ਮੋਦੀ ਸਰਕਾਰ ਵਲੋਂ ਉਪਲੱਬਧ ਕਰਵਾਈ ਕੋਰੋਨਾ ਵੈਕਸੀਨ ਲਗਾ ਕੇ ਆਪਣੇ ਆਪ ਨੂੰ ਸੁਰੱਖਿਅਤ ਕਰਨ ਲੋਕ

Tuesday, Jan 17, 2023 - 04:15 PM (IST)

ਮੋਦੀ ਸਰਕਾਰ ਵਲੋਂ ਉਪਲੱਬਧ ਕਰਵਾਈ ਕੋਰੋਨਾ ਵੈਕਸੀਨ ਲਗਾ ਕੇ ਆਪਣੇ ਆਪ ਨੂੰ ਸੁਰੱਖਿਅਤ ਕਰਨ ਲੋਕ

ਗੜ੍ਹਸ਼ੰਕਰ : ਭਾਰਤੀ ਜਨਤਾ ਪਾਰਟੀ ਦੀ ਆਗੂ ਅਤੇ ਬੁਲਾਰਾ ਨਿਮਿਸ਼ਾ ਮਹਿਤਾ ਨੇ ਲੋਕਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਵਲੋਂ ਮੁਹੱਈਆ ਕਰਵਾਈ ਗਈ, ਕੋਰੋਨਾ ਵੈਕਸੀਨ ਲਗਾਉਣ ਦੀ ਅਪੀਲ ਕੀਤੀ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਭਾਰਤ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਬਿਲਕੁਲ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ, ਜਦਕਿ ਵਿਸ਼ਵ ਦੇ ਬਿਹਤਰੀਨ ਮੁਲਕਾਂ ਵਿਚ ਲੋਕਾਂ ਨੂੰ ਇਹ ਵੈਕਸੀਨ ਚੌਖੀ ਕੀਮਤ ਅਦਾ ਕਰਕੇ ਖਰੀਦ ਕੇ ਲਗਵਾਉਣੀ ਪਈ ਹੈ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਤੋਂ ਪੰਜਾਬ ਸਰਕਾਰ ਨੇ ਸਿਰਫ 50 ਹਜ਼ਾਰ ਡੋਜ਼ ਕੋਰੋਨਾ ਵੈਕਸੀਨ ਦੀ ਮੰਗੀ ਸੀ। ਜੋ ਮੋਦੀ ਸਰਕਾਰ ਵਲੋਂ ਮੁਹੱਈਆ ਕਰਵਾ ਦਿੱਤੀ ਗਈ ਹੈ। 

ਭਾਰਤੀ ਜਨਤਾ ਪਾਰਟੀ ਦੀ ਬੁਲਾਰਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਗਭਗ ਤਿੰਨ ਕਰੋੜ ਦੀ ਆਬਾਦੀ ਵਾਲੇ ਸੂਬੇ ਲਈ ਸਿਰਫ 50 ਹਜ਼ਾਰ ਵੈਕਸੀਨ ਦੀ ਮੰਗ ਕੇਂਦਰ ਸਰਕਾਰ ਤੋਂ ਕੀਤੀ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਆਮ ਲੋਕਾਂ ਦੀ ਸਿਹਤ ਨੂੰ ਲੈ ਕੇ ਕਿੰਨੀ ਕੁ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਸੀ. ਐੱਚ. ਸੀਜ਼, ਪੀ. ਐੱਚ. ਸੀਜ਼ ਵਿਚ ਇਹ ਵੈਕਸੀਨ 18 ਜਨਵਰੀ ਤੋਂ ਉਪਲੱਬਧ ਹੋ ਜਾਵੇਗੀ। ਭਾਜਪਾ ਆਗੂ ਨੇ ਕਿਹਾ ਕਿ ਬੇਸ਼ੱਕ ਵਿਸ਼ਵ ਵਿਚ ਕੋਰੋਨਾ ਦੀ ਲਹਿਰ ਫਿਰ ਤੋਂ ਸ਼ੁਰੂ ਹੋ ਗਈ ਹੈ ਪਰ ਇਸ ਦਾ ਅਸਰ ਭਾਰਤ ’ਤੇ ਘੱਟ ਰਹਿਣ ਦਾ ਮੁੱਖ ਕਾਰਣ ਮੋਦੀ ਸਰਕਾਰ ਵਲੋਂ ਲੋਕਾਂ ਦਾ ਕਰਵਾਇਆ ਗਿਆ ਮੁਫਤ ਕੋਰੋਨਾ ਟੀਕਾਕਰਣ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੋਰੋਨਾ ਦੀ ਬੂਸਟਰ ਡੋਜ਼ ਦੀ ਸਹੂਤ ਲਈ ਲੈਣੀ ਚਾਹੀਦੀ ਹੈ, ਜਿਸ ਨਾਲ ਸਾਡਾ ਸਮਾਜ ਕੋਰੋਨਾ ਤੋਂ ਸੁਰੱਖਿਅਤ ਹੋ ਜਾਵੇਗਾ।


author

Gurminder Singh

Content Editor

Related News