ਕਾਂਗਰਸ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਬੁੱਤ ਲਾਉਣ ਦੀ ਸ਼ਿਵ ਸੈਨਾ ਹਿੰਦੁਸਤਾਨ ਨੇ ਕੀਤੀ ਸ਼ਲਾਘਾ

10/31/2017 10:34:46 AM

ਪਟਿਆਲਾ (ਰਾਜੇਸ਼)-ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਕੁਮਾਰ ਗੁਪਤਾ ਨੇ ਕਿਹਾ ਕਿ ਜੇਕਰ ਅਕਾਲੀ ਦਲ ਤੇ ਐੱਸ. ਜੀ. ਪੀ. ਸੀ. ਅੱਤਵਾਦੀਆਂ ਨੂੰ ਸਨਮਾਨਿਤ ਕਰ ਸਕਦੇ ਹਨ ਤਾਂ ਉਹ ਦੇਸ਼ ਦੀ ਮਰਹੂਮ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਬੁੱਤ 'ਤੇ ਕਿਉਂ ਇਤਰਾਜ਼ ਕਰ ਰਹੇ ਹਨ? ਕਾਂਗਰਸ ਵੱਲੋਂ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਬੁੱਤ ਲਾਉਣ ਸਬੰਧੀ ਕੀਤੇ ਗਏ ਐਲਾਨ ਦੀ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਕੁਮਾਰ ਗੁਪਤਾ ਵੱਲੋਂ ਸ਼ਲਾਘਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਅਤੇ ਦੁਨੀਆ ਵਿਚ ਭਾਰਤ ਦੇਸ਼ ਦੀ ਹੋਂਦ ਨੂੰ ਕਾਇਮ ਰੱਖਣ ਲਈ ਵਧੇਰੇ ਕਾਰਜ ਕੀਤੇ ਗਏ ਹਨ, ਉਨ੍ਹਾਂ ਸਦਕਾ ਹੀ ਅੱਜ ਭਾਰਤ ਦੁਨੀਆ ਵਿਚ ਵੱਡੀ ਤਾਕਤ ਦੇ ਰੂਪ 'ਚ ਉੱਭਰ ਕੇ ਸਾਹਮਣੇ ਆਇਆ ਹੈ। ਗੁਪਤਾ ਨੇ ਕਿਹਾ ਕਿ ਸ. ਵੱਲਭ ਭਾਈ ਪਟੇਲ ਨੇ ਦੇਸ਼ ਨੂੰ ਇਕ ਕੀਤਾ ਜਦਕਿ ਇੰਦਰਾ ਗਾਂਧੀ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਆਪਣਾ ਬਲੀਦਾਨ ਦੇ ਕੇ ਬਚਾਇਆ। 
ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਵੱਲੋਂ ਲਾਏ ਜਾਣ ਵਾਲੇ ਇਸ ਬੁੱਤ ਦਾ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਜੋ ਇਸ ਨੂੰ ਆਪ੍ਰੇਸ਼ਨ ਬਲ਼ੂ ਸਟਾਰ ਸਮੇਂ ਮਾਰੇ ਗਏ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਸਬੰਧੀ ਕਹਿ ਰਹੇ ਹਨ। ਸ਼੍ਰੀ ਗੁਪਤਾ ਨੇ ਕਿਹਾ ਕਿ ਜੇਕਰ ਦੇਸ਼ ਵਿਚ ਕੱਟੜਪੰਥੀਆਂ ਦੀਆਂ ਯਾਦਗਾਰਾਂ ਤਿਆਰ ਕਰ ਕੇ ਉਨ੍ਹਾਂ ਦੇ ਬੁੱਤ ਲਾਏ ਜਾ ਸਕਦੇ ਹਨ, ਉਨ੍ਹਾਂ ਦੇ ਸ਼ਹੀਦੀ ਦਿਹਾੜੇ ਮਨਾਏ ਜਾ ਸਕਦੇ ਹਨ ਤਾਂ ਫਿਰ ਪੰਜਾਬ ਵਿਚ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਬੁੱਤ ਕਿਉਂ ਨਹੀਂ ਲਾਇਆ ਜਾ ਸਕਦਾ? ਉਨ੍ਹਾਂ ਕਿਹਾ ਕਿ 1984 ਵਿਚ ਆਪ੍ਰੇਸ਼ਨ ਬਲੂ ਸਟਾਰ ਉਸ ਸਮੇਂ ਦੀ ਦੇਣ ਸੀ। ਉਦੋਂ ਕੇਵਲ ਸਿੱਖ ਹੀ ਨਹੀਂ, ਹਜ਼ਾਰਾਂ ਹਿੰਦੂਆਂ ਦਾ ਵੀ ਕਤਲੇਆਮ ਕੀਤਾ ਗਿਆ ਸੀ। ਉਨ੍ਹਾਂ ਵੱਲੋਂ ਕਦੇ ਵੀ ਕਿਸੇ ਦਾ ਬੁੱਤ ਜਾਂ ਯਾਦਗਾਰ ਬਣਾਏ ਜਾਣ ਦਾ ਵਿਰੋਧ ਨਹੀਂ ਕੀਤਾ ਗਿਆ। ਫਿਰ ਇੰਦਰਾ ਗਾਂਧੀ ਦਾ ਬੁੱਤ ਲਾਏ ਜਾਣ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਸਵ. ਇੰਦਰਾ ਗਾਂਧੀ ਨੇ ਬੰਗਲਾਦੇਸ਼ ਦੇ ਦੰਦ ਖੱਟੇ ਕਰ ਦਿੱਤੇ ਸਨ। 
ਐੱਸ. ਜੀ. ਪੀ. ਸੀ. ਵੱਲੋਂ ਹਰ ਸਾਲ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸ. ਬੇਅੰਤ ਸਿੰਘ ਦੇ ਕਾਤਲਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਤੋਂ ਰੋਕਣ ਲਈ ਅਕਾਲੀ ਦਲ ਅਤੇ ਐੱਸ. ਜੀ. ਪੀ. ਸੀ. ਆਪਣਾ ਪੂਰਾ ਜ਼ੋਰ ਲਾ ਰਹੀ ਹੈ। ਅਜਿਹਾ ਕਰ ਕੇ ਅਕਾਲੀ ਦਲ ਵੱਲੋਂ ਹਿੰਦੂਆਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਨੇ ਅੱਤਵਾਦ ਤੇ ਵੱਖਵਾਦ ਖਿਲਾਫ ਲੜਾਈ ਲੜੀ। ਉਹ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਸਨ। ਦੇਸ਼ ਦੀ ਸੰਸਦ ਵਿਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਵੀ ਉਨ੍ਹਾਂ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਸੀ। ਗੁਪਤਾ ਨੇ ਭਾਜਪਾ ਨੂੰ ਇਸ ਮਾਮਲੇ 'ਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ 31 ਅਕਤੂਬਰ ਨੂੰ ਸਵ. ਸ਼੍ਰੀਮਤੀ ਇੰਦਰਾ ਗਾਂਧੀ ਦਾ ਸ਼ਹੀਦੀ ਦਿਨ ਅਵੱਸ਼ ਨਾਲ ਮਨਾਇਆ ਜਾਣਾ ਚਾਹੀਦਾ ਹੈ।


Related News