ਲੁਧਿਆਣਾ ਜ਼ਿਲ੍ਹੇ ’ਚ ਕੋਰੋਨਾ ਦੇ ਕੇਸ ਲੱਗੇ ਘਟਣ, ਸਾਰੇ ਜ਼ਿਲ੍ਹਿਆਂ ਨੂੰ ਮਿਲਣ ਲੱਗੀ ਰਾਹਤ

Friday, Oct 09, 2020 - 02:36 AM (IST)

ਲੁਧਿਆਣਾ ਜ਼ਿਲ੍ਹੇ ’ਚ ਕੋਰੋਨਾ ਦੇ ਕੇਸ ਲੱਗੇ ਘਟਣ, ਸਾਰੇ ਜ਼ਿਲ੍ਹਿਆਂ ਨੂੰ ਮਿਲਣ ਲੱਗੀ ਰਾਹਤ

ਲੁਧਿਆਣਾ, (ਸਹਿਗਲ)- ਪੰਜਾਬ ਵਿਚ ਕੋਰੋਨਾ ਦੇ ਮਰੀਜ਼ਾਂ ਵਿਚ ਪਹਿਲਾਂ ਤੋਂ ਕਾਫੀ ਕਮੀ ਆਈ ਹੈ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਨੂੰ ਇਸ ਮਹਾਮਾਰੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ। ਅਗਲੇ 24 ਘੰਟਿਆਂ ਦੌਰਾਨ ਪੰਜਾਬ ਵਿਚ 930 ਪਾਜ਼ੇਟਿਵ ਮਰੀਜ਼ ਸਾਹਮਣੇ ਆਏ। ਇਨ੍ਹਾਂ ਵਿਚੋਂ 29 ਮਰੀਜ਼ਾਂ ਦੀ ਮੌਤ ਹੋ ਗਈ। ਹੁਣ ਤੱਕ ਸੂਬੇ ਵਿਚ 1,21,716 ਕੋਰੋਨਾ ਵਾਇਰਸ ਦੇ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 3741 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਸੂਬੇ ਦੇ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਲਗਭਗ ਸਾਰੇ ਜ਼ਿਲਿਆਂ ਵਿਚ ਕੋਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਵਿਚ ਕਮੀ ਆਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵੀ ਪਹਿਲਾਂ ਤੋਂ ਘੱਟ ਹੋਈ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਜ਼ਿਲਿਆਂ ਵਿਚ ਅਜੇ ਵੀ 228 ਮਰੀਜ਼ ਆਕਸੀਜ਼ਨ ਸਪੋਰਟ ’ਤੇ ਹਨ, ਜਦੋਂਕਿ 53 ਮਰੀਜ਼ ਵੈਂਟੀਲੇਟਰ ’ਤੇ। ਡਾ. ਭਾਸਕਰ ਮੁਤਾਬਕ ਸੂਬੇ ਵਿਚ ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਣ ਦਾ ਕੰਮ ਜਾਰੀ ਹੈ। ਅੱਜ ਵੀ 27940 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ 29 ਵਿਅਕਤੀਆਂ ਦੀ ਅੱਜ ਮੌਤ ਹੋਈ ਹੈ। ਉਨ੍ਹਾਂ ਵਿਚ ਫਰੀਦਕੋਟ ਵਿਚ 5, ਗੁਰਦਾਸਪੁਰ ਵਿਚ 3, ਜਲੰਧਰ ਵਿਚ 3, ਬਰਨਾਲਾ, ਫਿਰੋਜ਼ਪੁਰ, ਕਪੂਰਥਲਾ, ਲੁਧਿਆਣਾ, ਪਟਿਆਲਾ ਅਤੇ ਰੋਪੜ ਵਿਚ 2-2 ਅੰਮ੍ਰਿਤਸਰ, ਫਤਹਿਗੜ੍ਹ ਸਾਹਿਬ, ਫਾਜ਼ਿਲਕਾ, ਮਾਨਸਾ, ਪਠਾਨਕੋਟ ਅਤੇ ਤਰਨਤਾਰਨ ਵਿਚ 1-1 ਮਰੀਜ਼ ਦੀ ਮੌਤ ਹੋਈ ਹੈ।੍

ਜ਼ਿਲ੍ਹੇ ’ਚ 104 ਮਰੀਜ਼ ਆਏ ਪਾਜ਼ੇਟਿਵ, 6 ਮੌਤਾਂ
ਅੱਜ 104 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਦੋਂਕਿ 6 ਮਰੀਜ਼ਾਂ ਦੀ ਅੱਜ ਮੌਤ ਹੋਈ ਹੈ। ਇਨ੍ਹਾਂ ਮਰੀਜ਼ਾਂ ’ਚ 89 ਮਰੀਜ਼ ਜ਼ਿਲੇ ਨਾਲ ਸਬੰਧਤ ਹਨ, ਜਦੋਂਕਿ 15 ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਸਨ, ਜਿਨ੍ਹਾਂ 6 ਮਰੀਜ਼ਾਂ ਦੀ ਅੱਜ ਮੌਤ ਹੋਈ, ਉਨ੍ਹਾਂ ਵਿਚ 2 ਲੁਧਿਆਣਾ ਅਤੇ 4 ਹੋਰ ਮਰੀਜ਼ਾਂ ’ਚੋਂ ਇਕ ਫਾਜ਼ਿਲਕਾ ਅਤੇ ਤਿੰਨ ਜੰਮੂ ਅਤੇ ਕਸ਼ਮੀਰ ਰਾਜ ਦੇ ਰਹਿਣ ਵਾਲੇ ਸਨ। ਹੁਣ ਤੱਕ ਮਹਾਨਗਰ ਵਿਚ 18,942 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 790 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੂਜੇ ਜ਼ਿਲਿਆਂ ਤੋਂ ਇਲਾਜ ਕਰਵਾਉਣ ਲਈ ਇਥੇ ਆਏ। ਮਰੀਜ਼ਾਂ ’ਚੋਂ 2429 ਮਰੀਜ਼ ਕੋਰੋਨਾ ਤੋਂ ਪੀੜਤ ਪਾਏ ਗਏ, ਜਦੋਂਕਿ ਇਨ੍ਹਾਂ ’ਚੋਂ 281 ਮਰੀਜ਼ਾਂ ਦੀ ਮੌਤ ਹੋ ਗਈ। ਅੱਜ ਸਾਹਮਣੇ ਆਏ ਮੀਰਜ਼ਾਂ ’ਚੋਂ ਸਿਰਫ 4 ਮਰੀਜ਼ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ ਪਾਜ਼ੇਟਿਵ ਹੋਏ। ਇਸ ਤੋਂ ਇਲਾਵਾ 30 ਮਰੀਜ਼ ਓ. ਪੀ. ਡੀ. ਵਿਚ ਸਾਹਮਣੇ ਆਏ। ਇਨ੍ਹਾਂ ਮਰੀਜ਼ਾਂ ਵਿਚ 2 ਪੁਲਸ ਮੁਲਾਜ਼ਮ, 5 ਹੈਲਥ ਕੇਅਰ ਵਰਕਰ ਅਤੇ ਦੋ ਗਰਭਵਤੀ ਔਰਤਾਂ ਵੀ ਸ਼ਾਮਲ ਹਨ।

4201 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਜ਼ਿਲਾ ਸਿਹਤ ਵਿਭਾਗ ਨੇ ਅੱਜ 4201 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ। ਸਿਵਲ ਸਰਜ਼ਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ 1607 ਸੈਂਪਲਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 311647 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ ’ਚ 31,0040 ਸੈਂਪਲਾਂ ਦੀ ਰਿਪੋਰਟ ਉਨ੍ਹਾਂ ਨੂੰ ਮਿਲੀ ਹੈ, ਜਿਸ ਵਿਚੋਂ 288669 ਵਿਅਕਤੀਆਂ ਦੇ ਸੈਂਪਲ ਨੈਗੇਟਿਵ ਆਏ ਹਨ।

152 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ

ਸਿਵਲ ਸਰਜਨ ਨੇ ਦੱਸਿਆ ਕਿ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਨੇ ਸਕ੍ਰੀਨਿੰਗ ਉਪਰੰਤ 152 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ ਹੈ। ਮੌਜੂਦਾ ਵਿਚ 2443 ਵਿਅਕਤੀ ਹੋਮ ਆਈਸੋਲੇਸ਼ਨ ਵਿਚ ਰਹਿ ਗਏ ਹਨ।

ਮ੍ਰਿਤਕ ਮਰੀਜ਼ਾਂ ਦਾ ਵੇਰਵਾ

ਇਲਾਕਾ        ਉਮਰ/ਲਿੰਗ        ਹਸਪਤਾਲ

ਜਨਤਾ ਨਗਰ        64 ਸਾਲਾ ਪੁਰਸ਼        ਐੱਸ. ਪੀ. ਐੱਸ.

ਬਸੰਤ ਐਨਕਲੇਵ        73 ਸਾਲਾ ਪੁਰਸ਼        ਵਰਧਮਾਨ ਹਪਤਸਾਲ ਪਟਿਆਲਾ

ਡੇਂਗੂ ਦੇ 2 ਮਰੀਜ਼ਾਂ ਦੀ ਮੌਤ, 54 ਨਵੇਂ ਕੇਸ ਆਏ ਸਾਹਮਣੇ

ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 1500 ਦੇ ਕਰੀਬ ਪੁੱਜੀ

ਲੁਧਿਆਣਾ, (ਸਹਿਗਲ)-ਮਹਾਨਗਰ ’ਚ ਡੇਂਗੂ ਨਾਲ 2 ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਇਕ ਮਰੀਜ਼ ਐੱਸ. ਪੀ. ਐੱਸ. ਹਸਪਤਾਲ ਵਿਚ ਭਰਤੀ ਸੀ, ਜਿਸ ਦੀ ਬੀਤੀ ਰਾਤ ਡੇਂਗੂ ਸ਼ਾਕ ਸਿੰਡ੍ਰੋਮ ਕਾਰਨ ਮੌਤ ਹੋ ਗਈ। ਦੂਜਾ ਮਰੀਜ਼ ਯੁਵਾ ਉਦਯੋਗਪਤੀ ਦੱਸਿਆ ਜਾਂਦਾ ਹੈ, ਜੋ ਸ਼ਹਿਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਸੀ। ਹਾਲਾਂਕਿ ਸਿਹਤ ਵਿਭਾਗ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ’ਚੋਂ ਅੱਜ ਡੇਂਗੂ ਦੇ 54 ਨਵੇਂ ਮਰੀਜ਼ ਸਾਹਮਣੇ ਆਏ ਹਨ। ਮਹਾਨਗਰ ਵਿਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 1500 ਦੇ ਕਰੀਬ ਪੁੱਜ ਗਈ ਹੈ। ਸਿਹਤ ਵਿਭਾਗ ਵਿਚ ਪੁੱਜੀਆਂ ਰਿਪੋਰਟਾਂ ਦੀ ਪੁਸ਼ਟੀ ਕਰਦਿਆਂ ਜ਼ਿਲਾ ਮਲੇਰੀਆ ਅਫਸਰ ਡਾ. ਰਮੇਸ਼ ਭਗਤ ਨੇ ਦੱਸਿਆ ਕਿ ਜ਼ਿਲੇ ਵਿਚ ਡੇਂਗੂ ਦੇ 540 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂਕਿ 883 ਸ਼ੱਕ ਮਰੀਜ਼ ਹਨ, ਜਿਨ੍ਹਾਂ ਦੀ ਪੁਸ਼ਟੀ ਕ੍ਰਾਸ ਚੈਕਿੰਗ ਤੋਂ ਬਾਅਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਪਰੋਕਤ ਤੋਂ ਇਲਾਵਾ 169 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲਿਆਂ ਨਾਲ ਸਬੰਧਤ ਹਨ, ਜਦੋਂਕਿ 26 ਮਰੀਜ਼ ਦੂਜੇ ਸੂਬਿਆਂ ਤੋਂ ਇਲਾਜ ਲਈ ਸਥਾਨਕ ਹਸਪਤਾਲਾਂ ਵਿਚ ਭਰਤੀ ਹੋਏ।

ਮ੍ਰਿਤਕ ਮਰੀਜ਼ਾਂ ਦੇ ਕੇਸਾਂ ਨੂੰ ਡੈੱਥ ਰੀਵਿਊ ਕਮੇਟੀ ’ਚ ਰੱਖਿਆ ਜਾਵੇਗਾ

ਜ਼ਿਲੇ ’ਚ ਡੇਂਗੂ ਨਾਲ ਹੋਣ ਵਾਲੀਆਂ ਮੌਤਾਂ ਦੀ ਪੁਸ਼ਟੀ ਤੋਂ ਪਹਿਲਾਂ ਉਨ੍ਹਾਂ ਡੇਂਗੂ ਡੈੱਥ ਰੀਵਿਊ ਕਮੇਟੀ ’ਚ ਰੱਖਿਆ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲਾ ਮਲੇਰੀਆ ਅਫਸਰ ਨੇ ਦੱਸਿਆ ਕਿ ਰੀਵਿਊ ਕਮੇਟੀ ਦੇ ਨਤੀਜੇ ਤੋਂ ਪਹਿਲਾਂ ਕਿਸੇ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਜਾਵੇਗੀ। ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਮ੍ਰਿਤਕ ਮਰੀਜ਼ਾਂ ਵਿਚ ਚਾਰ ਅਜਿਹੇ ਮ੍ਰਿਤਕ ਮਰੀਜ਼ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਡੇਂਗੂ ਅਤੇ ਕੋਰੋਨਾ ਦੋਵਾਂ ਦੀ ਸ਼ਿਕਾਇਤ ਸੀ।


author

Bharat Thapa

Content Editor

Related News