ਕਾਂਗਰਸ ਸਰਕਾਰ ਨੇ ਅਕਾਲੀ ਆਗੂਆਂ ''ਤੇ ਪਰਚੇ ਦਰਜ ਕਰ ਕੇ ਧੱਕੇਸ਼ਾਹੀ ਦਾ ਰਾਹ ਅਪਣਾਇਆ : ਔਲਖ
Monday, Dec 11, 2017 - 11:06 AM (IST)
ਤਰਨਤਾਰਨ (ਬਲਵਿੰਦਰ ਕੌਰ) - ਕੁਝ ਦਿਨ ਪਹਿਲਾਂ ਸਿਆਸੀ ਸ਼ਹਿ 'ਤੇ ਕਾਂਗਰਸੀ ਵਰਕਰਾਂ ਵੱਲੋਂ ਅਕਾਲੀ ਵਰਕਰਾਂ ਦੀ ਕੀਤੀ ਗਈ ਕੁੱਟਮਾਰ ਦੇ ਵਿਰੋਧ 'ਚ ਬੰਗਾਲੀ ਪੁਲ ਮੱਖੂ ਵਿਖੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ ਵਿਰੁੱਧ ਸ਼ਾਂਤਮਈ ਧਰਨਾ ਦੇਣ ਵਾਲੇ ਪਾਰਟੀ ਦੇ ਸੀਨੀਅਰ ਅਕਾਲੀ ਆਗੂਆਂ ਤੇ ਵਰਕਰਾਂ 'ਤੇ ਪਰਚੇ ਦਰਜ ਕਰ ਕੇ ਕਾਂਗਰਸ ਸਰਕਾਰ ਬਦਲਾਖੋਰੀ ਦੀ ਨੀਤੀ ਨੂੰ ਅਪਣਾਉਂਦੀ ਹੋਈ ਧੱਕੇਸ਼ਾਹੀ 'ਤੇ ਉੱਤਰ ਆਈ ਹੈ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਉਕਤ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਕੁਲਦੀਪ ਸਿੰਘ ਔਲਖ ਨੇ ਪ੍ਰੈੱਸ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕਾਂਗਰਸ ਪਾਰਟੀ ਨੇ ਸੂਬੇ ਦੀ ਕਮਾਨ ਸੰਭਾਲੀ ਹੈ, ਉਦੋਂ ਤੋਂ ਹੀ ਅਨੇਕਾਂ ਅਕਾਲੀ ਵਰਕਰਾਂ 'ਤੇ ਜਾਨਲੇਵਾ ਹਮਲੇ ਹੋ ਚੁੱਕੇ ਹਨ, ਜੋ ਸ਼ਰੇਆਮ ਲੋਕਤੰਤਰ ਦਾ ਘਾਣ ਹੈ ਤੇ ਬੀਤੇ ਦਿਨੀਂ ਹੋਈ ਘਟਨਾ ਨੇ ਪਿਛਲੇ ਸਾਰੇ ਰਿਕਾਰਡ ਤੋੜ ਕੇ ਅਕਾਲੀ ਦਲ ਨੂੰ ਸੜਕਾਂ 'ਤੇ ਧਰਨੇ ਦੇਣ ਲਈ ਮਜਬੂਰ ਕਰ ਦਿੱਤਾ ਪਰ ਸਿਆਸੀ ਇਸ਼ਾਰੇ 'ਤੇ ਪ੍ਰਸ਼ਾਸਨ ਵੱਲੋਂ ਅਕਾਲੀ ਆਗੂਆਂ 'ਤੇ ਝੂਠੇ ਪਰਚੇ ਦਰਜ ਕਰ ਕੇ ਸਿਆਸੀ ਬਦਲਾਖੋਰੀ ਨੂੰ ਜਗ ਜ਼ਾਹਿਰ ਕਰ ਦਿੱਤਾ ਗਿਆ ਹੈ, ਜੋ ਸ਼ਰਮਨਾਕ ਹੈ।