ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ''ਤੇ ਕੁੱਟਮਾਰ ਕਰ ਕੇ ਗੱਡੀ ਭੰਨਣ ਦੇ ਦੋਸ਼, ਪੀੜਤ ਹਸਪਤਾਲ ''ਚ ਜ਼ੇਰੇ ਇਲਾਜ
Monday, Oct 16, 2017 - 12:10 PM (IST)
ਤਲਵੰਡੀ ਸਾਬੋ (ਮੁਨੀਸ਼) - ਸਵੇਰੇ ਆਪਣੀ ਰਿਸ਼ਤੇਦਾਰੀ ਵਿਚ ਜਾ ਰਹੇ ਇਕ ਨੌਜਵਾਨ ਨੂੰ ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਂ ਵੱਲੋਂ ਕਥਿਤ ਤੌਰ 'ਤੇ ਕੁੱਟਮਾਰ ਕਰ ਕੇ ਜ਼ਖਮੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਆਸ਼ੂ ਕੁਮਾਰ ਆਪਣੀ ਹਰਿਆਣਾ ਨੰਬਰ ਐੱਚ. ਆਰ. 25 ਬੀ 6747 ਸਵਿਫਟ ਗੱਡੀ 'ਤੇ ਡੱਬਵਾਲੀ ਤੋਂ ਮਾਨਸਾ ਜਾ ਰਿਹਾ ਸੀ। ਆਸ਼ੂ ਨੇ ਦੱਸਿਆ ਕਿ ਜਦੋਂ ਉਹ ਤਲਵੰਡੀ ਸਾਬੋ ਤੋਂ ਮਾਨਸਾ ਰੋਡ ਨੂੰ ਜਾ ਰਿਹਾ ਸੀ ਤਾਂ ਉਸ ਦੇ ਪਿੱਛੇ ਇਕ ਬਲੈਰੋ ਗੱਡੀ ਲੱਗ ਗਈ ਤੇ ਉਸ ਨੇ ਮੇਰੀ ਗੱਡੀ ਵਿਚ ਫੇਟ ਮਾਰਨ ਦੀ ਕੋਸ਼ਿਸ਼ ਕੀਤੀ, ਜਦੋਂ ਉਸ ਨੇ ਗੱਡੀ ਰੋਕ ਲਈ ਤਾਂ ਉਕਤ ਗੱਡੀ 'ਚੋਂ ਹਥਿਆਰਾਂ ਨਾਲ ਲੈਸ ਨੌਜਵਾਨ ਉਤਰ ਕੇ ਉਸ ਵੱਲ ਆਉਣ ਲੱਗੇ ਤਾਂ ਉਸ ਨੇ ਫੁਰਤੀ ਨਾਲ ਗੱਡੀ ਮੋੜ ਕੇ ਵਾਪਸ ਤਲਵੰਡੀ ਸਾਬੋ ਵੱਲ ਭਜਾ ਲਈ। ਪੀੜਤ ਆਸ਼ੂ ਨੇ ਦੱਸਿਆ ਕਿ ਉਸ ਨੇ ਚੌਕ ਵਿਚ ਪਹੁੰਚ ਕੇ ਨਜ਼ਰ ਮਾਰੀ ਕਿ ਸ਼ਾਇਦ ਕੋਈ ਪੁਲਸ ਮੁਲਾਜ਼ਮ ਖੜ੍ਹਾ ਹੋਵੇ ਪਰ ਉੱਥੇ ਕਿਸੇ ਦੇ ਨਾ ਹੋਣ ਕਾਰਨ ਉਸ ਨੇ ਗੱਡੀ ਹੋਰ ਅੱਗੇ ਲਿਜਾ ਕੇ ਇਕ ਸੜਕ ਵੱਲ ਮੋੜ ਦਿੱਤੀ ਤਾਂ ਉਥੋਂ ਇਕ ਹੋਰ ਬਲੈਰੋ ਗੱਡੀ ਉਸ ਦੇ ਮਗਰ ਲੱਗ ਗਈ, ਜਿਸ ਵਿਚ 5-6 ਨੌਜਵਾਨ ਹਥਿਆਰਾਂ ਨਾਲ ਲੈਸ ਸਵਾਰ ਸਨ।
ਇਸ ਦੌਰਾਨ ਮੇਰੀ ਗੱਡੀ ਕੱਚੇ ਥਾਂ ਉਤਰ ਕੇ ਬੇਕਾਬੂ ਹੋ ਗਈ ਤੇ ਉਨ੍ਹਾਂ ਮੈਨੂੰ ਘੇਰ ਲਿਆ। ਆਸ਼ੂ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਉਸ ਦੀ ਗੱਡੀ ਦੀ ਭੰਨ-ਤੋੜ ਕਰ ਦਿੱਤੀ ਤੇ ਫਿਰ ਉਸ ਨਾਲ ਕੁੱਟਮਾਰ ਕੀਤੀ। ਉਨ੍ਹਾਂ 'ਚੋਂ ਇਕ ਨੇ ਪਿਸਤੌਲ ਨਾਲ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ। ਆਸ਼ੂ ਨੇ ਦੱਸਿਆ ਕਿ ਠੇਕੇਦਾਰ ਨੇ ਉਸ ਨੂੰ ਮਹਿਜ਼ ਇਸ ਲਈ ਕੁੱਟਿਆ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਮੇਰੇ ਕੋਲ ਸ਼ਰਾਬ ਹੈ, ਜੋ ਸਰਾਸਰ ਗਲਤ ਇਲਜ਼ਾਮ ਹੈ ਤੇ ਉਸ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਗੁੰਡਿਆਂ ਵੱਲੋਂ ਛੱਡੇ ਜਾਣ ਤੋਂ ਬਾਅਦ ਉਹ ਜ਼ਖਮੀ ਹਾਲਤ ਵਿਚ ਗੱਡੀ ਲੈ ਕੇ ਤਲਵੰਡੀ ਸਾਬੋ ਪੁੱਜਾ ਤੇ ਉਸ ਨੇ ਆਪਣੇ ਤਲਵੰਡੀ ਸਾਬੋ ਵਿਚਲੇ ਰਿਸ਼ਤੇਦਾਰਾਂ ਨੂੰ ਫੋਨ ਕਰ ਕੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਤੇ ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ। ਪੀੜਤ ਨੇ ਸਬੰਧਤ ਵਿਅਕਤੀਆਂ ਜਿਨ੍ਹਾਂ 'ਚ ਉਸ ਅਨੁਸਾਰ ਬਠਿੰਡਾ ਦਾ ਕੋਈ ਗੋਇਲ ਨਾਂ ਦਾ ਠੇਕੇਦਾਰ ਵੀ ਹੈ, ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਕੀ ਕਹਿੰਦੇ ਹਨ ਪੁਲਸ ਅਧਿਕਾਰੀ
ਉਧਰ ਤਲਵੰਡੀ ਸਾਬੋ ਦੇ ਡੀ. ਐੱਸ. ਪੀ. ਬਰਿੰਦਰ ਸਿੰਘ ਗਿੱਲ ਨੇ ਸੰਪਰਕ ਕਰਨ 'ਤੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜ਼ਖਮੀ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਕੀ ਕਹਿੰਦੇ ਹਨ ਠੇਕੇਦਾਰ
ਜਦੋ ਮਾਮਲੇ ਸਬੰਧੀ ਮਾਮਲੇ ਨਾਲ ਸਬੰਧਤ ਸਥਾਨਕ ਠੇਕੇਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਕਿਸੇ ਵੀ ਵਿਅਕਤੀ ਨੇ ਕੁੱਟਮਾਰ ਨਹੀਂ ਕੀਤੀ ਸਗੋਂ ਗੱਡੀ ਕਿਸੇ ਦਰਖਤ ਵਿਚ ਟਕਰਾਈ ਹੈ।
