ਕਾਂਗਰਸੀ ਵਿਧਾਇਕ ਵਲੋਂ ਕਿਸਾਨ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਆੜ੍ਹਤੀਏ ਦਾ ਸਨਮਾਨ ਕਰਨਾ ਪਿਆ ਮਹਿੰਗਾ

10/02/2017 1:24:30 PM

ਬਠਿੰਡਾ : ਦੁਸਹਿਰੇ ਮੌਕੇ ਰਾਮਪੁਰਾ ਸ਼ਹਿਰ ਵਿਚ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਕਰਜ਼ਾਈ ਕਿਸਾਨ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਆੜ੍ਹਤੀਏ ਸੁਰੇਸ਼ ਕੁਮਾਰ ਬਾਹੀਆ ਦਾ ਵਿਸ਼ੇਸ਼ ਸਨਮਾਨ ਕਰਨਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਇਸ ਸੰਬੰਧੀ ਕਿਸਾਨ ਭਾਈਚਾਰੇ ਨੇ ਸਖਤ ਰੋਸ ਪ੍ਰਗਟਾਇਆ।
ਜ਼ਿਕਰਯੋਗ ਹੈ ਕਿ ਪਿੰਡ ਜਿਊਂਦ ਦੇ ਕਰਜ਼ਾਈ ਕਿਸਾਨ ਟੇਕ ਸਿੰਘ ਨੇ 9 ਅਗਸਤ 2017 ਖ਼ੁਦਕੁਸ਼ੀ ਕਰ ਲਈ ਸੀ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਮੁੱਖ ਮੰਤਰੀ ਨੂੰ ਪੱਤਰ ਵੀ ਲਿਖਿਆ ਸੀ। ਇਸ ਤੋਂ ਇਲਾਵਾ ਉਸ ਨੇ ਖ਼ੁਦਕੁਸ਼ੀ ਨੋਟ ਵਿਚ ਮੌਤ ਲਈ ਰਾਮਪੁਰਾ ਦੇ ਆੜ੍ਹਤੀਏ ਸੁਰੇਸ਼ ਕੁਮਾਰ ਨੂੰ ਦੋਸ਼ੀ ਠਹਿਰਾ ਕੇ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ। ਉਕਤ ਆੜ੍ਹਤੀਏ ਦੀ ਗ੍ਰਿਫ਼ਤਾਰੀ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਈ ਦਿਨ ਬਠਿੰਡਾ-ਚੰਡੀਗੜ੍ਹ ਸੜਕ ਜਾਮ ਰੱਖੀ ਸੀ।
ਉਥੇ ਹੀ ਇਸ ਮਾਮਲੇ ਸੰਬੰਧੀ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਹੈ ਕਿ ਆੜ੍ਹਤੀਏ ਦਾ ਕਿਸਾਨ ਦੀ ਖ਼ੁਦਕੁਸ਼ੀ ਕਰ ਲੈਣ 'ਚ ਕੋਈ ਦੋਸ਼ ਨਹੀਂ ਹੈ। ਕਿਸਾਨ ਅਦਾਲਤ ਵਿਚ ਮੰਨ ਚੁੱਕਾ ਸੀ ਕਿ ਉਸ ਨੇ ਸੁਰੇਸ਼ ਕਮਾਰ ਦਾ ਕਰਜ਼ਾ ਦੇਣਾ ਹੈ ਪਰ ਆੜ੍ਹਤੀਏ ਨੇ ਕਦੇ ਵੀ ਟੇਕ ਸਿੰਘ ਕੋਲੋਂ ਪੈਸੇ ਦੀ ਮੰਗ ਨਹੀਂ ਕੀਤੀ ਜਿਸ ਦੇ ਇਹ ਬਿਆਨ ਅਦਾਲਤ ਵਿਚ ਦਰਜ ਹਨ।


Related News