ਆਪਣੇ ਹੱਕਾਂ ਦੀ ਮੰਗ ਕਰ ਰਹੇ ਮਜ਼ਦੂਰਾਂ ’ਤੇ ਗੋਲੀ ਚਲਾਉਣ ਵਾਲੇ JCT ਮਿੱਲ ਦੇ ਮਾਲਕ ਖਿਲਾਫ ਇਕ ਹੋਰ ਕੇਸ ਦਰਜ

Friday, Nov 15, 2024 - 01:00 AM (IST)

ਆਪਣੇ ਹੱਕਾਂ ਦੀ ਮੰਗ ਕਰ ਰਹੇ ਮਜ਼ਦੂਰਾਂ ’ਤੇ ਗੋਲੀ ਚਲਾਉਣ ਵਾਲੇ JCT ਮਿੱਲ ਦੇ ਮਾਲਕ ਖਿਲਾਫ ਇਕ ਹੋਰ ਕੇਸ ਦਰਜ

ਫਗਵਾੜਾ (ਜਲੋਟਾ) - ਬੀਤੀ 28 ਅਕਤੂਬਰ ਦੀ ਦੇਰ ਰਾਤ ਜਦੋਂ ਜੇ. ਸੀ. ਟੀ. ਮਿੱਲ ਦੇ ਗਰੀਬ ਮਜ਼ਦੂਰ ਆਪਣੀ ਤਨਖਾਹ, ਪੀ. ਐੱਫ. ਆਦਿ ਹੋਰ ਜਾਇਜ਼ ਮੰਗਾਂ ਨੂੰ ਲੈ ਕੇ ਜੇ. ਸੀ. ਟੀ. ਮਿੱਲ ਦੀ ਹੀ ਥਾਪਰ ਕਲੋਨੀ ਸਥਿਤ ਮਿੱਲ ਦੇ ਮੈਨੇਜਿੰਗ ਡਾਇਰੈਕਟਰ ਸਮੀਰ ਥਾਪਰ ਨੂੰ ਮਿਲਣ ਉਨ੍ਹਾਂ ਦੇ ਬੰਗਲੇ ’ਤੇ ਗਏ ਸਨ ਤਾਂ ਉੱਥੇ ਗੋਲੀ ਚੱਲੀ ਸੀ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਹੈ, ਜਦੋਂ ਥਾਣਾ ਸਿਟੀ ਫਗਵਾੜਾ ਦੀ ਪੁਲਸ ਨੇ ਵਾਪਰੀ ਘਟਨਾ ਸਬੰਧੀ 28 ਅਕਤੂਬਰ ਨੂੰ ਦਰਜ ਹੋਈ ਦੱਸੀ ਜਾ ਰਹੀ ਐੱਫ. ਆਈ. ਆਰ. ਨੰਬਰ 238 (ਥਾਣਾ ਸਿਟੀ ਫਗਵਾੜਾ) ’ਚ ਸਪੱਸ਼ਟ ਕੀਤਾ ਹੈ ਕਿ ਫਾਇਰਿੰਗ ਜੇ. ਸੀ. ਟੀ. ’ਚ ਕੀਤੀ ਗਈ ਸੀ ਅਤੇ ਇਹ ਗੋਲੀ ਜੇ. ਸੀ. ਟੀ. ਦੇ ਮਾਲਕ ਸਮੀਰ ਥਾਪਰ ਨੇ ਹੀ ਚਲਾਈ ਸੀ।

ਥਾਣਾ ਸਿਟੀ ਪੁਲਸ ਨੇ ਦਰਜ ਪੁਲਸ ਐੱਫ. ਆਈ. ਆਰ. ’ਚ ਜੇ. ਸੀ. ਟੀ. ਮਿੱਲ ਦੇ ਮੈਨੇਜਿੰਗ ਡਾਇਰੈਕਟਰ ਸਮੀਰ ਥਾਪਰ ਖਿਲਾਫ ਆਰਮਜ਼ ਐਕਟ ਤਹਿਤ ਕੇਸ ਵੀ ਦਰਜ ਕੀਤਾ ਹੈ। ਸੌ ਸਵਾਲਾਂ ਦਾ ਸਭ ਤੋਂ ਵੱਡਾ ਸਵਾਲ ਇਹੋਂ ਹੈ ਕਿ ਜੇ. ਸੀ. ਟੀ. ’ਚ ਹੋਈ ਫਾਇਲਿੰਗ ਨੂੰ ਲੈ ਕੇ ਥਾਣਾ ਸਿਟੀ ਫਗਵਾੜਾ ਦੀ ਪੁਲਸ ਨੇ ਕਈ ਦਿਨਾਂ ਤੋਂ ਅਸਧਾਰਨ ਚੁੱਪ ਕਿਉਂ ਧਾਰੀ ਹੋਈ ਸੀ ਅਤੇ ਕੇਸ ਦਰਜ ਕਰਨ ਤੋਂ ਬਾਅਦ ਵੀ ਦੋਸ਼ੀ ਸਮੀਰ ਥਾਪਰ ਨੂੰ ਨਿਰਧਾਰਤ ਨਿਯਮਾਂ ਅਤੇ ਕਾਨੂੰਨਾਂ ਤਹਿਤ ਗ੍ਰਿਫਤਾਰ ਕਿਉਂ ਨਹੀਂ ਕੀਤਾ ਹੈ?

ਜੇ. ਸੀ. ਟੀ. ਮਿੱਲ ਦੇ ਕਈ ਗਰੀਬ ਕਾਮਿਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਪੰਜਾਬ ਸਰਕਾਰ, ਡੀ. ਜੀ. ਪੀ. ਪੰਜਾਬ ਪੁਲਸ, ਜ਼ਿਲਾ ਕਪੂਰਥਲਾ ਅਤੇ ਫਗਵਾੜਾ ਪੁਲਸ, ਪ੍ਰਸ਼ਾਸਨ ਤੋਂ ਇਹ ਸਵਾਲ ਪੁੱਛਿਆ ਹੈ ਕਿ ਜਦੋਂ ਪੁਲਸ ਨੇ ਸਮੀਰ ਥਾਪਰ ਖਿਲਾਫ ਫਾਇਰਿੰਗ ਦੇ ਦੋਸ਼ ’ਚ ਅਧਿਕਾਰਤ ਤੌਰ ’ਤੇ ਐੱਫ. ਆਈ. ਆਰ. ਦਰਜ ਕੀਤੀ ਸੀ ਤਾਂ ਉਸ ਨੂੰ ਕਾਨੂੰਨ ਅਨੁਸਾਰ ਤੁਰੰਤ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ?

ਗਰੀਬ ਮਜ਼ਦੂਰਾਂ ਨੇ ਪੁੱਛਿਆ ਹੈ ਕਿ ਜੇਕਰ ਪੁਲਸ ਮਨ ਰਹੀ ਹੈ ਕਿ ਫਾਇਰਿੰਗ ਹੋਈ ਹੈ ਤਾਂ ਫਾਇਰਿੰਗ ਸਮੇਂ ਵਰਤੀ ਗਈ ਪਿਸਤੌਲ ਅਤੇ ਗੋਲੀ ਦਾ ਸ਼ੈੱਲ ਕਿੱਥੇ ਹੈ? ਵਰਕਰਾਂ ਨੇ ਪੁੱਛਿਆ ਹੈ ਕਿ ਫਗਵਾੜਾ ਪੁਲਸ ਗੋਲੀ ਚਲਾਉਣ ਵਾਲੇ ਦੋਸ਼ੀ ਪ੍ਰਤੀ ਇੰਨੀ ਦਿਆਲੂ ਕਿਉਂ ਬਣੀ ਹੋਈ ਹੈ ਕਿ ਨਾ ਤਾਂ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਨਾ ਜ਼ਰੂਰੀ ਸਮਝਿਆ ਅਤੇ ਨਾ ਹੀ ਅਜਿਹੇ ਗੰਭੀਰ ਮਾਮਲੇ ਬਾਰੇ ਉਨ੍ਹਾਂ ਨੂੰ ਜਾਂ ਸਰਕਾਰੀ ਪੱਧਰ 'ਤੇ ਮੀਡੀਆ ਨੂੰ ਕੋਈ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਦੋਸ਼ ਲਾਈਆ ਹੈ ਫਗਵਾਡ਼ਾ ਪੁਲਸ ਨੇ ਦਰਜ ਐੱਫ. ਆਈ. ਆਰ. ਨੂੰ ਪੂਰੀ ਤਰ੍ਹਾਂ ਦਬਾਉਣ ਲਈ ਸੋਚੀ ਸਮਝੀ ਰਣਨੀਤੀ ਅਪਣਾਈ ਹੈ। ਇਸ ਦੇ ਪਿੱਛੇ ਅਸਲ ਰਾਜ਼ ਅਤੇ ਅਸਲੀਅਤ ਕੀ ਹੈ? ਉਹ ਸਭ ਕੁਝ ਜਾਣਨਾ ਚਾਹੁੰਦੇ ਹਨ, ਕਿਉਂਕਿ ਕਾਨੂੰਨ ਸਾਰਿਆਂ 'ਤੇ ਬਰਾਬਰ ਲਾਗੂ ਹੁੰਦੇ ਹਨ, ਫਿਰ ਇਸ ਮਾਮਲੇ ਵਿਚ ਪਿਕ ਐਂਡ ਚੂਜ ਦੀ ਨੀਤੀ ਕਿਉਂ ਅਪਣਾਈ ਗਈ ਹੈ?

ਇਸ ਦੌਰਾਨ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਦੋਸ਼ੀ ਸਮੀਰ ਥਾਪਰ ਨੇ ਗੋਲੀ ਚਲਾਈ ਤਾਂ ਉਸ ਨੇ ਆਪਣੇ ਆਤਮ ਰੱਖਿਆ ’ਚ ਅਜਿਹਾ ਕੀਤਾ ਸੀ ਅਤੇ ਉਸ ਸਮੇਂ ਉਸ ਦੇ ਘਰ ਦੇ ਬਾਹਰ ਮਜ਼ਦੂਰਾਂ ਦਾ ਭਾਰੀ ਇਕੱਠ ਸੀ। ਜੇ ਇਹ ਤੱਥ ਸਹੀ ਹੈ ਤਾਂ ਪੁਲਸ ਨੇ ਇਸ ਨੂੰ ਜਨਤਕ ਤੌਰ ’ਤੇ ਮੀਡੀਆ ਨਾਲ ਸਾਂਝਾ ਕਿਉਂ ਨਹੀਂ ਕੀਤਾ ਅਤੇ ਚੁੱਪਚਾਪ ਐੱਫਆਈਆਰ ਦਰਜ ਕਰਕੇ ਕਈ ਦਿਨਾਂ ਤੱਕ ਲੁਕਾ ਕੇ ਕਿਉਂ ਰੱਖੀ ਅਤੇ ਇਹ ਸਭ ਕਿਸ ਦੇ ਕਹਿਣ ’ਤੇ ਕੀਤਾ ਗਿਆ ਹੈ। ਬਹੁਤ ਸਾਰੇ ਵਰਕਰ ਅਜਿਹੇ ਗੰਭੀਰ ਸਵਾਲ ਪੁੱਛ ਰਹੇ ਹਨ।

ਫਿਲਹਾਲ ਸੱਚਾਈ ਇਹ ਹੈ ਕਿ 28 ਅਕਤੂਬਰ ਦੀ ਰਾਤ ਨੂੰ ਜੇ. ਸੀ. ਟੀ. ’ਚ ਫਾਇਰਿੰਗ ਹੋਈ ਸੀ, ਜਿਸ ਨੂੰ ਦੋਸ਼ੀ ਸਮੀਰ ਥਾਪਰ ਨੇ ਅੰਜਾਮ ਦਿਤਾ ਸੀ। ਇਸ ਤੋਂ ਬਾਅਦ ਪੁਲਸ ਨੇ ਤੁਰੰਤ ਮਾਮਲਾ ਦਰਜ ਕਰ ਲਿਆ ਅਤੇ ਫਿਰ ਕੁਝ ਵੀ ਨਹੀਂ ਕੀਤਾ। ਪੁਲਸ ਦਾ ਦਾਅਵਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਨੇ ਪਿਸਤੌਲ, ਖਾਲੀ ਕਾਰਤੂਸ ਵੀ ਜ਼ਬਤ ਕੀਤੇ ਹਨ, ਜੋ ਸਮੀਰ ਥਾਪਰ ਦੇ ਦੱਸੇ ਜਾ ਰਹੇ ਹਨ। ਇਸ ਦੇ ਨਾਲ ਹੀ ਸੂਤਰ ਇਹ ਵੀ ਕਹਿ ਰਹੇ ਹਨ ਕਿ ਉਕਤ ਐੱਫ. ਆਰ. ਆਰ. ਨੂੰ ਰੱਦ ਕਰਨ ਦੀ ਕਾਰਵਾਈ ਵੀ ਵਿਚਾਰ ਅਧੀਨ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਵੀ ਸਮੀਰ ਥਾਪਰ ’ਤੇ ਲੱਖਾਂ ਰੁਪਏ ਦੀ ਧੋਖਾਦੇਹੀ ਦੇ ਦੋਸ਼ ’ਚ ਥਾਣਾ ਸਿਟੀ ਫਗਵਾਡ਼ਾ ’ਚ ਇਕ ਐੱਫ. ਆਈ. ਆਰ. ਦਰਜ ਕੀਤੀ ਗਈ ਸੀ, ਜਿਸ ਨੂੰ ਸੂਤਰਾਂ ਮੁਤਾਬਕ ਕੁੱਛ ਸਮੇਂ ਬਾਅਦ ਹੀ ਕੈਂਸਲ ਕਰਨ ਦੀ ਕਾਰਵਾਈ ਕੀਤੀ ਗਈ ਸੀ। ਹੁਣ ਇਹ ਦਾਅਵੇ ਸਹੀ ਹਨ ਜਾਂ ਝੂਠੇ ਇਸ ਬਾਰੇ ਤਾਂ ਸਿਰਫ ਪੁਲਸ ਵਿਭਾਗ ਹੀ ਜਵਾਬ ਦੇਣ ’ਚ ਸਮਰੱਥ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

Inder Prajapati

Content Editor

Related News