ਮਹਾਮਾਰੀ ਦੇ ਦੌਰ ’ਚ ਵਧਿਆ ‘ਘਰੇਲੂ ਹਿੰਸਾ’ ਦਾ ਪ੍ਰਕੋਪ
Thursday, Apr 30, 2020 - 12:33 PM (IST)

ਮਨਦੀਪਜੋਤ ਸਿੰਘ, ਮਾਨਸਾ
8847027796
ਭਾਰਤ ਵਿਚ ਲਾਕਡਾਊਨ ਦੇ ਸ਼ੁਰੂ ਹੋਣ ਤੋਂ ਐੱਨ ਪਹਿਲਾਂ, ਯੂ.ਪੀ.ਪੁਲਸ ਵਲੋਂ ਇਕ ਸਥਾਨਕ ਅਖ਼ਬਾਰ ਦੇ ਪਹਿਲੇ ਪੰਨੇ ’ਤੇ ਇਕ ਇਸ਼ਤਿਹਾਰ ਛਾਪਿਆ ਗਿਆ ਸੀ, ਜਿਸ ਉਪਰ ਔਰਤ ਦਾ ਸਕੈੱਚ ਬਣਾਇਆ ਗਿਆ ਸੀ। ਬਣਾਏ ਗਏ ਇਸ ਸਕੈੱਚ ’ਤੇ ਔਰਤ ਆਪਣੀ ਸ਼ਕਲ ਨੂੰ ਮਾਸਕ ਨਾਲ ਢੱਕੀ ਬੈਠੀ ਦਿਖਾਈ ਦਿੱਤੀ। ਉੱਤੇ ਲਿਖੇ ਇਕ ਸਲੋਗਨ ’ਚ ਆਉਣ ਵਾਲੇ ਸਮੇਂ ਬਾਰੇ ਇਸ਼ਾਰਾ ਕਰਦਿਆਂ ਲਿਖਿਆ ਸੀ, "Suppress corona, not your voice" ਭਾਵ "ਕੋਰੋਨਾ ਨੂੰ ਦਬਾਓ ,ਆਪਣੀ ਆਵਾਜ਼ ਨੂੰ ਨਹੀਂ "। ਇਹ ਇਕ ਤਰ੍ਹਾਂ ਦਾ ਉਨ੍ਹਾਂ ਔਰਤਾਂ ਵੱਲ ਇਸ਼ਾਰਾ ਸੀ, ਜੋ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਚੁੱਕੀਆਂ ਸਨ ਜਾਂ ਹੋ ਰਹੀਆਂ ਸਨ।
ਪੂਰੇ ਸੰਸਾਰ ਵਿਚ ਜਿੱਥੇ ਇਸ ਮਹਾਮਾਰੀ ਦਾ ਬੋਲਬਾਲਾ ਹੈ, ਉਥੇ ਹੀ ਸਾਰਾ ਸੰਸਾਰ ਘਰਾਂ ’ਚ ਬੰਦ ਹੋ ਕੇ ਆਪਣੇ ਆਪ ਨੂੰ ਸੁਰੱਖਿਅਤ ਕਰਨ ਅਤੇ ਇਸ ਭੈੜੀ ਬੀਮਾਰੀ ਤੋਂ ਨਿਜਾਤ ਪਾਉਣ ਵਿਚ ਲੱਗਿਆ ਹੋਇਆ ਹੈ। ਉੱਥੇ ਜੋ ਸਭ ਤੋਂ ਵੱਡੀ ਸਮੱਸਿਆ ਸਾਨੂੰ ਦੇਖਣ ਨੂੰ ਮਿਲ ਰਹੀ ਹੈ, ਉਹ ਹੈ ਘਰਾਂ ’ਚ ਬੰਦ ਹੋਣ ਕਰਕੇ ਵਧ ਰਹੀ ਘਰੇਲੂ ਹਿੰਸਾ। ਬੇਸ਼ਕ ਘਰੇਲੂ ਹਿੰਸਾ ਕੋਰੋਨਾ ਦੇ ਕਹਿਰ ਤੋਂ ਪਹਿਲਾਂ ਹੀ ਸਮਾਜ ’ਚ ਸੀ ਪਰ ਇਸ ਮਹਾਮਾਰੀ ਕਾਰਨ ਜਦੋਂ ਲੋਕ ਘਰਾਂ ’ਚ ਬੰਦ ਹੋ ਕੇ ਰਹਿਣ ਲਈ ਮਜਬੂਰ ਹਨ। ਉਦੋਂ ਇਸ ਦਾ ਪਸਾਰ ਅੱਗੇ ਨਾਲੋਂ ਕਈ ਗੁਣਾ ਵਧਿਆ ਹੈ, ਜੋ ਸਾਡੇ ਸਮਾਜ, ਸਾਡੀ ਮਨੁੱਖਤਾ ਲਈ ਇਕ ਸ਼ਰਮਨਾਕ ਬਿਰਤਾਂਤ ਹੈ।
ਪੜ੍ਹੋ ਇਹ ਵੀ ਖਬਰ - ਚਾਹ ਮਾਰਕੀਟ 'ਤੇ ਵੀ ਮੰਡਰਾ ਰਿਹਾ ਹੈ ਕੋਰੋਨਾ ਕਾਰਨ ਲੱਗੇ ‘ਲਾਕਡਾਊਨ’ ਦਾ ਅਸਰ (ਵੀਡੀਓ)
ਪੜ੍ਹੋ ਇਹ ਵੀ ਖਬਰ - ਸਿੱਖ ਸਾਹਿਤ ਵਿਸ਼ੇਸ਼-ਕਹਾਣੀ 2 : ‘ਸਧਨਾ ਕਸਾਈ’
ਅਸੀਂ ਆਪਣੀ ਖਿਝ, ਆਪਣਾ ਤਣਾਅ ਭਰਪੂਰ ਮਨ, ਜਿਸ ਨੂੰ ਅਸੀਂ ਆਪਣੇ ਆਪੇ ਵਿਚ ਨਹੀਂ ਰੱਖ ਸਕਦੇ। ਸਾਡੇ ਲਈ ਅਤੇ ਸਾਡੇ ਪਰਿਵਾਰ ਲਈ ਕਿੰਨਾ ਨੁਕਸਾਨਦੇਹ ਹੁੰਦਾ ਹੈ, ਇਸ ਦਾ ਅੰਦਾਜ਼ਾ ਭਾਰਤ ਦੀ ਇਕ ਸੰਸਥਾ "ਨੈਸ਼ਨਲ ਕਮਿਸ਼ਨ ਫਾਰ ਵੂਮੈਨ "(NCW) ਵਲੋਂ ਜਾਰੀ ਕੀਤੇ ਅੰਕੜਿਆਂ ਤੋਂ ਲਗਾਇਆ ਜਾ ਸਕਦਾ ਹੈ। ਜਿਸ ਅਨੁਸਾਰ ਜਨਵਰੀ ਵਿਚ ਇਸ ਕਮਿਸ਼ਨ ਨੇ ਕੁੱਲ ਵੱਖ-ਵੱਖ ਤਰ੍ਹਾਂ ਦੇ 1462 ਕੇਸ ਰਜਿਸਟਰਡ ਕੀਤੇ ਸਨ। ਜਿਨ੍ਹਾਂ ’ਚੋਂ 270 ਘਰੇਲੂ ਹਿੰਸਾ ਦੇ ਸਨ। ਇਹ ਅੰਕੜਾ ਫਰਵਰੀ ’ਚ 302 ਅਤੇ ਮਾਰਚ ’ਚ 23 ਮਾਰਚ ਤੋਂ ਲੈ ਕੇ 30 ਮਾਰਚ ਤੱਕ 58 ਕੇਸ ਘਰੇਲੂ ਹਿੰਸਾ ਦੇ ਹੀ ਹਨ। ਇੱਥੇ ਜ਼ਿਕਰਯੋਗ ਹੈ ਕਿ ਦੇ swayam, ਜੋ ਇਕ ਅਜਿਹੀ ਸੰਸਥਾ ਹੈ ਜਿੱਥੇ ਬਰਾਬਰਤਾ ਦੇ ਸਿਧਾਂਤਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ, ਦੇ ਸੰਸਥਾਪਕ ਨੇ ਦੱਸਿਆ ਕਿ ਬੰਗਾਲ ਵਿਚ ਲੋਕਡਾਊਨ ਦੇ ਚੱਲਦਿਆਂ ਇਕ ਪਰਿਵਾਰ ਵਿਚ ਮਾਮੂਲੀ ਨੋਕ-ਝੋਕ ਅਤੇ ਪਤੀ ਨੇ ਆਪਣੀ ਪਤਨੀ ਦਾ ਰਾਸ਼ਨ ਕਾਰਡ, ਜਿਸ ਦੇ ਆਧਾਰ ’ਤੇ ਉਸ ਨੂੰ ਸਰਕਾਰੀ ਰਾਸ਼ਨ-ਪਾਣੀ ਮਿਲਣਾ ਸੀ, ਖੋਹ ਲਿਆ। ਉਸ ਔਰਤ ਨੂੰ ਭੁੱਖੇ ਰਹਿਣ ਲਈ ਮਜਬੂਰ ਕਰ ਦਿੱਤਾ, ਜੋ ਸਮੁੱਚੀ ਮਨੁੱਖਤਾ ਲਈ ਇਕ ਸ਼ਰਮਨਾਕ ਹਰਕਤ ਸੀ।
ਪੜ੍ਹੋ ਇਹ ਵੀ ਖਬਰ - ਧੀਆਂ ਕਿਹੜਾ ਅਸਾਨ ਨੇ ਤੋਰਨੀਆਂ..?
ਪੜ੍ਹੋ ਇਹ ਵੀ ਖਬਰ - ਸਿੱਖਣ ਸਿਖਾਉਣ ਦਾ ਤਾਹੀਂ ਆਨੰਦ, ਬੋਝਲ ਸਿਖਲਾਈ ਜੇ ਕਰੇ ਨਾ ਮਨ ਨੂੰ ਤੰਗ
ਸ਼ਰੂਤੀ ਨਾਗਵੰਸ਼ੀ ਜੋ "ਪੀਪਲਜ਼ ਵਿਜੀਲੈਂਸ ਕਮੇਟੀ ਆਨ ਹਿਊਮਨ ਰਾਈਟਸ" (PVCHR) ਦੀ ਸੰਸਥਾਪਕ ਹੈ, ਨੇ ਕਿਹਾ ਕਿ ਲਾਕਡਾਊਨ ਕਰਕੇ ਘਰਾਂ ’ਚ ਬੈਠੇ ਭੁੱਖੇ ਅਤੇ ਬੇਰੁਜ਼ਗਾਰ ਮਰਦ, ਆਪਣੇ ਆਪ ਨੂੰ ਮਜਬੂਰ ਬੇਵੱਸ ਅਤੇ ਲਾਚਾਰ ਅਨੁਭਵ ਕਰਦੇ ਹਨ। ਉਨ੍ਹਾਂ ਦੀ ਇਹੀ ਬੇਵਸੀ ਅਤੇ ਮਜਬੂਰੀ ਘਰੇਲੂ ਹਿੰਸਾ ਵਿਚ ਤਬਦੀਲ ਹੋਣ ਲੱਗਦੀ ਹੈ, ਜੋ ਇਕ ਮੰਦਭਾਗੀ ਵਰਤਾਰਾ ਹੈ। ਹਰਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ 'ਸਕੂਨ' ਨਾਮਕ ਕੇਂਦਰ, ਜੋ 2014 ਵਿਚ ਸਥਾਪਿਤ ਕੀਤੇ ਗਏ ਸਨ, ਜਿਨ੍ਹਾਂ ਦਾ ਮੰਤਵ ਚਕਿਤਸਕ ਰੋਗੀਆਂ ਨੂੰ ਠੀਕ ਕਰਨਾ ਅਤੇ ਮਾਨਸਿਕ ਪ੍ਰੇਸ਼ਾਨੀਆਂ ਤੋਂ ਖਹਿੜਾ ਛੁਡਵਾ ਕੇ ਸ਼ਾਂਤੀ ਬਹਾਲ ਕਰਨਾ ਸੀ। ਉਨ੍ਹਾਂ ਨੂੰ ਵੀ ਫਿਰ ਤੋਂ ਖੋਲ੍ਹਿਆ ਗਿਆ ਹੈ।
'ਜਗੋਰੀ ਰੂਰਲ ਚੈਰੀਟੇਬਲ ਟਰੱਸਟ' ਦੇ ਡਾਇਰੈਕਟਰ ਦੇ ਕਥਨ ਅਨੁਸਾਰ ਇਕ ਪੀੜਤ ਲੜਕੀ ਨਾਲ ਜਦ ਗੱਲਬਾਤ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਕਰਫਿਊ ਦੌਰਾਨ ਜਦੋਂ ਉਸ ਨੇ ਵੀਡੀਓ ਦੇਖਿਆ ਕਿ ਕਰਫਿਊ ਦੀ ਉਲੰਘਣਾ ਕਰਨ ’ਤੇ ਪੁਲਸ ਕਰਮਚਾਰੀ ਸਖਤੀ ਨਾਲ ਕਾਰਵਾਈ ਕਰ ਰਹੇ ਹਨ ਤਾਂ ਉਸ ਨੇ ਸੋਚਿਆ ਕਿ ਬਾਹਰ ਗ਼ੈਰ ਲੋਕਾਂ ਤੋਂ ਕੁੱਟ ਖਾਣ ਨਾਲ ਬੇਹਤਰ ਹੈ ਕਿ ਘਰ ਰਹਿ ਕੇ ਆਪਣੇ ਬੰਦੇ ਤੋਂ ਹੀ ਕੁੱਟ ਖਾ ਲਈ ਜਾਵੇ। ਅਜਿਹੇ ਦੌਰ ਵਿਚ ਅਸੀਂ ਆਪਣੇ ਆਪ ਨੂੰ ਸੱਭਿਅਕ ਕਹਾਉਣ ਦੇ ਲਾਇਕ ਨਹੀਂ ਹਾਂ। ਸਾਨੂੰ ਆਪਣੇ ਮਰਦਪੁਣੇ ’ਤੇ ਝਾਤ ਮਾਰਨੀ ਚਾਹੀਦੀ ਅਤੇ ਅਜਿਹੀ ਕਰੂਰਤਾਂ ਵਾਲੀਆਂ ਕਰਤੂਤਾਂ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੀਦਾ ਹੈ।
"ਦੀ ਇੰਟਰਨੈਸ਼ਨਲ ਫਾਊਂਡੇਸ਼ਨ ਫਾਰ ਕਰਾਈਮ ਪਰੀਵੈਨਸ਼ਨ ਐਂਡ ਵਿਕਟਿਮ ਕੇਅਰ" (PCVC) ਦੇ ਵਿਭਾਗ ਦੀ ਡਾਇਰੈਕਟਰ ਸਵੇਦਾ ਸ਼ੰਕਰ ਨੇ ਜਾਰੀ ਕੀਤੀ ਇਕ ਰਿਪੋਰਟ ਵਿਚ ਲਿਖਿਆ ਕਿ ਇਕ ਘਰੇਲੂ ਹਿੰਸਾ ਦੀ ਸ਼ਿਕਾਰ ਔਰਤ ਨੇ ਜਦੋਂ ਆਪਣੇ ਪਤੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਤਾਂ ਉਸ ਦੇ ਪਤੀ ’ਤੇ ਕਾਰਵਾਈ ਕਰਦਿਆਂ ਉਸ ਨੂੰ ਆਪਣੀ ਮਾਂ ਵਾਲੇ ਘਰ ’ਚ ਸ਼ਿਫਟ ਕੀਤਾ ਗਿਆ। ਜਦ ਤੱਕ ਲੋਕਡਾਊਨ ਖਤਮ ਨਹੀਂ ਹੁੰਦਾ, ਉਦੋਂ ਤੱਕ ਉਹ ਉੱਥੇ ਹੀ ਰਹੇਗਾ। NCW ਨੇ ਦੱਸਿਆ ਕਿ ਪਹਿਲੇ ਹਫਤੇ ਆਈਆਂ ਕਾਲਾਂ ’ਚੋਂ ਇਕ ਕਾਲਜ ਅਜਿਹਾ ਸੀ ਕਿ ਜਿਸ ਵਿਚ ਰਾਜਸਥਾਨ ਦੇ ਰਹਿਣ ਵਾਲੇ ਇਕ ਬਜ਼ੁਰਗ ਵਿਅਕਤੀ ਨੇ ਦੱਸਿਆ ਕਿ ਉਸ ਦੀ ਲੜਕੀ ਨੂੰ ਉਸ ਦਾ ਘਰ ਵਾਲਾ ਪਿਛਲੇ ਤਿੰਨ ਦਿਨਾਂ ਤੋਂ ਮਾਰ ਰਿਹਾ ਹੈ ਅਤੇ ਖਾਣਾ ਵੀ ਨਹੀਂ ਦੇ ਰਿਹਾ।
ਇਸ ਘਰੇਲੂ ਹਿੰਸਾ ਦਾ ਪ੍ਰਕੋਪ ਇਕੱਲੇ ਭਾਰਤ ’ਚ ਹੀ ਨਹੀਂ ਸਗੋਂ ਚਾਈਨਾ, ਫਰਾਂਸ, ਯੂ.ਕੇ., ਜਰਮਨੀ ਅਤੇ ਸਪੇਨ ’ਚ ਵੀ ਵਧਿਆ ਹੈ। ਉਧਰ ਵੀ ਕਈ ਥਾਵਾਂ ’ਤੇ ਅਜਿਹੇ ਚਕਿਤਸਕ ਕੇਂਦਰਾਂ ਨੂੰ ਖੋਲ੍ਹਿਆ ਗਿਆ ਹੈ ਤਾਂ ਕਿ ਉਨ੍ਹਾਂ ਦੀਆਂ ਔਰਤਾਂ ਨੂੰ ਅਜਿਹੇ ਰਾਕਸ਼ਾਂ ਤੋਂ ਬਚਾਇਆ ਜਾ ਸਕੇ। ਫਰਾਂਸ ਸਰਕਾਰ ਨੇ ਤਾਂ ਇਕ ਮਿਲੀਅਨ ਯੂਰੋ ਦਾ "ਐਂਟੀ ਡੋਮੈਸਟਿਕ ਵਾਇਲੈਂਸ ਫੰਡ" ਜਾਰੀ ਕਰਦੇ ਹੋਏ ਸ਼ਹਿਰ ਦੇ ਕਈ ਹੋਟਲਾਂ ਦੇ ਕਮਰੇ ਵੀ ਖੁਲ੍ਹਵਾਏ ਹਨ, ਜਿੱਥੇ ਅਜਿਹੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਰੱਖਿਆ ਜਾ ਸਕੇ। ਘਰੇਲੂ ਹਿੰਸਾ ਮਨੁੱਖਤਾ ਲਈ ਇਕ ਕੋਝੀ ਹਰਕਤ ਹੈ। ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਇਸ ਕੋਰੋਨਾ ਮਹਾਮਾਰੀ ਦੇ ਭੈੜੇ ਸਮੇਂ ਵਿਚ ਆਪਣੇ ਪਰਿਵਾਰ ਨਾਲ ਖੁਸ਼ੀ ਭਰੇ ਮਾਹੌਲ ਵਿਚ ਦਿਨ ਗੁਜ਼ਾਰੀਏ ਤੇ ਆਪਣੀ ਖਿਝ, ਆਪਣੇ ਤਣਾਅ, ਆਪਣੇ ਫਿਕਰਾਂ ਨੂੰ ਇਨ੍ਹਾਂ ਆਪਣੇ ਆਪ ’ਤੇ ਭਾਰੀ ਨਾ ਕਰ ਲਈਏ ਕਿ ਅਸੀਂ ਇਨਸਾਨ ਤੋਂ ਬਦਮਾਸ਼ ਬਣ ਜਾਈਏ।
ਇਹ ਔਖੀ ਘੜੀ ਸਮੁੱਚੀ ਇਨਸਾਨੀਅਤ ’ਤੇ ਆਈ ਹੈ ਅਤੇ ਸਾਨੂੰ ਇਸ ਨਾਲ ਨਜਿੱਠਣ ਲਈ ਸੰਜਮ ਨਾਲ ਘਰ ਰਹਿ ਕੇ ਪ੍ਰਮਾਤਮਾ ਦੀ ਅਰਦਾਸ ਕਰਦਿਆਂ ਇਸ ਬੀਮਾਰੀ ਤੋਂ ਨਿਜਾਤ ਪਾਉਣ ਲਈ ਸਹੀ ਸਮੇਂ ਦੀ ਉਡੀਕ ਕਰਨੀ ਪਏਗੀ। ਸਾਨੂੰ ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਾਡੇ ਕੰਮਕਾਰ, ਸਭ ਦੁਬਾਰਾ ਚੱਲ ਪੈਣਗੇ ਪਰ ਜੇਕਰ ਜ਼ਿੰਦਗੀ ਦੀ ਡੋਰ ਹੱਥੋਂ ਚਲੀ ਗਈ ਤਾਂ ਕਦੇ ਮੁੜ ਹੱਥ ਵਿਚ ਨਹੀਂ ਆਉਣੀ, ਜਿਵੇਂ ਕਿ ਸਿਆਣੇ ਕਹਿੰਦੇ ਨੇ "ਜਾਨ ਹੈ ਤਾਂ ਜਹਾਨ ਹੈ"। ਸੋ ਘਰ ਰਹੋ, ਤੰਦਰੁਸਤ ਰਹੋ ਅਤੇ ਸ਼ਾਂਤ ਰਹੋ।