੇ ਹਨ। ਜ਼ਿਲ੍ਹੇ ’ਚ ਜਿੱਥੇ 2095 ਲੋਕ ਕੋਰੋਨਾ ਕਾਰਨ ਅਣਆਈ ਮੌਤ ਦਾ ਸ਼ਿਕਾਰ ਹੋਏ, ਉਥੇ ਬਾਹਰੀ ਮਰੀਜ਼ਾਂ ’ਚੋਂ ਵੀ 1048 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਐਕਟਿਵ ਮਰੀਜ਼ਾਂ ਦੀ ਗਿਣਤੀ 47 ਹੋਈ, 10 ਮਰੀਜ਼ ਹਸਪਤਾਲ ’ਚ ਜ਼ੇਰੇ ਇਲਾਜ
ਜ਼ਿਲ੍ਹੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 47 ਰਹਿ ਗਈ ਹੈ। ਇਨ੍ਹਾਂ ’ਚੋਂ 10 ਮਰੀਜ਼ ਵੱਖ-ਵੱਖ ਹਸਪਤਾਲਾਂ ਵਿਚ ਜ਼ੇਰੇ ਇਲਾਜ ਹਨ। ਇਨ੍ਹਾਂ ਮਰੀਜ਼ਾਂ ’ਚ 6 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦਕਿ 4 ਦੂਜੇ ਜ਼ਿਲ੍ਹਿਆਂ ਆਦਿ ਨਾਲ ਸਬੰਧਤ ਹਨ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਹੋਮ ਆਈਸੋਲੇਸ਼ਨ ’ਚ 41 ਪਾਜ਼ੇਟਿਵ ਮਰੀਜ਼ ਰਹਿ ਰਹੇ ਹਨ।

ਇਹ ਵੀ ਪੜ੍ਹੋ : ਕਾਦੀਆਂ ਚ ਮੁਸਲਿਮ ਔਰਤਾਂ ਨੇ ਫ਼ਤਿਹਜੰਗ ਬਾਜਵਾ ਨੂੰ ਬੰਨ੍ਹੀ ਰੱਖੜੀ, ਭਾਈਚਾਰੇ ਦੀ ਮਿਸਾਲ ਕੀਤੀ ਕਾਇਮ

8681 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ
ਜ਼ਿਲ੍ਹੇ ’ਚ ਅੱਜ 8681 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ’ਚੋਂ 7924 ਸੈਂਪਲ ਸਿਹਤ ਵਿਭਾਗ ਵੱਲੋਂ, ਜਦਕਿ 758 ਸੈਂਪਲ ਨਿੱਜੀ ਹਸਪਤਾਲਾਂ ਅਤੇ ਲੈਬਜ਼ ਵੱਲੋਂ ਲਏ ਗਏ। ਅਧਿਕਾਰੀਆਂ ਅਨੁਸਾਰ ਇਨ੍ਹਾਂ ਸੈਂਪਲਾਂ ਦੀ ਰਿਪੋਰਟ ਕੱਲ ਤੱਕ ਆਉਣ ਦੀ ਉਮੀਦ ਹੈ।

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News