ਕੋਰੋਨਾ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦੇ ਪ੍ਰਬੰਧ ਨਾਕਾਫ਼ੀ : ਹਰਪਾਲ ਚੀਮਾ

Friday, Aug 07, 2020 - 06:01 PM (IST)

ਕੋਰੋਨਾ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦੇ ਪ੍ਰਬੰਧ ਨਾਕਾਫ਼ੀ : ਹਰਪਾਲ ਚੀਮਾ

ਸੰਗਰੂਰ (ਜ.ਬ.) : ਕੈਪਟਨ ਸਰਕਾਰ ਕੋਰੋਨਾ ਨਾਲ ਨਜਿੱਠਣ 'ਚ ਫੇਲ੍ਹ ਸਾਬਿਤ ਹੋ ਰਹੀ ਹੈ ਅਤੇ ਪੰਜਾਬ 'ਚ ਡਰੱਗ ਮਾਫ਼ੀਆ, ਰੇਤ ਮਾਫ਼ੀਆ ਅਤੇ ਟਰਾਂਸਪੋਰਟ ਮਾਫ਼ੀਆ ਦਾ ਰਾਜ ਚੱਲ ਰਿਹਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਸਾਬ੍ਹ ਕੋਰੋਨਾ ਨਾਲ ਲੜਾਈ 'ਚ ਵਾਹ-ਵਾਹੀ ਖੱਟਣ ਲਈ ਦੇਸ਼ ਦੇ ਹੋਰਨਾਂ ਸੂਬਿਆਂ ਨਾਲੋਂ ਸਭ ਤੋਂ ਪਹਿਲਾਂ ਕਰਫਿਊ ਲਾਇਆ ਸੀ ਅਤੇ ਪੰਜਾਬ ਦੀ ਜਨਤਾ ਅਤੇ ਵਿਰੋਧੀ ਧਿਰਾਂ ਨੇ ਵੀ ਕੋਰੋਨਾ ਖ਼ਿਲਾਫ਼ ਲੜਾਈ 'ਚ ਸਰਕਾਰ ਦਾ ਭਰਪੂਰ ਸਹਿਯੋਗ ਦਿੱਤਾ ਪਰ ਸਰਕਾਰ ਦੀਆਂ ਨਾਕਾਮੀਆਂ ਕਾਰਣ ਪੰਜਾਬ 'ਚ ਦਿਨੋਂ-ਦਿਨ ਕੋਰੋਨਾ ਵੱਧਦਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਕੋਰੋਨਾ ਖ਼ਿਲਾਫ਼ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਜਾ ਰਹੇ।

ਉਨ੍ਹਾਂ ਕਿਹਾ ਕਿ ਕੋਵਿਡ ਕੇਅਰ ਸੈਂਟਰਾਂ ਦੇ ਹਾਲਤ ਵੀ ਕਿਸੇ ਤੋਂ ਲੁਕੇ ਨਹੀਂ ਹਨ ਅਤੇ ਸਰਕਾਰ ਕੋਰੋਨਾ ਖ਼ਿਲਾਫ਼ ਕੀਤੇ ਪ੍ਰਬੰਧਾਂ 'ਤੇ 300 ਕਰੋੜ ਖਰਚਣ ਦੇ ਦਾਅਵੇ ਕਰਦੀ ਹੈ ਪਰ ਉਹ ਕਿੱਤੇ ਵੀ ਦਿਖਾਈ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਕੋਰੋਨਾ ਦੀ ਆੜ 'ਚ ਸਰਕਾਰੀ ਸਹਿ ਤੇ ਡਰੱਗ ਮਾਫ਼ੀਆ, ਰੇਤ ਮਾਫ਼ੀਆ ਤੇ ਟਰਾਂਸਪੋਰਟ ਮਾਫ਼ੀਆ ਚੱਲ ਰਿਹਾ ਹੈ ਜਿਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਰੋਜ਼ ਕੋਰੋਨਾ ਦੇ 1000 ਦੇ ਲਗਭਗ ਕੇਸ ਸਾਹਮਣੇ ਆ ਰਹੇ ਹਨ ਪਰ ਸਰਕਾਰ ਵੱਲੋਂ ਵੱਡੇ ਪੱਧਰ ਟੈਸਟਿੰਗ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਫਰੰਟ ਲਾਈਨ 'ਤੇ ਕੰਮ ਕਰਦੇ ਮੁਲਾਜ਼ਮਾਂ ਤੇ ਵਰਕਰਾਂ ਦੀ ਵੀ ਟੈਸਟਿੰਗ ਨਹੀਂ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਦੇ 450 ਦੇ ਕਰੀਬ ਮੁਲਾਜ਼ਮ ਕੋਰੋਨਾ ਪਾਜ਼ੇਟਿਵ ਆ ਚੁੱਕੇ ਹਨ ਪਰ ਡੀ. ਜੀ. ਪੀ. ਵੱਲੋਂ ਪੁਲਸ ਮੁਲਾਜ਼ਮਾਂ ਦੀ ਵੱਡੇ ਪੱਧਰ 'ਤੇ ਟੈਸਟਿੰਗ ਕਰਵਾਉਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸੂਬੇ 'ਚ ਕੋਰੋਨਾ ਮਰੀਜਾਂ ਦੇ ਇਲਾਜ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਹਨਮਰੀਜਾਂ ਹਸਪਤਾਲਾਂ 'ਚ ਭੱਜ ਰਹੇ ਹਨ ਤੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਲਾਸ਼ਾਂ ਦੀ ਸਾਂਭ ਸੰਭਾਲ ਸਹੀ ਤਰੀਕੇ ਨਾਲ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਕੋਰੋਨਾ ਦੀ ਟੈਸਟਿੰਗ ਦੇ ਆਂਕੜਿਆਂ, ਕੋਵਿਡ ਸੈਂਟਰਾਂ 'ਚ ਭਰਤੀ ਮਰੀਜ਼ਾਂ ਅਤੇ ਮਰਨ ਵਾਲਿਆਂ ਦੀ ਗਿਣਤੀ ਦੇ ਨਾਲ-ਨਾਲ ਕੋਰੋਨਾ ਦੇ ਪ੍ਰਬੰਧਾਂ 'ਤੇ ਕੀਤੇ ਖਰਚਿਆਂ ਨੂੰ ਲੈ ਕੇ ਵਾਈਟ ਪੇਪਰ ਜਾਰੀ ਕਰੇ।


author

Gurminder Singh

Content Editor

Related News