ਨਸ਼ੇ ਵਾਲੇ ਪਦਾਰਥਾਂ ਤੇ ਚੋਰੀ ਦੇ ਮੋਟਰਸਾਈਕਲਾਂ ਸਣੇ 4 ਕਾਬੂ

01/19/2018 7:47:02 AM

ਖਾਲੜਾ/ਭਿੱਖੀਵਿੰਡ/ਹਰੀਕੇ ਪੱਤਣ,   (ਭਾਟੀਆ, ਬਖਤਾਵਰ, ਲਾਲੂ ਘੁੰਮਣ, ਲਵਲੀ)-  ਥਾਣਾ ਖਾਲੜਾ ਦੀ ਪੁਲਸ ਨੇ ਨਾਕਾਬੰਦੀ ਦੌਰਾਨ 3 ਨੌਜਵਾਨਾਂ ਨੂੰ ਭਾਰੀ ਮਾਤਰਾ 'ਚ ਨਸ਼ੇ ਵਾਲੀਆਂ ਗੋਲੀਆਂ, ਕੈਪਸੂਲਾਂ ਅਤੇ ਇਕ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਖਾਲੜਾ ਮਨਜਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਪਿੰਡ ਸਿੱਧਵਾਂ ਨੇੜੇ ਗਸ਼ਤ ਦੌਰਾਨ ਏ. ਐੱਸ. ਆਈ. ਸਰਬਜੀਤ ਸਿੰਘ ਸਮੇਤ ਪੁਲਸ ਪਾਰਟੀ ਨੇ ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਮੋਟਰਸਾਈਕਲ ਸਮੇਤ ਭੱਜਣ ਦੀ ਕੋਸ਼ਿਸ ਕੀਤੀ। ਉਨ੍ਹਾਂ ਨੂੰ ਕਾਬੂ ਕਰ ਕੇ ਜਦੋਂ ਤਲਾਸ਼ੀ ਕੀਤੀ ਤਾਂ ਉਨ੍ਹਾਂ ਕੋਲੋਂ ਭਾਰੀ ਮਾਤਰਾ 'ਚ ਨਸ਼ੇ ਵਾਲੀਆਂ ਗੋਲੀਆਂ, ਕੈਪਸੂਲ ਤੇ ਇਕ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਹੋਇਆ।
ਮੁਲਜ਼ਮਾਂ ਦੀ ਪਛਾਣ ਮੋਤੀ ਸਿੰਘ ਪੁੱਤਰ ਧਿਆਨ ਸਿੰਘ, ਜਨਕ ਸਿੰਘ ਪੁੱਤਰ ਗੇਜਾ ਸਿੰਘ ਤੇ ਕਿੰਦਰ ਸਿੰਘ ਵਜੋਂ ਹੋਈ ਹੈ। ਥਾਣਾ ਮੁਖੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਇਹ ਤਿੰਨੇ ਮੁਲਜ਼ਮ ਖੇਮਕਰਨ ਦੇ ਵਸਨੀਕ ਹਨ। ਮੁਢਲੀ ਪੁੱਛਗਿੱਛ 'ਚ ਉਨ੍ਹਾਂ ਮੰਨਿਆ ਕਿ ਉਹ ਨਸ਼ੇ ਦੇ ਆਦੀ ਹਨ।  ਛੋਟੀਆਂ-ਮੋਟੀਆਂ ਚੋਰੀਆਂ ਕਰਦੇ ਹਨ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਇਸੇ ਤਰ੍ਹਾਂ ਥਾਣਾ ਹਰੀਕੇ ਪੁਲਸ ਵੱਲੋਂ ਚੋਰੀ ਦੇ 3 ਮੋਟਰਸਾਈਕਲਾਂ ਸਣੇ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਹਰੀਕੇ ਦੇ ਮੁੱਖ ਅਫਸਰ ਪ੍ਰਭਜੀਤ ਸਿੰਘ ਗਿੱਲ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਨਾਲ ਪਿੰਡ ਬੂਹ ਅਤੇ ਕਿਰਤੋਵਾਲ ਤੋਂ ਗਸ਼ਤ ਕਰਦੇ ਹੋਏ ਹਰੀਕੇ ਬਿਜਲੀ ਘਰ ਦੇ ਨੇੜੇ ਪੁੱਜੇ। ਉਨ੍ਹਾਂ ਬਾਈਪਾਸ ਹਰੀਕੇ ਪਿੰਡ ਬੂਹ ਨਜ਼ਦੀਕ ਮੋਟਰਸਾਈਕਲ 'ਤੇ ਆਉਂਦੇ ਇਕ ਵਿਅਕਤੀ ਨੂੰ ਵੇਖ ਕੇ ਰੁਕਣ ਦਾ ਇਸ਼ਾਰਾ ਕੀਤਾ। ਉਸ ਨੇ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਕਾਬੂ ਕਰ ਲਿਆ ਗਿਆ। 
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਨਾਂ ਜਤਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਪਰਿੰਗੜੀ ਦੱਸਿਆ। ਉਸ ਕੋਲੋਂ ਚੋਰੀ ਦੇ 3 ਮੋਟਰਸਾਈਕਲ ਬਰਾਮਦ ਹੋਏ। ਪੁਲਸ ਨੇ ਥਾਣਾ ਹਰੀਕੇ ਵਿਖੇ ਮਾਮਲਾ ਦਰਜ ਕਰ ਲਿਆ ਹੈ। ਇਸ ਮੌਕੇ ਮੁਨਸ਼ੀ ਗੁਰਨਾਮ ਸਿੰਘ ਤੇ ਏ. ਐੱਸ. ਆਈ. ਪਲਵਿੰਦਰ ਸਿੰਘ ਆਦਿ ਹਾਜ਼ਰ ਸਨ।


Related News