ਕਾਲ ਸੈਂਟਰ ਗੈਂਗਰੇਪ ਮਾਮਲੇ ''ਚ ਦੋਵੇਂ ਦੋਸ਼ੀਆਂ ਨੂੰ ਉਮਰ ਕੈਦ

08/15/2019 3:55:45 PM

ਚੰਡੀਗੜ੍ਹ (ਸੰਦੀਪ) : 21 ਸਾਲਾ ਕਾਲ ਸੈਂਟਰ ਮਹਿਲਾ ਕਰਮਚਾਰੀ ਨਾਲ ਗੈਂਗਰੇਪ ਦੇ ਮਾਮਲੇ 'ਚ ਦੋਸ਼ੀ ਮੁਹੰਮਦ ਇਰਫਾਨ ਅਤੇ ਕਮਲ ਹਸਨ ਨੂੰ ਜ਼ਿਲਾ ਅਦਾਲਤ ਨੇ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ਅਧੀਨ ਦੋਵਾਂ ਦੋਸ਼ੀਆਂ ਨੂੰ ਹੁਣ ਸਾਰੀ ਉਮਰ ਜੇਲ 'ਚ ਹੀ ਰਹਿਣਾ ਹੋਵੇਗਾ। ਸਜ਼ਾ ਦੇ ਨਾਲ ਹੀ ਅਦਾਲਤ ਨੇ ਦੋਸ਼ੀ ਮੁਹੰਮਦ ਇਰਫਾਨ 'ਤੇ 3 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ ਜਦਕਿ ਦੋਸ਼ੀ ਕਮਲ ਹਸਨ 'ਤੇ 2 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਇੰਡਸਟਰੀਅਲ ਏਰੀਆ ਥਾਣਾ ਪੁਲਸ ਵੱਲੋਂ ਸਾਲ 2016 'ਚ ਦਰਜ ਕੀਤੇ ਗਏ ਇਸ ਕੇਸ 'ਚ ਕਰੀਬ 3 ਸਾਲ ਬਾਅਦ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ ਜਦੋਂਕਿ ਇਸ ਤੋਂ ਪਹਿਲਾਂ ਵੀ ਦੋਸ਼ੀ ਇਰਫਾਨ ਨੂੰ ਇਕ ਹੋਰ ਗੈਂਗਰੇਪ ਦੇ ਕੇਸ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਇਸ ਗੱਲ ਨੂੰ ਆਧਾਰ ਬਣਾਉਂਦੇ ਹੋਏ ਹੀ ਪੀੜਤ ਪੱਖ ਵੱਲੋਂ ਦੋਸ਼ੀ ਇਰਫਾਨ ਨੂੰ ਫ਼ਾਂਸੀ ਦੀ ਸਜ਼ਾ ਸੁਣਾਏ ਜਾਣ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ ਇਕ ਅਗਸਤ ਨੂੰ ਕੇਸ 'ਚ ਦੋਸ਼ੀ ਕਰਾਰ ਦਿੱਤਾ ਸੀ।

ਚਾਕੂ ਦੇ ਜ਼ੋਰ 'ਤੇ ਦੋਵਾਂ ਦੋਸ਼ੀਆਂ ਨੇ ਕੀਤਾ ਸੀ ਗੈਂਗਰੇਪ
ਦਸੰਬਰ 2016 ਨੂੰ ਪੀੜਤਾ ਕਾਲ ਸੈਂਟਰ 'ਚ ਆਪਣੀ ਡਿਊਟੀ ਖ਼ਤਮ ਕਰਕੇ ਪਿਕਾਡਲੀ ਚੌਕ ਪਹੁੰਚੀ ਅਤੇ ਇਥੋਂ ਉਸ ਨੇ ਹੱਲੋਮਾਜਰਾ ਲਈ ਆਟੋ ਲਿਆ ਸੀ। ਇਸ ਸਮੇਂ ਆਟੋ 'ਚ ਪਹਿਲਾਂ ਤੋਂ ਹੀ ਇਕ ਵਿਅਕਤੀ ਬੈਠਾ ਹੋਇਆ ਸੀ। ਆਟੋ ਚਾਲਕ ਜਿਉਂ ਹੀ ਸੈਕਟਰ-29 ਸਥਿਤ ਆਇਰਨ ਮਾਰਕੀਟ ਕੋਲੋਂ ਜੰਗਲ ਏਰੀਏ ਵੱਲ ਪਹੁੰਚਿਆ ਤਾਂ ਉਸ ਨੇ ਆਟੋ ਹਨ੍ਹੇਰੇ ਵਾਲੀ ਜਗ੍ਹਾ 'ਤੇ ਰੋਕ ਲਿਆ। ਇਸ ਦੌਰਾਨ ਆਟੋ ਚਾਲਕ ਅਤੇ ਉਸ ਦਾ ਸਾਥੀ ਤੁਰੰਤ ਚਾਕੂ ਦੇ ਜ਼ੋਰ 'ਤੇ ਲੜਕੀ ਨੂੰ ਜੰਗਲ 'ਚ ਲੈ ਗਏ ਅਤੇ ਉੱਥੇ ਦੋਵਾਂ ਨੇ ਉਸ ਨਾਲ ਗੈਂਗਰੇਪ ਕੀਤਾ ਸੀ। ਇਸ ਦੌਰਾਨ ਮੁਲਜ਼ਮਾਂ ਨੇ ਆਪਣੇ ਮੋਬਾਇਲ 'ਚ ਉਸ ਦੀ ਵੀਡੀਓ ਵੀ ਬਣਾਈ ਸੀ। ਮੁਲਜ਼ਮਾਂ ਨੇ ਲੜਕੀ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦਾ ਵੀਡੀਓ ਵਾਇਰਲ ਕਰ ਦੇਣਗੇ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੌਕੇ ਤੋਂ ਫਰਾਰ ਹੋ ਗਏ ਸਨ। ਪੁਲਸ ਨੇ ਪਹਿਲਾਂ ਇਸ ਕੇਸ 'ਚ ਵਸੀਮ ਮਲਿਕ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ ਪਰ ਵਸੀਮ ਦਾ ਡੀ. ਐੱਨ. ਏ. ਮੈਚ ਨਹੀਂ ਹੋਇਆ। ਉਥੇ ਹੀ ਮੁਹੰਮਦ ਇਰਫਾਨ ਪਹਿਲਾਂ ਕੀਤੇ ਗੈਂਗਰੇਪ 'ਚ ਜੇਲ 'ਚ ਬੰਦ ਸੀ। ਦੋਵੇਂ ਵਾਰਦਾਤਾਂ ਇਕ ਹੀ ਤਰ੍ਹਾਂ ਹੋਣ ਕਾਰਨ ਪੁਲਸ ਨੂੰ ਇਰਫਾਨ 'ਤੇ ਸ਼ੱਕ ਹੋਇਆ ਅਤੇ ਉਸ ਦਾ ਡੀ. ਐੱਨ. ਏ. ਟੈਸਟ ਕਰਵਾਇਆ, ਜੋ ਕਿ ਮੈਚ ਹੋ ਗਿਆ। ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਇਰਫਾਨ ਕਿਰਾਏ 'ਤੇ ਆਟੋ ਲੈ ਕੇ ਚਲਾਉਂਦਾ ਹੈ ਅਤੇ ਵਾਰਦਾਤ ਵਾਲੇ ਦਿਨ ਵੀ ਉਹ ਕਿਰਾਏ ਦੇ ਆਟੋ 'ਚ ਹੀ ਸੀ। ਇਸ ਤੋਂ ਬਾਅਦ ਪੁਲਸ ਨੇ ਜਾਂਚ ਕਰਕੇ ਕਮਲ ਹਸਨ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ।

ਮੁਹੰਮਦ ਇਰਫਾਨ ਨੂੰ ਇਸ ਤੋਂ ਪਹਿਲਾਂ ਇਕ ਹੋਰ ਗੈਂਗਰੇਪ 'ਚ ਸੁਣਾਈ ਜਾ ਚੁੱਕੀ ਹੈ ਉਮਰ ਕੈਦ ਦੀ ਸਜ਼ਾ
ਕੇਸ 'ਚ ਦੋਸ਼ੀ ਮੁਹੰਮਦ ਇਰਫਾਨ ਨੂੰ ਇਸ ਤੋਂ ਪਹਿਲਾਂ ਵੀ ਵਿਦਿਆਰਥਣ ਨਾਲ ਗੈਂਗਰੇਪ ਮਾਮਲੇ 'ਚ ਉਸ ਦੇ ਹੋਰ 2 ਸਾਥੀਆਂ ਨਾਲ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਨਵੰਬਰ 2017 ਨੂੰ ਮੋਹਾਲੀ 'ਚ ਬਤੌਰ ਪੀ. ਜੀ. ਰਹਿਣ ਵਾਲੀ ਵਿਦਿਆਰਥਣ, ਜੋ ਕਿ ਸੈਕਟਰ-37 ਸਥਿਤ ਇਕ ਨਿੱਜੀ ਅਦਾਰੇ 'ਚ ਕੰਪਿਊਟਰ ਕੋਰਸ ਕਰ ਰਹੀ ਸੀ, ਨੇ ਵਾਰਦਾਤ ਦੀ ਰਾਤ ਕਰੀਬ 7:30 ਵਜੇ ਸੈਕਟਰ-37 ਤੋਂ ਮੋਹਾਲੀ ਜਾਣ ਲਈ ਆਟੋ ਹਾਇਰ ਕੀਤਾ ਸੀ। ਇਸ ਦੌਰਾਨ ਆਟੋ 'ਚ 2 ਵਿਅਕਤੀ ਪਹਿਲਾਂ ਹੀ ਬੈਠੇ ਹੋਏ ਸਨ। ਆਟੋ ਚਾਲਕ ਅਤੇ ਉਨ੍ਹਾਂ ਦੋਵਾਂ ਨੇ ਮਿਲ ਕੇ ਉਸ ਵਿਦਿਆਰਥਣ ਨੂੰ ਸੈਕਟਰ-53 ਦੇ ਜੰਗਲ ਏਰੀਏ 'ਚ ਲਿਜਾ ਕੇ ਉਸ ਨਾਲ ਗੈਂਗਰੇਪ ਕੀਤਾ ਸੀ। ਸੈਕਟਰ-36 ਥਾਣਾ ਏਰੀਏ ਨੇ ਇਸ ਕੇਸ 'ਚ ਮੁਹੰਮਦ ਇਰਫਾਨ, ਮੁਹੰਮਦ ਗਰੀਬ ਅਤੇ ਕਿਸਮਤ ਅਲੀ ਨੂੰ ਗ੍ਰਿਫਤਾਰ ਕੀਤਾ ਸੀ। ਤਿੰਨਾਂ ਨੂੰ ਕੇਸ 'ਚ ਦੋਸ਼ੀ ਪਾਉਂਦੇ ਹੋਏ ਜ਼ਿਲਾ ਅਦਾਲਤ ਨੇ ਉਮਰਕੈਦ ਦੀ ਸਜ਼ਾ ਸੁਣਾਈ ਸੀ।

ਅਦਾਲਤ ਨੇ ਚੰਡੀਗੜ੍ਹ ਨੂੰ ਦੱਸਿਆ ਅਨਸੇਫ
ਰੱਖੜੀ ਦਾ ਤਿਉਹਾਰ ਦੇਸ਼ ਦੇ ਸੱਭਿਆਚਾਰ ਨੂੰ ਦਰਸਾਉਂਦਾ ਹੈ। ਦੇਸ਼ 'ਚ ਲੜਕੀਆਂ ਨੂੰ ਦੇਵੀਆਂ ਦੀ ਤਰ੍ਹਾਂ ਪੂਜਿਆ ਜਾਂਦਾ ਹੈ ਪਰ ਇਨ੍ਹਾਂ ਮੁਲਜ਼ਮਾਂ ਦੀ ਹਰਕਤ ਨੇ ਭਾਰਤੀ ਸਮਾਜ ਅਤੇ ਸੱਭਿਆਚਾਰ ਨੂੰ ਨਸ਼ਟ ਕੀਤਾ ਹੈ। ਇਨ੍ਹਾਂ ਨੂੰ ਇਨ੍ਹਾਂ ਦੇ ਕੀਤੇ ਦੀ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਚੰਡੀਗੜ੍ਹ ਸ਼ਹਿਰ ਲੜਕੀਆਂ ਲਈ ਅਨਸੇਫ ਹੋ ਚੁੱਕਿਆ ਹੈ। ਲੜਕੀਆਂ ਨਾਲ ਛੇੜਛਾੜ ਅਤੇ ਰੇਪ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹੁਣ ਲੜਕੀਆਂ ਚੰਡੀਗੜ੍ਹ 'ਚ ਘੁੰਮ ਨਹੀਂ ਸਕਦੀਆਂ ਹਨ। ਉਨ੍ਹਾਂ 'ਚ ਇਕ ਡਰ ਪੈਦਾ ਹੋ ਚੁੱਕਿਆ ਹੈ। ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ ਨੇ ਪਿਛਲੇ ਸਾਲ ਕ੍ਰਾਈਮ ਦੇ ਮਾਮਲੇ 'ਚ ਚੰਡੀਗੜ੍ਹ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਦੂਜਾ ਨੰਬਰ ਦਿੱਤਾ ਹੈ। ਪਿਛਲੇ ਇਕ ਸਾਲ 'ਚ ਲੜਕੀਆਂ ਨਾਲ ਸਰੀਰਕ ਛੇੜਛਾੜ ਦੇ 164 ਮਾਮਲੇ ਦਰਜ ਹੋਏ ਹਨ ਅਤੇ ਇਨ੍ਹਾਂ 'ਚੋਂ 78 ਤਾਂ ਰੇਪ ਦੇ ਹਨ।


Anuradha

Content Editor

Related News