ਕੋਰੋਨਾ ਨੇ 95 ਸਾਲਾ ਬਜ਼ੁਰਗ ਔਰਤ ਸਣੇ 2 ਮਰੀਜ਼ਾਂ ਦੀ ਲਈ ਜਾਨ
Friday, Jan 14, 2022 - 06:18 PM (IST)
ਹੁਸ਼ਿਆਰਪੁਰ (ਘੁੰਮਣ) : ਜ਼ਿਲ੍ਹੇ ਭਰ ਵਿਚ ਵੱਧ ਰਿਹਾ ਕੋਰੋਨਾ ਦਾ ਕਹਿਰ ਘਟਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ 24 ਘੰਟੇ ਦੌਰਾਨ ਕੋਰੋਨਾ ਨੇ 2 ਵਿਅਕਤੀਆਂ ਨੂੰ ਮੌਤ ਦਾ ਗਰਾਸ ਬਣਾਇਆ। ਕੋਰੋਨਾ ਪੀੜਤ ਤੁਲਸੀ ਨਗਰ ਹੁਸ਼ਿਆਰਪੁਰ ਦੀ ਵਾਸੀ 95 ਸਾਲ ਬਜ਼ੁਰਗ ਔਰਤ ਦੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਮੌਤ ਹੋ ਗਈ। ਜਦਕਿ ਭੁੰਗਾ ਬਲਾਕ ਦੇ 55 ਸਾਲਾ ਵਿਅਕਤੀ ਨੇ ਇਲਾਜ ਦੌਰਾਨ ਡੀ. ਐੱਮ. ਸੀ. ਲੁਧਿਆਨਾ ਵਿਖੇ ਦਮ ਤੋੜਿਆ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1005 ਹੋ ਗਈ ਹੈ।
ਉਪਰੋਕਤ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਅੱਜ ਸ਼ਾਮ ਸਿਹਤ ਵਿਭਾਗ ਨੂੰ ਪ੍ਰਾਪਤ ਹੋਈ 2779 ਸੈਂਪਲਾਂ ਦੀ ਰਿਪੋਰਟ ਵਿਚ 462 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਜਿਸਦੇ ਨਾਲ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 33,013 ਹੋ ਗਈ ਹੈ। ਜ਼ਿਲ੍ਹੇ ਵਿਚ 30,232 ਮਰੀਜ਼ ਰਿਕਵਰ ਕਰ ਚੁੱਕੇ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 1776 ਹੈ। ਜ਼ਿਲ੍ਹੇ ਵਿਚ ਹੁਣ ਤੱਕ ਲਏ ਗਏ 10,22,269 ਸੈਂਪਲਾਂ ਵਿਚੋਂ 9,88,175 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 5164 ਸੈਂਪਲਾਂ ਦੀ ਰਿਪੋਰਟ ਦਾ ਅਜੇ ਇੰਤਜਾਰ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਅੱਜ 2456 ਵਿਅਕਤੀਆਂ ਦੇ ਨਵੇਂ ਸੈਂਪਲ ਲਏ ਗਏ ਹਨ।