ਹੁਣ ਕਾਂਗਰਸੀ ਆਗੂ ਬੀਬੀ ਭਾਗੀਕੇ ਦੀ ਧਮਕੀਆਂ ਭਰੀ ਆਡੀਓ ਹੋਈ ਵਾਇਰਲ (ਵੀਡੀਓ)
Monday, Jan 21, 2019 - 03:04 PM (IST)
ਮੋਗਾ— ਕਾਂਗਰਸ ਦੀ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ ਦੀ ਇਕ ਏ. ਐੱਸ. ਆਈ. ਨੂੰ ਧਮਕਾਉਣ ਦੀ ਕਥਿਤ ਆਡੀਓ ਵਾਇਰਲ ਹੋਈ ਹੈ। ਇਸ ਆਡੀਓ 'ਚ ਬੀਬੀ ਭਾਗੀਕੇ ਵਲੋਂ ਏ.ਐੱਸ.ਆਈ. ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਬੀਬੀ ਭਾਗੀਕੇ ਏ.ਐੱਸ.ਆਈ. 'ਤੇ ਪੰਚਾਇਤੀ ਚੋਣਾਂ ਦੌਰਾਨ ਅਕਾਲੀ ਦਲ ਦੇ ਵਰਕਰਾਂ ਦਾ ਸਮਰਥਨ ਕਰਨ ਦੇ ਦੋਸ਼ ਵੀ ਲਗਾਏ ਜਾ ਰਹੇ ਹਨ।
ਇਹ ਕੋਈ ਪਹਿਲਾਂ ਮੌਕਾ ਨਹੀਂ ਹੈ ਜਦੋਂ ਖਾਦੀ ਵੱਲੋਂ ਖਾਕੀ 'ਤੇ ਰੌਹਬ ਦਿਖਾਇਆ ਗਿਆ ਹੋਵੇ। ਇਸ ਤੋਂ ਪਹਿਲਾਂ ਫਾਜ਼ਿਲਕਾ ਤੋਂ ਕਾਂਗਰਸ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੀ ਵੀ ਇਕ ਮਹਿਲਾ ਪੁਲਸ ਅਫਸਰ ਨੂੰ ਧਮਕਾਉਣ ਦੀ ਆਈਡੀਓ ਵਾਇਰਲ ਹੋਈ ਸੀ। ਹੁਣ ਤਾਜ਼ਾ ਮਾਮਲਾ ਮੋਗਾ ਦਾ ਹੈ ਜਿੱਥੇ ਸਿਆਸਤਦਾਨ ਵੱਲੋਂ ਪੁਲਸ ਮੁਲਾਜ਼ਮ 'ਤੇ ਰੌਹਬ ਝਾੜਦਿਆਂ ਧਮਕੀਆਂ ਦਿੱਤੀਆਂ ਜਾ ਰਹੀ ਹੈ। ਬੀਬੀ ਰਾਜਵਿੰਦਰ ਕੌਰ ਭਾਗੀਕੇ ਏ.ਐੱਸ.ਆਈ. ਨੂੰ ਪੰਚਾਇਤੀ ਚੋਣਾਂ ਦੌਰਾਨ ਅਕਾਲੀ ਦਲ ਦਾ ਸਾਥ ਦੇਣ ਦਾ ਇਲਜ਼ਾਮ ਲਗਾਉਂਦੇ ਹੋਏ ਅਤੇ ਨਸੀਹਤ ਦੇ ਰਹੀ ਹੈ ਕਿ 'ਬੰਦਾ ਬਣ ਜਾ ਨਹੀਂ ਤਾਂ ਵਰਦੀ ਉਤਾਰ ਤੇ ਡਿਊਟੀ ਛੱਡ ਕੇ ਵਰਕਰ ਬਣ ਜਾਣ ਦੀ ਗੱਲ ਆਖੀ ਜਾ ਰਹੀ ਹੈ'। ਰਾਜਵਿੰਦਰ ਕੌਰ ਭਾਗੀਕੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਕਾਂਗਰਸੀ ਉਮੀਦਵਾਰ ਵੀ ਰਹਿ ਚੁੱਕੇ ਹਨ।