ਨੂਰਪੁਰਬੇਦੀ ਸ਼ਹਿਰ ''ਚ ਪਹਿਲੀ ਵਾਰ ਕੋਰੋਨਾ ਨੇ ਦਿੱਤੀ ਦਸਤਕ

Wednesday, Jul 29, 2020 - 02:44 PM (IST)

ਨੂਰਪੁਰਬੇਦੀ ਸ਼ਹਿਰ ''ਚ ਪਹਿਲੀ ਵਾਰ ਕੋਰੋਨਾ ਨੇ ਦਿੱਤੀ ਦਸਤਕ

ਨੂਰਪੁਰਬੇਦੀ (ਭੰਡਾਰੀ) : ਖੇਤਰ ਦੇ ਸਭ ਤੋਂ ਵੱਧ ਅਤੇ ਸੰਘਣੀ ਵਸੋਂ ਵਾਲੇ ਨੂਰਪੁਰਬੇਦੀ ਸ਼ਹਿਰ 'ਚ ਪਹਿਲੀ ਵਾਰ ਕੋਰੋਨਾ ਨੇ ਦਸਤਕ ਦਿੱਤੀ ਹੈ ਜਿਸ ਨਾਲ ਸ਼ਹਿਰਵਾਸੀ ਦਹਿਸ਼ਤ 'ਚ ਹਨ। ਸੋਮਵਾਰ ਨੂੰ ਲਏ ਗਏ ਨਮੂਨਿਆਂ ਦੀ ਅੱਜ ਹਾਸਿਲ ਹੋਈ ਰਿਪੋਰਟ ਮੁਤਾਬਕ ਨੂਰਪੁਰਬੇਦੀ ਥਾਣੇ ਦੀ ਮਹਿਲਾ ਕੁੱਕ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਧਿਕਾਰੀ ਸਰਕਾਰੀ ਹਸਪਤਾਲ ਸਿੰਘਪੁਰ ਡਾ. ਸ਼ਿਵ ਕੁਮਾਰ ਨੇ ਦੱਸਿਆ ਕਿ 27 ਜੁਲਾਈ ਨੂੰ ਪੁਲਸ ਸਟੇਸ਼ਨ ਨੂਰਪੁਰਬੇਦੀ ਵਿਖੇ ਲਗਾਏ ਗਏ ਵਿਸ਼ੇਸ਼ ਕੈਂਪ ਦੌਰਾਨ ਕਰੀਬ 1 ਦਰਜਨ ਪੁਲਸ ਮੁਲਾਜ਼ਮਾਂ ਸਹਿਤ 49 ਵਿਅਕਤੀਆਂ ਦੇ ਕੋਰੋਨਾ ਟੈਸਟ ਲਈ ਨਮੂਨੇ ਲਏ ਗਏ ਸਨ ਜਿਨ੍ਹਾਂ ਦੀ ਅੱਜ ਪ੍ਰਾਪਤ ਹੋਈ ਰਿਪੋਰਟ 'ਚ ਸਥਾਨਕ ਥਾਣੇ ਅਤੇ ਥਾਣਾ ਕੰਪਲੈਕਸ ਵਿਖੇ ਹੀ ਸਥਿਤ ਧਾਰਮਿਕ ਅਸਥਾਨ ਪੀਰ ਬਾਬਾ ਜ਼ਿੰਦਾ ਸ਼ਹੀਦ ਵਿਖੇ ਕੁੱਕ ਵਜੋਂ ਕੰਮ ਕਰਦੀ ਨੂਰਪੁਰਬੇਦੀ ਦੀ ਇਕ ਪ੍ਰਵਾਸੀ ਪਰਿਵਾਰ ਨਾਲ ਸਬੰਧ ਰੱਖਦੀ ਔਰਤ ਦੀ ਰਿਪੋਰਟ ਪਾਜ਼ੇਟਿਵ ਆਈ ਹੈ। 

ਐੱਸ.ਐੱਮ.ਓ. ਡਾ. ਸ਼ਿਵ ਕੁਮਾਰ ਨੇ ਕਿਹਾ ਕਿ ਥਾਣੇ ਦੇ ਕਰਮਚਾਰੀਆਂ ਦੇ ਮੁੜ ਕੈਂਪ ਲਗਾ ਕੇ ਸੈਂਪਲ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਉਕਤ ਔਰਤ ਨੂੰ ਇਲਾਜ ਲਈ ਬਨੂੜ ਵਿਖੇ ਸਥਿਤ ਗਿਆਨ ਸਾਗਰ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਭੁੱਕੀ ਦੇ ਮਾਮਲੇ 'ਚ ਨੂਰਪੁਰਬੇਦੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਇਕ ਮੁਲਜ਼ਮ ਦੀ ਰਿਪੋਰਟ ਪਾਜ਼ੇਟਿਵ ਪਾਏ ਜਾਣ ਕਾਰਣ ਥਾਣੇ ਦੇ ਸਮੁੱਚੇ ਮੁਲਾਜ਼ਮਾਂ ਦੇ ਕੋਰੋਨਾ ਟੈਸਟ ਸਬੰਧੀ ਸੈਂਪਲ ਲਏ ਗਏ ਸਨ।

ਧਾਰਮਕ ਸਥਾਨ ਦੇ ਸੇਵਾਦਾਰਾਂ ਦਾ ਵੀ ਹੋਵੇਗਾ ਟੈਸਟ : ਥਾਣਾ ਮੁਖੀ
ਦੂਜੇ ਪਾਸੇ ਥਾਣਾ ਮੁਖੀ ਨੂਰਪੁਰਬੇਦੀ ਜਤਿਨ ਕਪੂਰ ਨੇ ਕਿਹਾ ਕਿ ਨੂਰਪੁਰਬੇਦੀ ਥਾਣੇ 'ਚ ਸਥਿਤ ਧਾਰਮਿਕ ਅਸਥਾਨ ਪੀਰ ਬਾਬਾ ਜ਼ਿੰਦਾ ਸ਼ਹੀਦ ਜਿੱਥੇ ਭਾਰੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਣ ਪਹੁੰਚਦੀਆਂ ਹਨ ਵਿਖੇ ਲਗਾਏ ਗਏ ਸੇਵਾਦਾਰਾਂ ਦਾ ਵੀ ਕੋਰੋਨਾ ਟੈਸਟ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਮਹਿਲਾ ਕੁੱਕ ਦੇ ਸੰਪਰਕ 'ਚ ਆਉਣ ਵਾਲਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ ਤੇ ਜ਼ਰੂਰਤ ਪੈਣ 'ਤੇ ਥਾਣੇ ਦੇ ਸਮੁੱਚੇ ਸਟਾਫ਼ ਤੇ ਪੁਲਸ ਮੁਲਾਜ਼ਮਾਂ ਦਾ ਮੁੜ ਟੈਸਟ ਕਰਵਾਇਆ ਜਾਵੇਗਾ।


author

Gurminder Singh

Content Editor

Related News