ਰੁਕਣ ਦਾ ਇਸ਼ਾਰਾ ਕੀਤਾ ਤਾਂ ਹੌਲਦਾਰ ’ਤੇ ਹੀ ਚੜ੍ਹਾ ’ਤੀ ਗੱਡੀ
Tuesday, Jan 26, 2021 - 02:15 PM (IST)

ਪਟਿਆਲਾ (ਬਲਜਿੰਦਰ) : ਡਿਊਟੀ ’ਤੇ ਖੜ੍ਹੇ ਹੌਲਦਾਰ ਨੇ ਜਦੋਂ ਬਲੈਰੋ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਡਰਾਈਵਰ ਨੇ ਹੌਲਦਾਰ ਚਰਨਜੀਤ ਕੁਮਾਰ ’ਤੇ ਹੀ ਗੱਡੀ ਚੜ੍ਹਾ ਦਿੱਤੀ। ਇਸ ’ਚ ਹੌਲਦਾਰ ਚਰਨਜੀਤ ਕੁਮਾਰ ਜ਼ਖਮੀ ਹੋ ਗਿਆ। ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਪੁਲਸ ਨੇ ਇਸ ਮਾਮਲੇ ’ਚ ਹੌਲਦਾਰ ਚਰਨਜੀਤ ਕੁਮਾਰ ਪੁੱਤਰ ਅਮੀ ਚੰਦ ਵਾਸੀ ਪਿੰਡ ਮੰਜਾਲ ਕਲਾਂ ਥਾਣਾ ਸਦਰ ਪਟਿਆਲਾ ਦੀ ਸ਼ਿਕਾਇਤ ’ਤੇ ਗੱਡੀ ਡਰਾਈਵਰ ਗੁਰਜੰਟ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਅਲੀਪੁਰ ਅਰਾਈਆਂ ਥਾਣਾ ਅਨਾਜ ਮੰਡੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਹੌਲਦਾਰ ਚਰਨਜੀਤ ਕੁਮਾਰ ਮੁਤਾਬਕ ਉਹ ਪੁਲਸ ਪਾਰਟੀ ਸਮੇਤ ਵੱਡੀ ਨਦੀ ਪੁਲ ਸਨੌਰ ਰੋਡ ਪਟਿਆਲਾ ਵਿਖੇ ਮੌਜੂਦ ਸੀ। ਉਕਤ ਵਿਅਕਤੀ ਗੱਡੀ ’ਚ ਆਇਆ। ਉਨ੍ਹਾਂ ਨੇ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਪਹਿਲਾਂ ਤਾਂ ਉਕਤ ਵਿਅਕਤੀ ਨੇ ਗੱਡੀ ਹੌਲੀ ਕਰ ਲਈ। ਜਦੋਂ ਨੇੜੇ ਆ ਗਿਆ ਤਾਂ ਆਪਣੀ ਗੱਡੀ ਮਾਰ ਦੇਣ ਦੀ ਨੀਅਤ ਨਾਲ ਉਸ ’ਤੇ ਚੜ੍ਹਾ ਦਿੱਤੀ ਅਤੇ ਹੌਲਦਾਰ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ’ਚ ਹੌਲਦਾਰ ਚਰਨਜੀਤ ਕੁਮਾਰ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।