3 ਦਿਨਾਂ ਦੀ ਬੱਸਾਂ ਦੀ ਹੜਤਾਲ ’ਚ 5500 ਕਾਊਂਟਰ ਟਾਈਮ ਮਿਸ ਹੋਣ ਨਾਲ ਯਾਤਰੀਆਂ ’ਚ ਮਚੀ ਹਾਹਾਕਾਰ

Sunday, Dec 18, 2022 - 11:53 AM (IST)

3 ਦਿਨਾਂ ਦੀ ਬੱਸਾਂ ਦੀ ਹੜਤਾਲ ’ਚ 5500 ਕਾਊਂਟਰ ਟਾਈਮ ਮਿਸ ਹੋਣ ਨਾਲ ਯਾਤਰੀਆਂ ’ਚ ਮਚੀ ਹਾਹਾਕਾਰ

ਜਲੰਧਰ (ਪੁਨੀਤ)–ਆਊਟਸੋਰਸ ’ਤੇ 28 ਡਰਾਈਵਰਾਂ ਦੀ ਭਰਤੀ ਕੀਤੇ ਜਾਣ ਖ਼ਿਲਾਫ਼ ਠੇਕਾ ਕਰਮਚਾਰੀ ਯੂਨੀਅਨ ਵੱਲੋਂ ਕੀਤੀ ਜਾ ਰਹੀ ਹੜਤਾਲ ਨਾਲ ਯਾਤਰੀਆਂ ਵਿਚ ਹਾਹਾਕਾਰ ਮਚ ਗਈ ਹੈ ਕਿਉਂਕਿ ਆਸਾਨੀ ਨਾਲ ਬੱਸਾਂ ਨਾ ਮਿਲ ਸਕਣ ਕਾਰਨ ਯਾਤਰੀਆਂ ਨੂੰ ਖਚਾਖਚ ਭਰੀਆਂ ਬੱਸਾਂ ਵਿਚ ਖੜ੍ਹੇ ਹੋ ਕੇ ਸਫ਼ਰ ਕਰਨਾ ਪੈ ਰਿਹਾ ਹੈ। ਹੜਤਾਲ ਕਾਰਨ 1900 ਬੱਸਾਂ ਬੰਦ ਹੋ ਜਾਣ ਕਾਰਨ ਹਰੇਕ ਰੂਟ ’ਤੇ ਬੱਸਾਂ ਦੀ ਭਾਰੀ ਘਾਟ ਵੇਖਣ ਨੂੰ ਮਿਲ ਰਹੀ ਹੈ। ਸਮੇਂ ’ਤੇ ਬੱਸਾਂ ਨਾ ਮਿਲਣ ਕਾਰਨ ਯਾਤਰੀ ਰੋਸ ਵਜੋਂ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਨਜ਼ਰ ਆ ਰਹੇ ਹਨ। ਵੀਰਵਾਰ ਦੁਪਹਿਰ ਤੋਂ ਸ਼ੁਰੂ ਹੋਈ ਹੜਤਾਲ ਦੇ ਇਨ੍ਹਾਂ 3 ਦਿਨਾਂ ਵਿਚ ਪਨਬੱਸ ਨਾਲ ਸਬੰਧਤ ਬੱਸਾਂ ਦੇ 5500 ਤੋਂ ਵੱਧ ਕਾਊਂਟਰ ਟਾਈਮ ਮਿਸ ਹੋ ਚੁੱਕੇ ਹਨ। ਸਰਕਾਰ ਵੱਲੋਂ ਹੜਤਾਲ ਖ਼ਤਮ ਕਰਵਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਯੂਨੀਅਨ ਆਪਣੀ ਮੰਗ ’ਤੇ ਅਡਿੱਗ ਰਹੀ, ਜਿਸ ਕਾਰਨ ਹੜਤਾਲ ਖ਼ਤਮ ਨਹੀਂ ਹੋ ਸਕੀ।

PunjabKesari

ਯਾਤਰੀ ਅਤੇ ਯੂਨੀਅਨ ਦੇ ਨਾਲ-ਨਾਲ ਉਕਤ ਹੜਤਾਲ ਸਰਕਾਰ ਲਈ ਵੀ ਪ੍ਰੇਸ਼ਾਨੀ ਦਾ ਸਬੱਬ ਬਣ ਰਹੀ ਹੈ। ਹੜਤਾਲ ਦੇ ਤੀਜੇ ਦਿਨ ਅੱਜ ਸਵੇਰੇ ਯੂਨੀਅਨ ਦੇ ਹੜਤਾਲੀ ਕਰਮਚਾਰੀਆਂ ਨੇ ਡਿਪੂਆਂ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਦੇ ਹੋਏ ਸਰਕਾਰ ’ਤੇ ਵਾਅਦਾਖਿਲਾਫੀ ਦਾ ਦੋਸ਼ ਲਾਇਆ। ਯੂਨੀਅਨ ਦੇ ਸੂਬਾਈ ਬੁਲਾਰੇ ਦਲਜੀਤ ਸਿੰਘ ਜੱਲੇਵਾਲ, ਬਲਵਿੰਦਰ ਸਿੰਘ ਰਾਠ, ਗੁਰਪ੍ਰੀਤ ਸਿੰਘ ਭੁੱਲਰ, ਸਤਪਾਲ ਸਿੰਘ ਸੱਤਾ, ਰਣਜੀਤ ਸਿੰਘ, ਚਾਨਣ ਸਿੰਘ ਅਤੇ ਵਿਕਰਮ ਸਿੰਘ ਦੀ ਅਗਵਾਈ ਵਿਚ ਹੋਏ ਧਰਨਾ-ਪ੍ਰਦਰਸ਼ਨ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਠੇਕਾ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਭਰੋਸਾ ਦਿਵਾਇਆ ਸੀ ਪਰ ਹੁਣ 9 ਮਹੀਨਿਆਂ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚੋਂ ਹੋਵੇਗਾ ਗੈਂਗਸਟਰਾਂ ਦਾ ਸਫ਼ਾਇਆ, ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਭਗਵੰਤ ਮਾਨ ਨੇ ਆਖੀ ਵੱਡੀ ਗੱਲ

PunjabKesari

ਦਲਜੀਤ ਸਿੰਘ ਅਤੇ ਸਤਪਾਲ ਸਿੰਘ ਨੇ ਕਿਹਾ ਕਿ ਆਊਟਸੋਰਸ ’ਤੇ ਭਰਤੀ ਕਰਨਾ ਸਰਕਾਰ ਦੀਆਂ ਕਰਮਚਾਰੀ ਵਿਰੋਧੀ ਨੀਤੀਆਂ ਨੂੰ ਉਜਾਗਰ ਕਰ ਰਿਹਾ ਹੈ। ਵਿਭਾਗ ਵੱਲੋਂ ਮਿਲੀਭੁਗਤ ਨਾਲ ਟਰੇਨਿੰਗ ਤੋਂ ਛੋਟ ਦੇ ਕੇ ਉਕਤ ਕਰਮਚਾਰੀਆਂ ਨੂੰ ਡਿਪੂਆਂ ਵਿਚ ਤਾਇਨਾਤ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਨਵੇਂ ਡਰਾਈਵਰ ਬੱਸਾਂ ਚਲਾਉਂਦੇ ਹਨ ਤਾਂ ਯਾਤਰੀਆਂ ਦਾ ਸਫ਼ਰ ਮੁਸ਼ਕਿਲ ਪੈ ਜਾਵੇਗਾ, ਇਸ ਲਈ ਇਨ੍ਹਾਂ ਕਰਮਚਾਰੀਆਂ ਨੂੰ ਬੱਸਾਂ ਨਹੀਂ ਚਲਾਉਣ ਦਿੱਤੀਆਂ ਜਾਣਗੀਆਂ।
ਸਰਕਾਰ ਵਿਰੋਧੀ ਪ੍ਰਦਰਸ਼ਨ ਕਰਦੇ ਹੋਏ ਸਵੇਰ ਤੋਂ ਸ਼ਾਮ ਤੱਕ ਡਿਪੂਆਂ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਇਸ ਉਪਰੰਤ ਯੂਨੀਅਨ ਵੱਲੋਂ ਨਿਯੁਕਤ ਕੀਤੇ ਗਏ ਕਰਮਚਾਰੀਆਂ ਨੂੰ ਰਾਤ ਦੇ ਪਹਿਰੇ ’ਤੇ ਤਾਇਨਾਤ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਵਿਭਾਗੀ ਅਧਿਕਾਰੀ ਮਿਲੀਭੁਗਤ ਨਾਲ ਨਵੇਂ ਡਰਾਈਵਰਾਂ ਤੋਂ ਰੂਟ ਚਲਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਰਕਾਰ ਵੱਲੋਂ ਬੱਸਾਂ ਚਲਵਾਉਣ ਦੀ ਜਿਹਡ਼ੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਨੂੰ ਕਿਸੇ ਵੀ ਸੂਰਤ ਵਿਚ ਸਫਲ ਨਹੀਂ ਹੋਣ ਦਿੱਤਾ ਜਾਵੇਗਾ।

PunjabKesari

ਇੰਟਰ ਸਟੇਟ ਬੱਸਾਂ ਦੀ ਘਾਟ ਬਣੀ ਪ੍ਰੇਸ਼ਾਨੀ ਦਾ ਸਬੱਬ
ਪੰਜਾਬ ਦੇ ਰੂਟਾਂ ਲਈ ਪ੍ਰਾਈਵੇਟ ਬੱਸਾਂ ਜ਼ਰੀਏ ਯਾਤਰੀ ਜਿਵੇਂ-ਕਿਵੇਂ ਆਪਣਾ ਕੰਮ ਚਲਾ ਰਹੇ ਹਨ ਪਰ ਦੂਜੇ ਸੂਬਿਆਂ ਵਿਚ ਜਾਣ ਵਾਲੇ ਯਾਤਰੀਆਂ ਨੂੰ ਇੰਟਰ ਸਟੇਟ ਬੱਸਾਂ ਨਾ ਮਿਲ ਸਕਣਾ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਦੇਖਣ ਵਿਚ ਆ ਰਿਹਾ ਹੈ ਕਿ ਕਾਊਂਟਰਾਂ ’ਤੇ ਯਾਤਰੀਆਂ ਨੂੰ ਆਪਣੇ ਰੂਟ ਦੀਆਂ ਬੱਸਾਂ ਲਈ ਉਡੀਕ ਕਰਨੀ ਪੈ ਰਹੀ ਹੈ। ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਬੱਸਾਂ ਦਾ ਸਫ਼ਰ ਵੀ ਆਸਾਨ ਨਹੀਂ ਹੈ ਕਿਉਂਕਿ ਬੱਸਾਂ ਦੀ ਘਾਟ ਹੋਣ ਕਾਰਨ ਹਰੇਕ ਬੱਸ ਵਿਚ ਲੋੜ ਤੋਂ ਵੱਧ ਯਾਤਰੀ ਸਫ਼ਰ ਕਰ ਰਹੇ ਹਨ।

ਇਹ ਵੀ ਪੜ੍ਹੋ : ਫਰੀਦਕੋਟ ਵਿਖੇ ਸ਼ੱਕੀ ਹਾਲਾਤ 'ਚ ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News