ਕੋਰੋਨਾ ਦਾ ਕਹਿਰ ; ਭਾਰਤ ਭੂਸ਼ਣ ਆਸ਼ੂ ਦੀ ਪਤਨੀ ਨੇ ਫੇਸਬੁੱਕ ’ਤੇ ਲਾਈਵ ਹੋ ਲੋਕਾਂ ਨੂੰ ਕੀਤੀ ਅਪੀਲ
Wednesday, Apr 01, 2020 - 09:55 AM (IST)
ਲੁਧਿਆਣਾ (ਰਿਸ਼ੀ) - ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆਂ ’ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਇਰਸ ਦੀ ਲਪੇਟ ’ਚ ਬਹੁਤ ਸਾਰੇ ਲੋਕ ਆ ਚੁੱਕੇ ਹਨ ਅਤੇ ਕਈਆਂ ਦੀ ਤਾਂ ਮੌਤ ਵੀ ਹੋ ਗਈ ਹੈ। ਇਸੇ ਤਰ੍ਹਾਂ ਲੁਧਿਆਣਾ ਜ਼ਿਲੇ ਵਿਖੇ ਮਹਾਨਗਰ ਦੇ ਅਮਰਪੁਰਾ ਵਿਚ 42 ਸਾਲਾ ਔਰਤ ਦੀ ਬੀਤੇ ਦਿਨ ਕੋਰੋਨਾ ਵਾਇਰਸ ਕਾਰਣ ਮੌਤ ਹੋ ਗਈ ਸੀ। ਇਸ ਮੌਤ ਤੋਂ ਬਾਅਦ ਰਾਜ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਕੌਂਸਲਰ ਪਤਨੀ ਮਮਤਾ ਆਸ਼ੂ ਫੇਸਬੁੱਕ ’ਤੇ ਲਾਈਵ ਹੋਈ, ਜਿਸ ਦੌਰਾਨ ਉਨ੍ਹਾਂ ਲੁਧਿਆਣਵੀਆਂ ਨੂੰ ਅਹਿਮ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਬੁੱਧਵਾਰ ਵਾਲੇ ਦਿਨ ਵੀ ਕਰਫਿਊ ਦੇ ਕਾਰਨ ਸਬਜ਼ੀ ਮੰਡੀ ਬੰਦ ਰਹੇਗੀ, ਕਿਉਂਕਿ ਸਵੇਰੇ 6 ਤੋਂ 11 ਵਜੇ ਤੱਕ ਸਬਜ਼ੀ ਮੰਡੀ ਵਿਚ ਕਾਫੀ ਭੀੜ ਇਕੱਠੀ ਹੋ ਰਹੀ ਹੈ।
ਫੇਸਬੁੱਕ ’ਤੇ ਲਾਈਵ ਹੋ ਕੇ ਮਮਤਾ ਆਸ਼ੂ ਨੇ ਕਿਹਾ ਕਿ ਜੇਕਰ 1 ਦਿਨ ਕਿਸੇ ਵੀ ਲੁਧਿਆਣਵੀ ਨੂੰ ਸਬਜ਼ੀ ਦੀ ਮੁਸ਼ਕਲ ਆਉਂਦੀ ਹੈ ਤਾਂ ਉਹ ਆਪਣੇ ਪੱਧਰ ’ਤੇ ਮੈਨੇਜ ਕਰ ਕੇ ਪ੍ਰਸ਼ਾਸਨ ਦਾ ਸਾਥ ਦੇਵੇ। ਮਮਤਾ ਆਸ਼ੂ ਨੇ ਇਹ ਵੀ ਕਿਹਾ ਕਿ ਲੋਕ ਪੁਲਸ ਨੂੰ ਸਖਤੀ ਕਰਨ ਲਈ ਮਜਬੂਰ ਨਾ ਕਰਨ। ਲੋਕ ਆਪਣੇ-ਆਪਣੇ ਘਰਾਂ ਵਿਚ ਰਹਿ ਕੇ ਪ੍ਰਸ਼ਾਸਨ ਦਾ ਸਾਥ ਦੇਣ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਭਾਰਤ ਦੇ 52 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਪੰਜਾਬ ਦੇ 4 ਲੋਕਾਂ ਦੀ ਮੌਤ ਹੋਈ ਹੈ।