ਬਠਿੰਡਾ ’ਚ ਗਰਮੀ ਦਾ ਕਹਿਰ, ਹਸਪਤਾਲਾਂ ’ਚ ਹੀਟ ਸਟਰੋਕ ਦੇ ਮਰੀਜ਼ ਵਧੇ
Monday, Jun 09, 2025 - 11:23 AM (IST)

ਬਠਿੰਡਾ (ਵਿਜੈ ਵਰਮਾ) : ਬਠਿੰਡਾ ਜ਼ਿਲ੍ਹੇ ’ਚ ਇਸ ਵੇਲੇ ਗਰਮੀ ਅਤੇ 'ਲੂ' ਆਪਣੀ ਚਰਮ ਹੱਦ ’ਤੇ ਹੈ। ਐਤਵਾਰ ਨੂੰ ਤਾਪਮਾਨ ਲਗਭਗ 45 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਅਤੇ ਮੌਸਮ ਵਿਭਾਗ ਵੱਲੋਂ ਆਉਣ ਵਾਲੇ 24 ਤੋਂ 48 ਘੰਟਿਆਂ ਲਈ ਹੀਟ ਵੇਵ ਅਲਰਟ ਜਾਰੀ ਕੀਤਾ ਗਿਆ ਹੈ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਸਮੇਂ ਕੋਈ ਵੀ ਵੈਸਟਰਨ ਡਿਸਟਰਬੈਂਸ ਸਰਗਰਮ ਨਹੀਂ ਹੈ, ਜਿਸ ਕਰ ਕੇ ਨਾ ਤਾਂ ਮੀਂਹ ਦੀ ਉਮੀਦ ਹੈ ਤੇ ਨਾ ਹੀ ਬੱਦਲਾਂ ਤੋਂ ਕੋਈ ਰਾਹਤ ਮਿਲੇਗੀ। ਇਹ ਹਾਲਤ ਅਗਲੇ 5-6 ਦਿਨਾਂ ਤੱਕ ਬਣੀ ਰਹਿ ਸਕਦੀ ਹੈ। ਬਠਿੰਡਾ ਦੇ ਸਿਵਲ ਹਸਪਤਾਲ ਸਮੇਤ ਹੋਰ ਸਿਹਤ ਕੇਂਦਰਾਂ ਵਿਚ ਹੀਟ ਸਟਰੋਕ, ਪਾਣੀ ਦੀ ਕਮੀ (ਡੀ-ਹਾਈਡਰੇਸ਼ਨ) ਅਤੇ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਡਾਕਟਰਾਂ ਨੇ ਦੱਸਿਆ ਕਿ ਸਰੀਰ ਵਿਚ ਪਾਣੀ ਅਤੇ ਲੂਣ ਦਾ ਸੰਤੁਲਨ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਘਰ ਤੋਂ ਬਾਹਰ ਨਾ ਨਿਕਲਣ ਦੀ ਸਖ਼ਤ ਸਲਾਹ ਦਿੱਤੀ ਗਈ ਹੈ।
ਬੱਚੇ, ਬਜ਼ੁਰਗ ਅਤੇ ਬੀਮਾਰ ਲੋਕ ਸਭ ਤੋਂ ਵੱਧ ਖ਼ਤਰੇ ’ਚ
ਇਸ ਤਾਪਮਾਨ ਦਾ ਸਭ ਤੋਂ ਵੱਧ ਪ੍ਰਭਾਵ ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਬੀਮਾਰ ਲੋਕਾਂ 'ਤੇ ਪੈ ਰਿਹਾ ਹੈ। ਸਿਹਤ ਵਿਭਾਗ ਵੱਲੋਂ ਇਨ੍ਹਾਂ ਵਰਗਾਂ ਲਈ ਖ਼ਾਸ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਤਿੱਖੀ 'ਲੂ' ਅਤੇ ਝੁਲਸਾਉਂਦੀ ਗਰਮੀ ਕਾਰਨ ਬਜ਼ਾਰਾਂ ਵਿਚ ਹੋਰ ਆਮ ਦਿਨਾਂ ਨਾਲੋਂ ਕਾਫੀ ਸੁੰਨਾਪਣ ਹੈ। ਲੋਕ ਸਿਰਫ ਜ਼ਰੂਰੀ ਕੰਮ ਲਈ ਹੀ ਘਰੋਂ ਨਿਕਲ ਰਹੇ ਹਨ। ਸੜਕਾਂ ’ਤੇ ਟ੍ਰੈਫਿਕ ਨਾ ਦੇ ਬਰਾਬਰ ਹੈ ਤੇ ਕਈ ਥਾਵਾਂ ’ਤੇ ਤਾਰਕੋਲ ਵੀ ਪਿਘਲਣ ਲੱਗ ਪਈ ਹੈ। ਪਸ਼ੂ-ਪੰਛੀ ਅਤੇ ਜਾਨਵਰ ਵੀ ਗਰਮੀ ਤੋਂ ਬੇਹਾਲ ਹੋਏ ਪਾਣੀ ਦੀ ਤਲਾਸ਼ ’ਚ ਘੁੰਮਦੇ ਨਜ਼ਰ ਆ ਰਹੇ ਹਨ। ਸਮਾਜਿਕ ਸੰਸਥਾਵਾਂ ਵੱਲੋਂ ਗਰਮੀ ਨੂੰ ਦੇਖਦੇ ਹੋਏ ਪਾਣੀ ਦੀ ਛਬੀਲਾਂ ਲਗਾਈਆਂ ਗਈਆਂ ਹਨ। ਬਠਿੰਡਾ ਬੱਸ ਅੱਡੇ ਅਤੇ ਸ਼ਹਿਰ ਵਿਚ ਕਈ ਥਾਵਾਂ ’ਤੇ ਸਹਾਰਾ ਜਨ ਸੇਵਾ, ਅਮਰਨਾਥ ਸੇਵਾ ਸੰਘ, ਨੌਜਵਾਨ ਵੈੱਲਫੇਅਰ ਸੋਸਾਇਟੀ, ਆਸਰਾ ਵੈੱਲਫੇਅਰ ਸੋਸਾਇਟੀ ਅਤੇ ਚਰਨ ਪਦ ਕਾ ਸੇਵਾ ਸੋਸਾਇਟੀ ਵੱਲੋਂ ਵੀ ਠੰਡੇ ਜਲ ਅਤੇ ਸ਼ਰਬੱਤ ਦੀਆਂ ਛਬੀਲਾਂ ਲਗਾਈਆਂ ਗਈਆਂ ਹਨ। ਜਦੋਂ ਬਿਜਲੀ ਨਹੀਂ ਆਉਂਦੀ ਤਾਂ ਕੂਲਰ ਅਤੇ ਏ. ਸੀ. ਵੀ ਨਹੀਂ ਚੱਲਦੇ, ਜਿਸ ਕਰ ਕੇ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ। ਕਈ ਇਲਾਕਿਆਂ ਵਿਚ ਬਿਜਲੀ ਦੀ ਅਣਿਸ਼ਚਿਤਤਾ ਲੋਕਾਂ ਲਈ ਦੋਹਰੀ ਮੁਸੀਬਤ ਬਣ ਗਈ ਹੈ। ਲੋਕ ਛੱਤਾਂ ਤੇ ਪਾਣੀ ਛਿੜਕ ਕੇ ਜਾਂ ਕਮਰਿਆਂ ਵਿਚ ਗੀਲੇ ਕੱਪੜੇ ਟੰਗ ਕੇ ਠੰਡ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਸ਼ਾਸਨ ਵੱਲੋਂ ਹੀਟ ਵੇਵ ਅਲਰਟ ਦੇ ਮੱਦੇਨਜ਼ਰ ਰਾਹਤ ਉਪਾਵਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਸਾਰੇ ਨਾਗਰਿਕਾਂ ਤੋਂ ਅਪੀਲ ਕੀਤੀ ਗਈ ਹੈ ਕਿ ਉਹ ਸਾਵਧਾਨ ਰਹਿਣ, ਸੁਰੱਖਿਅਤ ਰਹਿਣ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ। ਇਸ ਵੇਲੇ ਗਰਮੀ ਤੋਂ ਰਾਹਤ ਦੀ ਕੋਈ ਉਮੀਦ ਨਹੀਂ, ਅਜਿਹੇ ’ਚ ਸਾਵਧਾਨੀ ਹੀ ਬਚਾਅ ਹੈ। ਸਿਹਤ ਮਾਹਿਰਾਂ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਘਰ ’ਚ ਰਹਿ ਕੇ ਹੇਠ ਲਿਖੇ ਉਪਾਅ ਅਪਣਾਉਣ ਦੀ ਸਲਾਹ ਦਿੱਤੀ ਹੈ।
ਘਰਾਂ ’ਚ ਅਪਣਾਓ ਇਹ ਘਰੇਲੂ ਉਪਾਅ
ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਤੇ ਆਮ ਪਾਣੀ ਦਾ ਲਗਾਤਾਰ ਸੇਵਨ ਕਰੋ।
ਹਲਕੇ ਸੂਤੀ ਕੱਪੜੇ ਪਹਿਨੋ।
ਵਾਰ-ਵਾਰ ਮੂੰਹ ਧੋਵੋ ਅਤੇ ਸਿਰ ਨੂੰ ਢੱਕ ਕੇ ਰੱਖੋ।
ਘਰਾਂ ਵਿਚ ਪਰਦੇ ਲਗਾਓ ਅਤੇ ਦੁਪਹਿਰ ਵਿਚ ਖਿੜਕੀਆਂ ਬੰਦ ਰੱਖੋ।
ਬੱਚਿਆਂ ਅਤੇ ਬਜ਼ੁਰਗਾਂ ਨੂੰ ਧੁੱਪ ਵਿਚ ਨਾ ਨਿਕਲਣ ਦਿਓ।