ਕਾਂਗਰਸੀ ਮੰਤਰੀਆਂ ਨੂੰ ਲੈ ਕੇ ‘ਆਪ’ ਦੇ ਦਾਅਵੇ ’ਤੇ ਲੋਹਾ-ਲਾਖਾ ਹੋਏ ਚੰਨੀ, ਦਿੱਤੀ ਚਿਤਾਵਨੀ

Monday, Dec 13, 2021 - 06:36 PM (IST)

ਖਰੜ/ਮੋਰਿੰਡਾ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਵੱਲੋਂ ਉਨ੍ਹਾਂ ਦੇ ਚਾਰ ਕੈਬਨਿਟ ਮੰਤਰੀਆਂ ਦੇ ‘ਆਪ’ ਵਿਚ ਸ਼ਾਮਲ ਹੋਣ ਦੀਆਂ ਝੂਠੀਆਂ ਅਫਵਾਹਾਂ ਫੈਲਾਉਣ ’ਤੇ ਵਰ੍ਹਦਿਆਂ ਪਾਰਟੀ ਨੂੰ ਬੇਲੋੜਾ ਪ੍ਰਚਾਰ ਕਰਨ ਲਈ ਝੂਠ ਬੋਲਣ ਤੋਂ ਗੁਰੇਜ਼ ਕਰਨ ਦੀ ਚਿਤਾਵਨੀ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਆਪ ਸਿਰਫ ਗੁੰਮਰਾਹਕੁੰਨ ਅਤੇ ਝੂਠੀਆਂ ਗੱਲਾਂ ਨਾਲ ਲੋਕਾਂ ਨੂੰ ਭਟਕਾਉਣਾ ਚਾਹੁੰਦੀ ਹੈ ਪਰ ਇਹ ਚਾਲਾਂ ਉਨ੍ਹਾਂ ’ਤੇ ਹੀ ਉਲਟੀਆਂ ਪੈਣਗੀਆਂ। ਮੁੱਖ ਮੰਤਰੀ ਅੱਜ ਖਰੜ ਅਤੇ ਮੋਰਿੰਡਾ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ 100 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਨੇ ਮੋਰਿੰਡਾ ਦੇ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ 10 ਕਰੋੜ ਰੁਪਏ ਵਾਧੂ ਦੇਣ ਦਾ ਐਲਾਨ ਵੀ ਕੀਤਾ। ਖਰੜ ਦੇ ਪਿੰਡ ਤ੍ਰਿਪੜੀ ਵਿਖੇ 20 ਕਰੋੜ ਰੁਪਏ ਦੀ ਸਾਂਝੀ ਲਾਗਤ ਨਾਲ ਇਕ ਆਈ.ਟੀ.ਆਈ., ਇਕ ਆਡੀਟੋਰੀਅਮ ਸਮੇਤ ਇਕ ਇਨਡੋਰ ਸਪੋਰਟਸ ਹਾਲ ਅਤੇ ਇਕ ਫੁੱਟਬਾਲ ਮੈਦਾਨ ਦਾ ਨੀਂਹ ਪੱਥਰ ਰੱਖਣ ਮੌਕੇ ਮੁੱਖ ਮੰਤਰੀ ਨੇ ਪਿੰਡ ਤ੍ਰਿਪੜੀ ਵੱਲੋਂ 8 ਏਕੜ ਜ਼ਮੀਨ ਦਾਨ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਇੱਥੇ ਸਥਾਪਤ ਕੀਤੀ ਜਾਣ ਆਈ.ਟੀ.ਆਈ. ਇਸ ਖੇਤਰ ਦੇ ਨੌਜਵਾਨਾਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਦਾ ਮੌਕਾ ਪ੍ਰਦਾਨ ਕਰਨ ਲਈ ਇਕ ਮੀਲ ਪੱਥਰ ਸਾਬਤ ਹੋਵੇਗੀ।

ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਐਕਸ਼ਨ ਮੋਡ ’ਚ ਸੁਨੀਲ ਜਾਖੜ, ਸੱਦੀ ਅਹਿਮ ਮੀਟਿੰਗ

ਇਸ ਦੇ ਨਾਲ ਹੀ ਇਨਡੋਰ ਸਪੋਰਟਸ ਹਾਲ ਵਿਚ ਜਿਮਨਾਸਟਿਕ, ਬਾਸਕਟਬਾਲ, ਵਾਲੀਬਾਲ ਅਤੇ ਹੋਰ ਖੇਡ ਸਹੂਲਤਾਂ ਸ਼ਾਮਲ ਹੋਣਗੀਆਂ ਜਿਸ ਨਾਲ ਖੇਡ ਬੁਨਿਆਦੀ ਢਾਂਚੇ ਨੂੰ ਵੱਡਾ ਹੁਲਾਰਾ ਮਿਲੇਗਾ। ਚੰਨੀ ਨੇ ਕਿਹਾ ਕਿ ਆਈ.ਟੀ.ਆਈ. ਦੀ ਇਮਾਰਤ ਜਨਵਰੀ, 2022 ਦੇ ਅੰਤ ਤੱਕ ਮੁਕੰਮਲ ਹੋ ਜਾਵੇਗੀ, ਜਦੋਂ ਕਿ ਇਨਡੋਰ ਸਪੋਰਟਸ ਹਾਲ ਅਗਸਤ 2022 ਤੱਕ ਮੁਕੰਮਲ ਹੋ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਫੁੱਟਬਾਲ ਦਾ ਮੈਦਾਨ ਅਪ੍ਰੈਲ, 2022 ਤੱਕ ਮੁਕੰਮਲ ਹੋ ਜਾਵੇਗਾ। ਇਸੇ ਤਰ੍ਹਾਂ ਮੋਰਿੰਡਾ ਵਿਖੇ ਮੁੱਖ ਮੰਤਰੀ ਨੇ 5 ਕਰੋੜ ਦੀ ਲਾਗਤ ਵਾਲੀ 2 ਏਕੜ ਰਕਬੇ ਵਿਚ ਫੈਲੀ ਐੱਸ.ਡੀ.ਐਮ ਦਫ਼ਤਰ ਦੀ ਨਵੀਂ ਇਮਾਰਤ ਤੋਂ ਇਲਾਵਾ 74.32 ਕਰੋੜ ਰੁਪਏ ਦੀ ਲਾਗਤ ਵਾਲੇ 100 ਫੀਸਦੀ ਵਾਟਰ ਸਪਲਾਈ, ਸੀਵਰੇਜ, ਨਹਿਰੀ ਪਾਣੀ ਦੀ ਸਪਲਾਈ ਅਤੇ ਹੋਰ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਜਲ ਸਪਲਾਈ ਪ੍ਰੋਜੈਕਟ ਕਜੌਲੀ ਵਾਟਰ ਵਰਕਸ ਤੋਂ ਮੋਰਿੰਡਾ ਅਤੇ ਖਰੜ ਕਸਬਿਆਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣਾ ਯਕੀਨੀ ਬਣਾਏਗਾ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ’ਤੇ ਭਗਵੰਤ ਮਾਨ ਦਾ ਵੱਡਾ ਬਿਆਨ, ਜਾਣੋ ਕੀ ਬੋਲੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News