ਐੱਮ. ਪੀ. ਸੰਤ ਸੀਚੇਵਾਲ ਅਤੇ ਵਿਧਾਇਕ ਬਿਲਾਸਪੁਰ ਵੱਲੋਂ ਮੀਂਹ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ

Tuesday, Jul 29, 2025 - 01:18 PM (IST)

ਐੱਮ. ਪੀ. ਸੰਤ ਸੀਚੇਵਾਲ ਅਤੇ ਵਿਧਾਇਕ ਬਿਲਾਸਪੁਰ ਵੱਲੋਂ ਮੀਂਹ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ

ਮੋਗਾ (ਗੋਪੀ ਰਾਊਕੇ) : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪਿੰਡ ਬੁੱਟਰਾਂ, ਬੱਘੀਪੁਰਾ, ਲੋਪੋ ਦੌਧਰ, ਰਾਮੂਵਾਲ ਹਰਦੋਕੇ ਆਦਿ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਕੇ ਹੱਲ ਕਰਨ ਦਾ ਭਰੋਸਾ ਦਿੱਤਾ। ਮੀਂਹ ਦੇ ਪਾਣੀ ਕਾਰਨ ਝੋਨੇ ਦੀਆਂ ਖਰਾਬ ਹੋਈਆਂ ਫਸਲਾਂ ਦਾ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਮੁਹੱਈਆ ਕਰਵਾਇਆ ਜਾਵੇਗਾ। ਸੰਤ ਸੀਚੇਵਾਲ ਅਤੇ ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਸੰਤ ਸੀਚੇਵਾਲ ਨੇ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਦੇਣ ਦੀ ਪੇਸ਼ਕਸ਼ ਕੀਤੀ ਸੀ ਜਿਨ੍ਹਾਂ ਦਾ ਝੋਨਾ ਮੀਂਹ ਕਾਰਨ ਖਰਾਬ ਹੋਇਆ, ਇਕ ਕਿਸਾਨ ਨੂੰ ਉਨ੍ਹਾਂ ਨੇ ਚਾਰ ਏਕੜ ਵਿਚ ਮੁੜ ਝੋਨਾ ਲਾਉਣ ਲਈ ਸੁਲਤਾਨਪੁਰ ਤੋਂ ਪਨੀਰੀ ਭੇਜੀ ਵੀ ਸੀ।

ਮੌਕੇ ’ਤੇ ਕਿਸਾਨਾਂ ਵੱਲੋਂ ਇਹ ਮੰਗ ਵੀ ਕੀਤੀ ਕਿ ਪਾਣੀ ਦੀ ਨਿਕਾਸੀ ਲਈ ਕੁਝ ਥਾਵਾਂ ’ਤੇ ਪੁਲੀਆਂ ਬਣਾਈਆਂ ਜਾਣ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਦੋਵੇਂ ਆਗੂ ਪਿੰਡ ਲੋਪੋ ਦੀ ਅਨਾਜ ਮੰਡੀ ਵੀ ਗਏ ਜਿੱਥੇ ਮੋਟਰਾਂ ਲਾ ਕੇ ਖੇਤਾਂ ਵਿਚੋਂ ਪਾਣੀ ਕੱਢਿਆ ਜਾ ਰਿਹਾ ਹੈ। ਇਕ ਪੱਖਾ ਸੰਤ ਸੀਚੇਵਾਲ ਦੇ ਉਦਮ ਸਦਕਾ ਇੱਥੇ ਲੱਗਾ ਹੋਇਆ ਹੈ, ਜਿਹੜਾ ਦਿਨ-ਰਾਤ ਖੇਤਾਂ ਵਿਚੋਂ ਪਾਣੀ ਕੱਢਣ ਲਈ ਚਲਾਇਆ ਜਾ ਰਿਹਾ ਹੈ। ਸੰਤ ਸੀਚੇਵਾਲ ਨੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਹਾਜ਼ਰੀ ਵਿਚ ਕਿਹਾ ਕਿ ਇਸ ਇਲਾਕੇ ਵਿਚੋਂ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਿਸਾਨਾਂ ਦੀਆਂ ਫਸਲਾਂ ਪਾਣੀ ਵਿਚ ਡੁੱਬਣ ਨਾਲ ਬਰਬਾਦ ਹੁੰਦੀਆਂ ਹਨ।

ਉਨ੍ਹਾਂ ਡਰੇਨਜ਼ ਵਿਭਾਗ, ਮੰਡੀ ਬੋਰਡ ਅਤੇ ਐੱਸ. ਡੀ. ਐੱਮ. ਨੂੰ ਹਦਾਇਤਾਂ ਕੀਤੀਆਂ ਕਿ ਜਿੱਥੇ-ਜਿੱਥੇ ਵੀ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਛੋਟੀਆਂ ਪੁਲੀਆਂ ਬਣਾਉਣ ਦੀ ਲੋੜ ਹੈ, ਉਸ ਦਾ ਸਰਵੇ ਕਰਨ ਤਾਂ ਜੋ ਉਥੇ ਪੁਲੀਆਂ ਦਾ ਨਿਰਮਾਣ ਕਰਵਾਇਆ ਜਾ ਸਕੇ। ਸੰਤ ਸੀਚੇਵਾਲ ਨੇ ਦੱਸਿਆ ਕਿ ਜਿੱਥੇ ਪਾਣੀ ਦਾ ਕੁਦਰਤੀ ਵਹਿਣ ਹੁੰਦਾ ਹੈ, ਉਥੋਂ ਦੀ ਪਾਣੀ ਸਮਾਂ ਪਾ ਕੇ ਇੱਕ ਵਾਰ ਲੰਘਦਾ ਜਰੂਰ ਹੈ ਜੋ ਕਈ ਵਾਰ ਤਬਾਹੀ ਦਾ ਕਾਰਨ ਬਣ ਜਾਂਦਾ ਹੈ।

ਉਨ੍ਹਾਂ ਕਿਸਾਨਾਂ ਦੀ ਹਾਜ਼ਰੀ ਵਿਚ ਹੀ ਕਿਹਾ ਕਿ ਉਹ ਪੁਲੀਆਂ ਬਣਾਉਣ ਵਿਚ ਵਿਭਾਗਾਂ ਨਾਲ ਸਹਿਯੋਗ ਕਰਨ ਤਾਂ ਜੋ ਚਿਰਾਂ ਤੋਂ ਲਟਕਦੀ ਆ ਰਹੀ ਇਹ ਸਮੱਸਿਆ ਦਾ ਪੱਕਾ ਹੱਲ ਕੀਤਾ ਜਾ ਸਕੇ। ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਦੱਸਿਆ ਕਿ ਸੜਕਾਂ ਉਚੀਆਂ ਹੋਣ ਕਾਰਨ ਵੀ ਪਾਣੀ ਦੀ ਨਿਕਾਸੀ ਵਿਚ ਸਮਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਵਿਸ਼ੇਸ਼ ਗਦਾਵਰੀ ਕਰਨ ਦੀਆਂ ਹਦਾਇਤਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਹੋਈਆਂ ਹਨ। ਸੰਤ ਸੀਚੇਵਾਲ ਅਤੇ ਵਿਧਾਇਕ ਬਿਲਾਸਪੁਰਾ ਲੋਪੋ ਵਿਖੇ ਸੰਤ ਦਰਬਾਰਾ ਸਿੰਘ ਦੇ ਅਸਥਾਨ ’ਤੇ ਜਾ ਕੇ ਨਤਮਸਤਕ ਵੀ ਹੋਏ। ਇਸ ਮੌਕੇ ਪਿੰਡਾਂ ਦੇ ਪੰਚ ਸਰਪੰਚ, ਡਰੇਨਜ਼ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।


author

Gurminder Singh

Content Editor

Related News