ਸਮਰਾਲਾ : ਕਿਸਾਨਾਂ ਦੇ ਹੱਕ ''ਚ ਕਾਂਗਰਸ ਨੇ ਕੱਢੀ ''ਟਰੈਕਟਰ ਰੈਲੀ'', ਵਿਧਾਇਕ ਢਿੱਲੋਂ ਨੇ ਖ਼ੁਦ ਕੀਤੀ ਸ਼ੁਰੂਆਤ
Saturday, Sep 26, 2020 - 12:55 PM (IST)
ਸਮਰਾਲਾ (ਸੰਜੇ ਗਰਗ) : ਖੇਤੀਬਾੜੀ ਬਿੱਲਾਂ ਦੇ ਵਿਰੋਧ ’ਚ ਸੂਬੇ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨਾਂ ਦੀ ਹਮਾਇਤ 'ਚ ਸ਼ਨੀਵਾਰ ਨੂੰ ਸਮਰਾਲਾ ਹਲਕੇ ਦੇ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਅਗਵਾਈ 'ਚ ਕਈ ਕਿਲੋਮੀਟਰ ਲੰਬੀ ਲਾ-ਮਿਸਾਲ ਟਰੈਕਟਰ ਰੈਲੀ ਕੱਢੀ ਗਈ। ਇਸ ਰੈਲੀ ਦੀ ਸ਼ੁਰੂਆਤ ਖੁਦ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਟਰੈਕਟਰ ਚਲਾਉਂਦੇ ਹੋਏ ਕੀਤੀ।
ਸਰਹਿੰਦ ਨਹਿਰ ਦੇ ਨੀਲੋਂ ਪੁਲ ਤੋਂ ਸ਼ੁਰੂ ਹੋਈ ਇਹ ਟਰੈਕਟਰ ਰੈਲੀ ਕਰੀਬ 30 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹੋਏ ਵੱਖ-ਵੱਖ ਪਿੰਡਾਂ ਅਤੇ ਸ਼ਹਿਰ 'ਚੋਂ ਲੰਘਦੀ ਹੋਈ ਮਾਛੀਵਾੜਾ ਸਾਹਿਬ ਵਿਖੇ ਜਾ ਕੇ ਖਤਮ ਹੋਈ। ਇਸ ਟਰੈਕਟਰ ਰੈਲੀ ’ਚ ਕਾਂਗਰਸੀ ਵਰਕਰਾਂ ਤੋਂ ਇਲਵਾ ਸੈਂਕੜਿਆਂ ਦੀ ਗਿਣਤੀ ’ਚ ਪਿੰਡਾਂ ਦੇ ਲੋਕ ਅਤੇ ਕਿਸਾਨ ਵੀ ਸ਼ਾਮਲ ਸਨ।
ਇਸ ਮੌਕੇ ਸੰਬੋਧਨ ਕਰਦੇ ਹੋਏ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨ ਵਿਰੋਧੀ ਬਿੱਲ ਲਿਆ ਕੇ ਪੰਜਾਬ ਨੂੰ ਤਬਾਹ ਕਰਨ ਦੀ ਸਾਜਿਸ਼ ਘੜੀ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ ਕਿਸਾਨ ਮਾਰੂ ਹੀ ਨਹੀਂ, ਸਗੋਂ ਹਰੇਕ ਵਰਗ ਦਾ ਗਲ ਘੁੱਟਣ ਵਾਲੇ ਸਾਬਿਤ ਹੋਣਗੇ। ਉਨ੍ਹਾਂ ਬਿੱਲ ਰੱਦ ਕੀਤੇ ਜਾਣ ਤੱਕ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਜਾਰੀ ਰੱਖਣ ਦਾ ਐਲਾਨ ਵੀ ਕੀਤਾ।