ਲੁਧਿਆਣਾ ''ਚ ਲੋਕਾਂ ਨੂੰ ਨਹੀਂ ਮਿਲ ਰਹੇ ਘਰੇਲੂ LPG ਸਿਲੰਡਰ! ਇਹ ਹੈ ਅਸਲ ਵਜ੍ਹਾ
Tuesday, May 27, 2025 - 03:51 PM (IST)

ਲੁਧਿਆਣਾ (ਖੁਰਾਣਾ)- ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਘਰੇਲੂ ਗੈਸ ਸਿਲੰਡਰ ਦੀ ਖੁੱਲੇਆਮ ਦੁਰਵਰਤੋਂ ਅਤੇ ਕਾਲਾਬਾਜ਼ਾਰੀ ਜ਼ੋਰਾਂ-ਸ਼ੋਰਾਂ ’ਤੇ ਹੋ ਰਹੀ ਹੈ। ਹਾਲਾਤ ਇਹ ਬਣੇ ਹੋਏ ਹਨ ਕਿ ਆਮ ਖਪਤਕਾਰਾਂ ਨੂੰ ਬੁਕਿੰਗ ਕਰਵਾਉਣ ਤੋਂ ਬਾਅਦ ਵੀ ਏਜੰਸੀਆਂ ਵੱਲੋਂ ਕਈ ਕਈ ਦਿਨਾਂ ਤੱਕ ਗੈਸ ਦੀ ਡਲਿਵਰੀ ਨਹੀਂ ਦਿੱਤੀ ਜਾ ਰਹੀ, ਜਦ ਕਿ ਖਾਣ-ਪੀਣ ਦੀਆਂ ਰੇਹੜੀਆਂ ਅਤੇ ਢਾਬਿਆਂ ’ਤੇ ਇਕੱਠੇ ਪਏ 6-6 ਘਰੇਲੂ ਗੈਸ ਸਿਲੰਡਰ ਆਮ ਜਨਤਾ ਨੂੰ ਮੂੰਹ ਚਿੜਾਉਣ ਦਾ ਕੰਮ ਕਰ ਰਹੇ ਹਨ।
ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਆਮ ਖਪਤਕਾਰਾਂ ਨੂੰ ਗੈਸ ਕੰਪਨੀਆਂ ਦੇ ਟੋਲ ਫ੍ਰੀ ਨੰਬਰ ’ਤੇ ਆਨਲਾਈਨ ਪ੍ਰਣਾਲੀ ਰਾਹੀਂ ਗੈਸ ਸਿਲੰਡਰ ਦੀ ਬੁਕਿੰਗ ਕਰਵਾਉਣ ਦੇ ਬਾਵਜੂਦ ਜ਼ਿਆਦਾਤਰ ਏਜੰਸੀਆਂ ਦੇ ਡੀਲਰਾਂ ਵੱਲੋਂ ਬੈਕਲਾਗ ਲੱਗੇ ਹੋਣ ਦਾ ਹਵਾਲਾ ਦੇ ਕੇ ਕਈ-ਕਈ ਦਿਨਾਂ ਤੱਕ ਇਕ ਸਿਲੰਡਰ ਦੀ ਡਲਿਵਰੀ ਨਹੀਂ ਦਿੱਤੀ ਜਾਂਦੀ। ਸਿੱਧੇ ਲਫਜ਼ਾਂ ਵਿਚ ਕਿਹਾ ਜਾਵੇ ਤਾਂ ਖਪਤਕਾਰਾਂ ਵੱਲੋਂ ਬੁਕਿੰਗ ਕਰਵਾਏ ਗਏ ਸਿਲੰਡਰਾਂ ਦੀ ਬਾਜ਼ਾਰ ਵਿਚ ਕਾਲਾਬਾਜ਼ਾਰੀ ਕਰ ਕੇ ਡੀਲਰ ਅਤੇ ਡਲਿਵਰੀ ਮੈਨ ਕਾਲੀ ਕਮਾਈ ਕਰਨ ਵਿਚ ਲੱਗੇ ਹੋਏ ਹਨ, ਜਿਨ੍ਹਾਂ ਦੀਆਂ ਕਾਲੀਆਂ ਕਰਤੂਤਾਂ ਕਾਰਨ ਆਮ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਗਰਮੀ ਦੀਆਂ ਛੁੱਟੀਆਂ 'ਚ ਲੱਖਾਂ ਰੁਪਏ ਜਿੱਤ ਸਕਦੇ ਨੇ ਵਿਦਿਆਰਥੀ! ਇੰਝ ਕਰੋ ਅਪਲਾਈ
ਫੀਲਡਗੰਜ ਰੋਡ ’ਤੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਦੇ ਸਾਹਮਣੇ ਪੈਂਦੀ ਛੋਟੇ-ਭਟੂਰੇ ਦੀ ਦੁਕਾਨ ’ਤੇ ਇਕੱਠੇ ਕਈ ਘਰੇਲੂ ਗੈਸ ਸਿਲੰਡਰ ਲੱਗੇ ਹੋਏ ਹਨ, ਜੋ ਕਿ ਸਿੱਧੇ ਤੌਰ ’ਤੇ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਣ ਦਾ ਗੰਭੀਰ ਮਾਮਲਾ ਹੈ, ਜਦ ਕਿ ਸ਼ਹਿਰ ਦੇ ਹੋਰਨਾਂ ਹੋਟਲਾਂ, ਰੈਸਟੋਰੈਂਟ, ਢਾਬਿਆਂ ਅਤੇ ਖਾਣ-ਪੀਣ ਦੇ ਸਾਮਾਨ ਦੀਆਂ ਰੇਹੜੀਆਂ ਸਮੇਤ ਮਾਫੀਆ ਦੇ ਅੱਡਿਆਂ ’ਤੇ ਕੁਝ ਗੈਸ ਏਜੰਸੀਆਂ ਦੇ ਡਲਿਵਰੀ ਮੈਨਜ਼ ਵੱਲੋਂ ਇਕੱਠੇ ਦਰਜਨਾਂ ਗੈਸ ਸਿਲੰਡਰਾਂ ਦੀ ਨਾਜਾਇਜ਼ ਸਪਲਾਈ ਉਤਾਰੀ ਜਾ ਰਹੀ ਹੈ ਅਤੇ ਇਸ ਸਾਰੇ ਐਪੀਸੋਡ ਵਿਚ ਤਿੰਨੋ ਪ੍ਰਮੁੱਖ ਗੈਸ ਕੰਪਨੀਆਂ ਦੇ ਸੇਲਜ਼ ਅਧਿਕਾਰੀ ਅਤੇ ਖੁਰਾਕ ਸਪਲਾਈ ਵਿਭਾਗ ਦੀਆਂ ਟੀਮਾਂ ਪੂਰੀ ਤਰ੍ਹਾਂ ਮੌਨ ਹਨ, ਜਿਸ ਕਾਰਨ ਜ਼ਿਲਾ ਪ੍ਰਸ਼ਾਸਨ ਦੀ ਕਾਰਜਸ਼ੈਲੀ ਖਿਲਾਫ ਸਵਾਲੀਆ ਨਿਸ਼ਾਨ ਖੜ੍ਹੇ ਹੋਣ ਲਾਜ਼ਮੀ ਹੈ।
ਜ਼ਿਕਰਯੋਗ ਹੈ ਕਿ ਕੇਂਦਰੀ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਵੱਲੋਂ ਜਾਰੀ ਕੀਤੇ ਗਏ ਨਿਯਮਾਂ ਅਤੇ ਸ਼ਰਤਾਂ ਦੇ ਮੁਤਾਬਕ ਕਿਸੇ ਵੀ ਕਮਰਸ਼ੀਅਲ ਸਥਾਨ ’ਤੇ ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਕਰਨਾ ਗੈਰ-ਕਾਨੂੰਨੀ ਹੈ, ਜਿਸ ਸਬੰਧੀ ਗੈਸ ਕੰਪਨੀਆਂ ਵੱਲੋਂ ਇਕ ਵਿਸ਼ੇਸ਼ ਗਾਈਡਲਾਈਨਸ ਵੀ ਜਾਰੀ ਕੀਤੀ ਗਈ ਹੈ। ਮਹਾਨਗਰ ਦੇ ਵੱਖ-ਵੱਖ ਘਰੇਲੂ ਗੈਸ ਸਿਲੰਡਰਾਂ ਦੀ ਖੁੱਲੇਆਮ ਹੋ ਰਹੀ ਦੁਰਵਰਤੋਂ ’ਤੇ ਨੱਥ ਪਾਉਣ ਲਈ ਸਰਕਾਰ ਵੱਲੋਂ ਗੈਸ ਏਜੰਸੀਆਂ ਦੇ ਅਧਿਕਾਰੀਆਂ ਸਮੇਤ ਖੁਰਾਦ ਅਤੇ ਸਪਲਾਈ ਵਿਭਾਗ ਦੀ ਲੰਬੀ ਚੌੜੀ ਫੌਜ ਦੀ ਜਿੰਮੇਵਾਰੀ ਤੈਅ ਕੀਤੀ ਗਈ ਹੈ, ਜੋ ਕਿ ਆਪਣੀ ਜਿੰਮੇਵਾਰੀ ਭੁੱਲ ਕੇ ਸ਼ਾਇਦ ਕਾਲਾਬਾਜ਼ਾਰੀਆਂ ਅਤੇ ਗੈਸ ਮਾਫੀਆ ਦੇ ਹੱਥਾਂ ਦੀ ਕਠਪੁਤਲੀ ਬਣ ਚੁੱਕੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਮਾਨ-ਕੇਜਰੀਵਾਲ ਦੇ ਨਵੇਂ ਫ਼ੈਸਲੇ ਨੇ ਫ਼ਿਕਰਾਂ 'ਚ ਪਾਏ ਕਈ ਮੰਤਰੀ ਤੇ ਵਿਧਾਇਕ
ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਸਰਕਾਰ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ ਕਿਉਂਕਿ ਘਰੇਲੂ ਗੈਸ ਸਿਲੰਡਰ ਕਮਰਸ਼ੀਅਲ ਸਿਲੰਡਰ ਦੇ ਮੁਕਾਬਲੇ ਕਾਫੀ ਸਸਤਾ ਹੈ, ਜਿਸ ਦੀ ਮਾਫੀਆ ਵੱਲੋਂ ਸ਼ਹਿਰ ਭਰ ਵਿਚ ਧੜੱਲੇ ਨਾਲ ਕਾਲਬਾਜ਼ਾਰੀ ਕਰ ਕੇ ਸਰਕਾਰੀ ਰੈਵੇਨਿਊ ਨੂੰ ਭਾਰੀ ਚੂਨਾ ਲਾਇਆ ਜਾ ਰਿਹਾ ਹੈ।
ਜਲਦ ਕੀਤੀ ਜਾਵਗੀ ਵੱਡੀ ਕਾਰਵਾਈ : ਕੰਟ੍ਰੋਲਰ
ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੀ ਕੰਟ੍ਰੋਲਰ ਮੈਡਮ ਸ਼ਿਫਾਲੀ ਚੋਪੜਾ ਨੇ ਕਿਹਾ ਕਿ ਗੈਸ ਕੰਪਨੀ ਦੇ ਅਧਿਕਾਰੀਆਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਘਰੇਲੂ ਗੈਸ ਦੀ ਹੋ ਰਹੀ ਕਾਲਾਬਾਜ਼ਾਰੀ ਖਿਲਾਫ ਮੁਹਿੰਮ ਚਲਾਉਣ ਲਈ ਖੁਰਾਕ ਸਪਲਾਈ ਵਿਭਾਗ ਦੀਆਂ ਟੀਮਾਂ ਦੇ ਨਾਲ ਕੋਆਰਡੀਨੇਸ਼ਨ ਕਰ ਕੇ ਸ਼ਹਿਰ ਭਰ ਵਿਚ ਛਾਪੇਮਾਰੀਆਂ ਕਰਨ, ਜਿਸ ਦੇ ਲਈ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੀਆਂ ਟੀਮਾਂ ਹਰ ਸਮੇਂ ਤਿਆਰ ਹਨ। ਸ਼ਿਫਾਲੀ ਨੇ ਕਿਹਾ ਕਿ ਵਿਭਾਗ ਵੱਲੋਂ ਆਪਣੇ ਪੱਧਰ ’ਤੇ ਮੁਲਾਜ਼ਮਾਂ ਦੀਆਂ ਟੀਮਾਂ ਬਣਾ ਕੇ ਬੀਤੇ ਦਿਨੀਂ ਸ਼ਹਿਰ ਭਰ ਵਿਚ ਵੱਡੀ ਕਾਰਵਾਈ ਕੀਤੀ ਗਈ, ਜਿਸ ਵਿਚ ਕਈ ਥਾਵਾਂ ’ਤੇ ਗੈਸ ਸਿਲੰਡਰ ਕਬਜ਼ੇ ਵਿਚ ਲਏ ਗਏ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਸ਼ਹਿਰ ਭਰ ਵਿਚ ਇਕ ਵਾਰ ਫਿਰ ਵੱਡੀ ਮੁਹਿੰਮ ਚਲਾਈ ਜਾਵੇਗੀ, ਜਿਸ ਲਈ ਗੈਸ ਕੰਪਨੀਆਂ ਦੇ ਅਧਿਕਾਰੀਆਂ ਨੂੰ ਵੀ ਅੱਗੇ ਆਉਣ ਦੀ ਲੋੜ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8