ਕਾਂਗਰਸੀ ਵਰਕਰਾਂ ਨੇ ਪਾਰਟੀ ਆਬਜ਼ਰਵਰ ਨੂੰ ਸੁਣਾਇਆ ਦੁੱਖੜਾ

12/29/2021 3:23:16 PM

ਭਾਦਸੋਂ (ਅਵਤਾਰ) : ਵਿਰਸਾ ਫਾਰਮ ਹਾਊਸ ਨਾਨੋਕੀ ਵਿਖੇ ਕਾਂਗਰਸੀ ਵਰਕਰਾਂ ਦੀ ਅਹਿਮ ਮੀਟਿੰਗ ਕੀਤੀ ਗਈ। ਇਸ ਵਿੱਚ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਆਬਜ਼ਰਵਰ ਸੰਜੇ ਠਾਕੁਰ ਅਤੇ ਜਲ ਸਰੋਤ ਨਿਗਮ ਦੇ ਚੇਅਰਮੈਨ ਮਹੰਤ ਹਰਵਿੰਦਰ ਸਿੰਘ ਖਨੌੜਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰੱਕਤ ਕੀਤੀ। ਇਸ ਮੀਟਿੰਗ ਵਿੱਚ ਵਰਕਰਾਂ ਨੇ ਆਪਣਾ ਦੁੱਖੜਾ ਸੁਣਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿਚ ਕੋਈ ਪੁੱਛ ਪ੍ਰਤੀਤ ਨਹੀਂ ਹੈ। ਕਾਂਗਰਸੀ ਵਰਕਰਾਂ ਦਾ ਕੋਈ ਕੰਮ ਨਹੀਂ ਹੋ ਰਿਹਾ। ਕੋਈ ਅਫ਼ਸਰ ਉਨ੍ਹਾਂ ਨੂੰ ਸਰਕਾਰੀ ਦਫ਼ਤਰ ਵਿਚ ਸਨਮਾਨ ਨਹੀਂ ਦੇ ਰਿਹਾ। ਵਰਕਰਾਂ ਨੇ ਹਲਕਾ ਵਿਧਾਇਕ ਵੱਲੋਂ ਕੀਤੀਆਂ ਜਾਂਦੀਆਂ ਆਪ ਹੁਦਰੀਆਂ ਬਾਰੇ ਆਪਣਾ ਦੁੱਖੜਾ ਰੋਇਆ।

ਵਰਕਰਾਂ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ ਤੇ ਕਰਦੇ ਰਹਾਂਗੇ ਪਰ ਹਲਕੇ ਅੰਦਰ ਵਰਕਰਾਂ ਦੀ ਹੁੰਦੀ ਦੁਰਦਸ਼ਾ ਕਰਨ ਉਹ ਮਨਸਿਕ ਤੌਰ 'ਤੇ ਪਰੇਸ਼ਾਨ ਹਨ। ਉਨ੍ਹਾਂ ਨੇ ਵਿਧਾਇਕ ਵੱਲੋਂ ਵਰਕਰਾਂ ਪ੍ਰਤੀ ਕੀਤੇ ਵਿਤਕਰੇ ਨੂੰ ਹਾਈਕਮਾਨ ਤੱਕ ਪਹੁੰਚਾਉਣ ਲਈ ਆਵਾਜ਼ ਬੁਲੰਦ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਵਿਧਾਇਕ ਧਰਮਸੋਤ ਖ਼ਿਲਾਫ਼ ਭ੍ਰਿਸ਼ਟਾਚਾਰ ਆਦਿ ਦੇ ਦੋਸ਼ ਲੱਗਦੇ ਰਹੇ ਹਨ, ਜਿਸ ਨਾਲ ਪਾਰਟੀ ਨੂੰ ਵੱਡੀ ਢਾਹ ਲੱਗੀ ਹੈ।

ਮਹੰਤ ਹਰਵਿੰਦਰ ਸਿੰਘ ਖਨੌੜਾ ਨੇ ਆਬਜ਼ਰਬਰ ਸੰਜੇ ਠਾਕੁਰ ਰਾਹੀਂ ਹਾਈਕਮਾਨ ਤੋਂ ਮੰਗ ਕੀਤੀ ਕਿ ਪੂਰੇ ਵਿਧਾਨ ਸਭਾ ਹਲਕਾ ਨਾਭਾ ਦੇ ਟਕਸਾਲੀ ਕਾਂਗਰਸੀ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਧਰਮਸੋਤ ਨੂੰ ਹਲਕਾ ਨਾਭਾ ਤੋਂ ਟਿਕਟ ਸੋਚ-ਵਿਚਾਰ ਕੇ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਹਲਕਾ ਨਾਭਾ ਤੋਂ ਸਾਫ਼ ਅਕਸ ਵਾਲੇ ਉਮੀਦਵਾਰ ਨੂੰ ਟਿਕਟ ਦਿੱਤਾ ਜਾਵੇ। ਇਸ ਮੌਕੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਆਬਜ਼ਰਬਰ ਸੰਜੇ ਠਾਕੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਸਾਰੇ ਵਰਕਰਾਂ ਦਾ ਸਾਂਝਾ ਪਲੇਟਫਾਰਮ ਹੈ ਅਤੇ ਹਰ ਇੱਕ ਵਰਕਰ, ਆਗੂ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ।


Babita

Content Editor

Related News