26 ਨਵੰਬਰ ਤੋਂ ਜਗਜੀਤ ਸਿੰਘ ਡੱਲੇਵਾਲ ਖਨੋਰੀ ਬਾਰਡਰ 'ਤੇ ਸ਼ੁਰੂ ਕਰਨਗੇ ਮਰਨ ਵਰਤ: ਲਖਵਿੰਦਰ ਸਿੰਘ ਔਲਖ

Saturday, Nov 16, 2024 - 08:05 PM (IST)

26 ਨਵੰਬਰ ਤੋਂ ਜਗਜੀਤ ਸਿੰਘ ਡੱਲੇਵਾਲ ਖਨੋਰੀ ਬਾਰਡਰ 'ਤੇ ਸ਼ੁਰੂ ਕਰਨਗੇ ਮਰਨ ਵਰਤ: ਲਖਵਿੰਦਰ ਸਿੰਘ ਔਲਖ

ਜੈਤੋ (ਰਘੂਨੰਦਨ ਪਰਾਸ਼ਰ) : ਐੱਸ.ਕੇ.ਐੱਮ. ਗੈਰ-ਸਿਆਸੀ ਤੇ ਕੇ.ਐਮ.ਐਮ ਵੱਲੋਂ ਕਿਸਾਨ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ਅਤੇ ਐਲਾਨ ਕੀਤਾ ਗਿਆ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਖਨੋਰੀ ਬਾਰਡਰ ਵਿਖੇ ਮਰਨ ਵਰਤ 'ਤੇ ਬੈਠਣਗੇ ਅਤੇ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਲਈ ਆਖਰੀ ਸਾਹ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਜਾਣਕਾਰੀ ਦਿੰਦਿਆਂ ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਜੇਕਰ ਸਰਕਾਰ ਆਪਣੀ ਜ਼ਿੱਦ 'ਤੇ ਅੜੀ ਰਹੀ ਅਤੇ ਕਿਸਾਨ ਆਗੂ ਜਗਜੀਤ ਸਿੰਘ ਦੀ ਜਾਨ ਚਲੀ ਜਾਂਦੀ ਹੈ ਤਾਂ ਇਸਦੀ ਜ਼ਿੰਮੇਵਾਰ ਕੇਂਦਰ ਅਤੇ ਸੂਬਾ ਸਰਕਾਰ ਹੋਵੇਗੀ ਅਤੇ ਇਸ ਨਾਲ ਅਗਲੀ ਕਤਾਰ 'ਚ ਹੋਰ ਕਿਸਾਨ ਆਗੂਆਂ ਨੂੰ ਕੁਰਬਾਨੀ ਲਈ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਉਹ ਵੀ ਮਰਨ ਵਰਤ 'ਤੇ ਬੈਠਣਗੇ। ਇਹ ਸਖ਼ਤ ਮੰਗਾਂ ਉਦੋਂ ਤੱਕ ਜਾਰੀ ਰਹਿਣਗੀਆਂ ਜਦੋਂ ਤੱਕ ਅਸੀਂ ਉਨ੍ਹਾਂ ਨੂੰ ਪੂਰਾ ਨਹੀਂ ਕਰ ਲੈਂਦੇ।

ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਸੀਂ ਕੁਰਬਾਨੀ ਦੇਣ ਲਈ ਮਰਨ ਵਰਤ 'ਤੇ ਬੈਠਾਂਗੇ ਕਿਉਕਿ ਸਰਕਾਰ ਨੇ ਅੰਦੋਲਨ ਦੀ ਲਗਾਤਾਰ ਅਣਦੇਖੀ ਕੀਤੀ ਗਈ ਹੈ। ਇਸ ਮੌਕੇ ਬੋਲਦੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 26 ਤਰੀਕ ਨੂੰ ਦੋਨਾਂ ਫੋਰਮਾਂ ਦੀ ਲੀਡਰਸ਼ਿਪ ਹਾਜ਼ਿਰ ਹੋ ਕੇ ਡੱਲੇਵਾਲ ਜੀ ਦਾ ਅਨਸ਼ਨ ਸ਼ੁਰੂ ਕਰਵਾਉਣਗੇ। ਆਗੂਆਂ ਜਾਣਕਾਰੀ ਦਿੱਤੀ ਕਿ ਅਗਰ ਡੱਲੇਵਾਲ ਜੀ ਦੀ ਇਸ ਦੌਰਾਨ ਜਾਨ ਜਾਂਦੀ ਹੈ ਤਾਂ ਉਸਦੇ ਮੁੱਖ ਕਸੂਰਵਾਰ ਕੇਂਦਰ ਅਤੇ ਸੂਬਾ ਸਰਕਾਰ ਹੋਣਗੇ ਅਤੇ ਅਜਿਹੀ ਸਥਿੱਤੀ ਵਿੱਚ ਅਗਲੇ ਆਗੂ ਮਰਨ ਵਰਤ ਤੇ ਬੈਠਣਗੇ। ਆਗੂਆਂ ਜਾਣਾਕਰੀ ਦਿੱਤੀ ਕਿ 18 ਨੂੰ ਦੋਨਾਂ ਫੋਰਮਾਂ ਵੱਲੋਂ ਫਿਰ ਤੋਂ ਕਿਸਾਨ ਭਵਨ ਵਿੱਚ ਪ੍ਰੈਸ ਕਾਨਫਰੰਸ ਕਰਕੇ ਹੋਰ ਐਲਾਨ ਕੀਤੇ ਜਾਣਗੇ। ਉਨ੍ਹਾਂ ਜਾਣਕਾਰੀ ਦਿੱਤੀ ਕਿ 17 ਨਵੰਬਰ ਨੂੰ ਖਨੌਰੀ ਬਾਡਰ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਕੀਰਤਨ ਦਰਬਾਰ ਸਜਾਏ ਜਾਣਗੇ। ਉਨ੍ਹਾਂ ਸੰਗਤਾਂ ਨੂੰ ਖਨੌਰੀ ਮੋਰਚੇ ਵਿੱਚ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ। 

ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਦਾਅਵਾ ਕਰ ਰਹੀ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਹੈ ਅਤੇ ਜਾਰੀ ਰਹੇਗਾ , ਪਰ ਕਿਸਾਨ ਜ਼ੋ ਝੋਨੇ ਦੀ ਫ਼ਸਲ ਮੰਡੀਆਂ ਵਿੱਚ ਵੇਚ ਰਹੇ ਹਨ ਉਸਦੀ ਕੀਮਤ ਅਤੇ ਵਜ਼ਨ ਵਿੱਚ ਭਾਰੀ ਕਟੌਤੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਸਰਕਾਰ ਵੱਲੋਂ ਕਿਸਾਨਾਂ ਨੂੰ ਕਣਕ ਦੀ ਬਿਜਾਈ ਵਿੱਚ ਦੇਰੀ ਹੋਣ ਕਾਰਨ ਵੱਖ-ਵੱਖ ਕੰਪਨੀਆਂ ਵੱਲੋਂ ਦਿੱਤੀ ਜਾ ਰਹੀ ਖਾਦ ਦੇ ਰੇਟਾਂ ਵਿੱਚ ਭਾਰੀ ਹੇਰਾਫੇਰੀ ਕੀਤੀ ਜਾ ਰਹੀ ਹੈ 1350/- ਰੁਪਏ ਵਾਲੀ ਬੋਰੀ 1750 ਤੱਕ ਦਿੱਤੀ ਜਾ ਰਹੀ ਹੈ। ਇਸ ਮੌਕੇ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਗੁਰਿੰਦਰ ਸਿੰਘ ਭੰਗੂ, ਜਸਵਿੰਦਰ ਸਿੰਘ ਲੌਂਗੋਵਾਲ, ਲਖਵਿੰਦਰ ਸਿੰਘ ਔਲਖ ਹਰਿਆਣਾ, ਸੁਰਜੀਤ ਸਿੰਘ ਫੂਲ, ਸੁਖਜੀਤ ਸਿੰਘ ਹਰਦੋਝੰਡੇ, ਤੇਜਵੀਰ ਸਿੰਘ ਪੰਜੋਖਰਾ ਸਾਬ੍ਹ, ਗੁਰਅਮਨੀਤ ਸਿੰਘ ਮਾਂਗਟ, ਬਲਵੰਤ ਸਿੰਘ ਬੇਹਰਾਮਕੇ, ਜੰਗ ਸਿੰਘ ਭਤੇੜੀ, ਮਨਪ੍ਰੀਤ ਸਿੰਘ ਬਾਠ, ਸੁਰਿੰਦਰ ਸਿੰਘ ਮੁਹਾਲੀ, ਦਰਸ਼ਨ ਸਿੰਘ ਔਲਖ, ਹਰਜੀਤ ਸਿੰਘ ਪਟਿਆਲਾ ਆਗੂ ਹਾਜ਼ਰ ਸਨ।


author

Inder Prajapati

Content Editor

Related News