ਖਪਤਕਾਰਾਂ ਨੂੰ ਗੈਸ ਏਜੰਸੀਆਂ ਦੇ ਡਲਿਵਰੀ ਮੈਨਜ਼ ਦੀਆਂ ਮਨਮਾਨੀਆਂ ਤੋਂ ਮਿਲਿਆ ਛੁਟਕਾਰਾ

09/04/2021 12:14:47 PM

ਲੁਧਿਆਣਾ (ਖੁਰਾਣਾ) : ਰਸੋਈ ਗੈਸ ਖਪਤਕਾਰਾਂ ਨੂੰ ਹੁਣ ਆਪਣੀਆਂ ਸਬੰਧਤ ਗੈਸ ਏਜੰਸੀਆਂ ਦੇ ਡਲਿਵਰੀਮੈਨ ਦੀਆਂ ਮਨਮਾਨੀਆਂ ਅਤੇ ਧੱਕੇਸ਼ਾਹੀ ਨਾਲ ਮੋਬਾਇਲ ਫੋਨ ਦੇ ਇਕ ਡਾਇਲ ਨਾਲ ਹੀ ਛੁਟਕਾਰਾ ਮਿਲ ਜਾਵੇਗਾ। ਹੁਣ ਕੇਂਦਰੀ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਨੇ ਘਰੇਲੂ ਗੈਸ ਖਪਤਕਾਰਾਂ ਦੀ ਪਿਛਲੇ ਕਈ ਦਹਾਕਿਆਂ ਤੋਂ ਚਲੀ ਆ ਰਹੀ ਪ੍ਰੇਸ਼ਾਨੀ ਦਾ ਜੜ੍ਹੋਂ ਸਫਾਇਆ ਕਰਨ ਦੇ ਮਕਸਦ ਨਾਲ ‘ਗੈਸ ਸਿਲੰਡਰ ਰੀਫਿਲ ਪੋਰਟੇਬਿਲਟੀ’ ਯੋਜਨਾ ਨੂੰ ਜ਼ਮੀਨ ’ਤੇ ਉਤਾਰਿਆ ਹੈ, ਜਿਸ ਦੀ ਵਰਤੋਂ ਨਾਲ ਖਪਤਕਾਰ ਆਪਣੇ ਇਲਾਕੇ ’ਚ ਗੈਸ ਸਿਲੰਡਰਾਂ ਦੀ ਡਲਿਵਰੀ ਕਰਨ ਵਾਲੇ ਕਿਸੇ ਵੀ ਗੈਸ ਏਜੰਸੀ ’ਤੇ ਬੁਕਿੰਗ ਕਰਵਾ ਕੇ ਸਿਲੰਡਰ ਦੀ ਸਪਲਾਈ ਲੈ ਸਕਦੇ ਹਨ। ਮਿਸਾਲ ਦੇ ਤੌਰ ’ਤੇ ਜੇਕਰ ਖਪਤਕਾਰ ਨੂੰ ਏਜੰਸੀ ਦੇ ਸਪਲਾਈ ਸਿਸਟਮ ਜਾਂ ਡਲਿਵਰੀਮੈਨ ਦੇ ਵਿਵਹਾਰ ਤੋਂ ਦਿੱਕਤ ਹੈ ਜਾਂ ਫਿਰ ਓਵਰਚਾਰਜਿੰਗ ਆਦਿ ਦੇ ਮਾਮਲੇ ਸਬੰਧੀ ਮੁਸ਼ਕਿਲਾਂ ਝੱਲਣੀਆਂ ਪੈ ਰਹੀਆਂ ਹਨ ਤਾਂ ਉਹ ਗੈਸ ਕੰਪਨੀਆਂ ਵੱਲੋਂ ਜਾਰੀ ‘ਐਪ’ ਦੀ ਵਰਤੋਂ ਕਰ ਕੇ ਹੋਰ ਗੈਸ ਏਜੰਸੀਆਂ ਤੋਂ ਸਿਲੰਡਰ ਪ੍ਰਾਪਤ ਕਰ ਸਕਦੇ ਹਨ। ਜੇਕਰ ਗੱਲ ਕੀਤੀ ਜਾਵੇ ਖਪਤਕਾਰ ਵੱਲੋਂ ਯੋਜਨਾ ਦਾ ਲਾਭ ਉਠਾਉਣ ਦੀ ਤਾਂ ਇਸ ਦੇ ਲਈ ਉਨ੍ਹਾਂ ਨੂੰ ਗੈਸ ਕੰਪਨੀਆਂ ਵੱਲੋਂ ਜਾਰੀ ਕੀਤੀ ਗਈ ‘ਐਪ’ ਅਤੇ ਵ੍ਹਟਸਐਪ ਨੰਬਰ ਨੂੰ ਆਪਣੇ ਮੋਬਾਇਲ ਫੋਨ ’ਚ ਸੇਵ ਕਰਨਾ ਜ਼ਰੂਰੀ ਹੋਵੇਗਾ, ਜਿਸ ਦੀ ਵਰਤੋਂ ਨਾਲ ਨਾ ਸਿਰਫ ਉਹ ਆਪਣੀ ਮਨਪਸੰਦ ਗੈਸ ਏਜੰਸੀ ਨਾਲ ਜੁੜ ਸਕਣਗੇ, ਸਗੋਂ ਸਮੇਂ-ਸਮੇਂ ’ਤੇ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਹੋਣ ਵਾਲੇ ਬਦਲਾਅ ਨੂੰ ਵੀ ਚੈੱਕ ਕਰ ਸਕਦੇ ਹਨ।

ਟ੍ਰੇਡ ਨਾਲ ਜੁੜੇ ਮਾਹਿਰਾਂ ਦੀ ਮੰਨੀਏ ਤਾਂ ਅਗਾਮੀ ਦਿਨਾਂ ’ਚ ਕੇਂਦਰੀ ਮੰਤਰਾਲਾ ਵੱਲੋਂ ਇਕ ਹੋਰ ਵੱਡੀ ਪਹਿਲਕਦਮੀ ਕੀਤੀ ਜਾ ਰਹੀ ਹੈ, ਜਿਸ ਵਿਚ ਖਪਤਕਾਰ ਦਾ ਗੈਸ ਸਿਲੰਡਰ ਖਤਮ ਹੋਣ ਦੀ ਸਥਿਤੀ ਵਿਚ ਉਹ ਇਲਾਕੇ ਵਿਚ ਘੁੰਮ ਰਹੇ ਕਿਸੇ ਵੀ ਗੈਸ ਏਜੰਸੀ ਦੇ ਵਾਹਨ ਨੂੰ ਰੋਕ ਕੇ ਡਲਿਵਰੀਮੈਨ ਨੂੰ ਬਣਦੀ ਰਾਸ਼ੀ ਅਦਾ ਕਰ ਕੇ ਗੈਸ ਸਿਲੰਡਰ ਰੀਫਿਲ ਕਰਵਾ ਸਕਦਾ ਹੈ।


Anuradha

Content Editor

Related News