ਜਾਖੜ ਨੇ ਕਾਂਟਰੈਕਟ ਕਾਮਿਆਂ ਨੂੰ ਮੁੱਖ ਮੰਤਰੀ ਨਾਲ ਮਿਲਾਉਣ ਦਾ ਦਿੱਤਾ ਭਰੋਸਾ

04/23/2018 7:08:33 PM

ਚੰਡੀਗੜ੍ਹ (ਭੁੱਲਰ) : ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਤੇ 'ਦਿ ਕਲਾਸ ਫੋਰ ਗੋਰਮਿੰਟ ਇੰਪਲਾਈਜ਼ ਯੂਨੀਅਨ' ਵੱਲੋਂ ਲੰਬੇ ਸਮੇਂ ਤੋਂ ਮੁਲਾਜ਼ਮਾਂ ਨਾਲ ਮੰਗਾਂ 'ਤੇ ਗੱਲਬਾਤ ਨਾ ਕਰਨ ਦੇ ਰੋਸ ਵਜੋਂ 22 ਅਪ੍ਰੈਲ ਨੂੰ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਘਰ ਧਰਨਾ ਦੇਣ ਦਾ ਐਲਾਨ ਕੀਤਾ ਸੀ ਪਰ ਫਾਜ਼ਿਲਕਾ ਪ੍ਰਸ਼ਾਸਨ ਵੱਲੋਂ ਐਕਸ਼ਨ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਨਾਲ ਮੁਲਾਜ਼ਮਾਂ ਦੀ ਮੀਟਿੰਗ ਦਾ ਸਮਾਂ ਤੈਅ ਕਰਵਾ ਦਿੱਤਾ ਜਿਸ ਤਹਿਤ ਅੱਜ ਮੀਟਿੰਗ ਦੇ ਮਿਲੇ ਸੱਦੇ ਅਨੁਸਾਰ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਤੇ ਦਿ ਕਲਾਸ ਫੋਰ ਗੋਰਮਿੰਟ ਇੰਪਲਾਈਜ਼ ਯੂਨੀਅਨ ਦੇ ਵਫਦ ਦੀ ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ ਕਾਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਮੀਟਿੰਗ ਹੋਈ। ਇਸ ਮੌਕੇ ਕਮੇਟੀ ਵੱਲੋਂ ਜਾਖੜ ਨੂੰ ਇਕ ਮੰਗ ਪੱਤਰ ਵੀ ਪੇਸ਼ ਕੀਤਾ ਗਿਆ। ਉਨ੍ਹਾਂ ਨਾਲ ਨਵੇਂ ਬਣੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੀ ਮੌਜੂਦ ਸਨ।
ਮੀਟਿੰਗ ਵਿਚ ਮੁਲਾਜ਼ਮ ਆਗੂਆ ਵੱਲੋਂ ਕਾਂਗਰਸ ਪ੍ਰਧਾਨ ਨੂੰ ਚੋਣਾਂ ਦੌਰਾਨ ਕੀਤੇ ਵਾਅਦੇ ਯਾਦ ਕਰਵਾਏ ਗਏ ਅਤੇ ਇਕ ਸਾਲ ਤੋਂ ਮੀਟਿੰਗ ਨਾ ਕਰਨ ਦਾ ਰੋਸ ਜ਼ਾਹਿਰ ਕੀਤਾ ਗਿਆ। ਆਗੂਆ ਨੇ ਕਾਂਗਰਸ ਪ੍ਰਧਾਨ ਨੂੰ ਇਹ ਵੀ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਸੁਵਿਧਾ ਮੁਲਾਜ਼ਮਾਂ ਨੂੰ ਬਹਾਲ ਕਰਨ ਅਤੇ ਕੁੱਝ ਹੋਰ ਮੰਗਾਂ 'ਤੇ ਸਰਕਾਰ ਦਾ ਇਕ ਪੈਸਾ ਵੀ ਖਰਚ ਨਹੀਂ ਹੋਣਾ ਹੈ ਫਿਰ ਵੀ ਸਰਕਾਰ ਮੁਲਾਜ਼ਮਾਂ ਦੀਆ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ ਅਤੇ ਮੁਲਾਜ਼ਮਾਂ ਨਾਲ ਮੀਟਿੰਗ ਕਰਨ ਤੋਂ ਕਤਰਾ ਰਹੀ ਹੈ।
ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਤੇ ਦਿ ਕਲਾਸ ਫੋਰ ਗੋਰਮਿੰਟ ਇੰਪਲਾਈਜ਼ ਯੂਨੀਅਨ ਦੇ ਆਗੂ ਸੱਜਣ ਸਿੰਘ ਅਸ਼ੀਸ਼ ਜੁਲਾਹਾ, ਰਣਜੀਤ ਸਿੰਘ ਰਾਣਵਾਂ, ਅਮ੍ਰਿੰਤਪਾਲ ਸਿੰਘ, ਰਜਿੰਦਰ ਸਿੰਘ ਸੰਧਾ, ਸਤਪਾਲ ਸਿੰਘ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਮੁਲਾਜ਼ਮਾਂ ਦੇ ਵਫਦ ਨੂੰ ਵਿਸ਼ਵਾਸ ਦੁਆਇਆ ਗਿਆ ਕਿ ਉਹ ਨਿੱਜੀ ਰੂਪ ਵਿਚ ਮੁੱਖ ਮੰਤਰੀ ਪੰਜਾਬ ਨੂੰ ਮਿਲ ਕੇ ਮੰਗਾਂ ਸਬੰਧੀ ਵਿਚਾਰ ਵਿਟਾਦਰਾਂ ਕਰਨਗੇ ਅਤੇ ਮੁਲਾਜ਼ਮਾਂ ਦੀ ਜਲਦ ਹੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣਗੇ। ਇਸ ਭਰੋਸੇ ਤੋਂ ਬਾਅਦ ਕਾਂਟਰੈਕਟ ਕਾਮਿਆਂ ਨੇ ਜਾਖੜ ਦੇ ਘਿਰਾਓ ਦਾ ਪ੍ਰੋਗਰਾਮ ਫਿਲਹਾਲ ਰੱਦ ਕਰ ਦਿੱਤਾ ਹੈ।


Related News