ਇਕ ਸਾਲ ''ਚ ਹੀ ਕਾਂਗਰਸ ਸਰਕਾਰ ਦੀ ਪੋਲ ਖੁੱਲ੍ਹ ਗਈ : ਰਾਹੀ, ਘੁੰਨਸ

Friday, Mar 23, 2018 - 12:57 PM (IST)

ਇਕ ਸਾਲ ''ਚ ਹੀ ਕਾਂਗਰਸ ਸਰਕਾਰ ਦੀ ਪੋਲ ਖੁੱਲ੍ਹ ਗਈ : ਰਾਹੀ, ਘੁੰਨਸ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)—ਝੂਠ ਅਤੇ ਧੋਖੇ ਦੇ ਸਹਾਰੇ ਸੱਤਾ 'ਚ ਆਈ ਕਾਂਗਰਸ ਸਰਕਾਰ ਦੀ ਪੋਲ ਇਕ ਸਾਲ 'ਚ ਹੀ ਖੁੱਲ੍ਹ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇਸ਼ ਦੇ ਇਤਿਹਾਸ 'ਚ ਅਜਿਹੀ ਪਹਿਲੀ ਸਰਕਾਰ ਹੋਵੇਗੀ, ਜਿਸ ਨੇ ਜਨਹਿੱਤ ਸੇਵਾਵਾਂ ਸ਼ੁਰੂ ਕਰਨ ਦੀ ਬਜਾਏ ਉਨ੍ਹਾਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ ਸਾਲ 'ਚ ਹੀ ਲੋਕਾਂ ਦੀ ਨਫਰਤ ਹਾਸਲ ਕਰ ਲਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਅਤੇ ਹਲਕਾ ਮਹਿਲ ਕਲਾਂ ਦੇ ਇੰਚਾਰਜ ਬਾਬਾ ਬਲਵੀਰ ਸਿੰਘ ਘੁੰਨਸ ਨੇ ਪੋਲਟਰੀ ਫਾਰਮਰ ਆਗੂ ਪਵਨ ਕੁਮਾਰ ਪੱਬੀ ਭੂਤ ਦੀ ਮਾਤਾ ਦੇ ਭੋਗ ਸਮਾਗਮ ਵਿਚ ਸ਼ਾਮਲ ਹੋਣ ਉਪਰੰਤ ਸਾਂਝੇ ਤੌਰ 'ਤੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕੀਤਾ।  ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਪਣੀ ਸਰਕਾਰ ਦਾ ਰਿਪੋਰਟ ਕਾਰਡ ਹਰ ਸਾਲ ਪੇਸ਼ ਕੀਤਾ ਜਾਂਦਾ ਹੈ ਪਰ ਸਾਲ ਬੀਤ ਜਾਣ ਤੋਂ ਬਾਅਦ ਕੈਪਟਨ ਸਰਕਾਰ ਨਾਲਾਇਕ ਵਿਦਿਆਰਥੀ ਵਾਂਗ ਆਪਣਾ ਰਿਪੋਰਟ ਕਾਰਡ ਲੁਕੋ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਕੋਲ ਕੋਈ ਵੀ ਅਜਿਹੀ ਰਿਪੋਰਟ ਨਹੀਂ ਹੈ, ਜਿਸ ਨੂੰ ਦਾਅਵੇ ਨਾਲ ਲੋਕਾਂ ਸਾਹਮਣੇ ਪੇਸ਼ ਕਰ ਸਕੇ। ਕਾਂਗਰਸ ਸਰਕਾਰ ਵੱਲੋਂ ਇਕ ਲੱਖ 62 ਹਜ਼ਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਦਾਅਵੇ ਨੂੰ ਝੁਠਲਾਉਂਦੇ ਹੋਏ ਕਾਂਗਰਸ ਸਰਕਾਰ ਰੋਜ਼ਗਾਰ ਮੇਲਿਆਂ 'ਚ ਬੇਰੋਜ਼ਗਾਰ ਨੌਜਵਾਨਾਂ ਨੂੰ ਬੁਲਾ ਕੇ ਨਿੱਜੀ ਕੰਪਨੀਆਂ ਤੋਂ ਜ਼ਲੀਲ ਕਰਵਾ ਰਹੀ ਹੈ। ਕਾਂਗਰਸ ਨੇ ਬੀਤੇ ਸਮੇਂ ਦੌਰਾਨ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿ ਕੇ ਪ੍ਰਦੇਸ਼ ਦਾ ਦੁਨੀਆ 'ਚ ਨਾਂ ਬਦਨਾਮ ਕੀਤਾ। ਉਨ੍ਹਾਂ ਨੇ ਕੈਪਟਨ ਸਰਕਾਰ ਨੂੰ ਸਵਾਲ ਪੁੱਛਿਆ ਕਿ ਜਦੋਂ ਬੀਤੇ ਸਮੇਂ ਦੌਰਾਨ ਪੰਜਾਬ ਦੇ 70 ਫੀਸਦੀ ਨੌਜਵਾਨ ਨਸ਼ੇੜੀ ਸਨ ਤਾਂ ਕਾਂਗਰਸ ਸਰਕਾਰ ਦੱਸੇ ਕਿ ਉਹ ਆਪਣੇ ਇਕ ਸਾਲ ਦੇ ਕਾਰਜਕਾਲ ਦੌਰਾਨ ਕਿੰਨੇ ਨੌਜਵਾਨਾਂ ਨੂੰ ਨਸ਼ਾ ਛੁਡਾਊ ਹਸਪਤਾਲਾਂ 'ਚ ਦਾਖਲ ਕਰਵਾਇਆ ਹੈ ਅਤੇ ਕਿੰਨੇ ਨਸ਼ਾ ਸਮੱਗਲਰਾਂ ਖਿਲਾਫ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਗੱਲ ਦੇ ਗਵਾਹ ਹਨ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਚਿੱਟਾ ਆਮ ਹੋਇਆ ਹੈ, ਜਦੋਂਕਿ ਲੋਕਾਂ ਦੀਆਂ ਜ਼ਰੂਰਤਾਂ ਵਾਲੀ ਰੇਤਾ-ਬੱਜਰੀ ਕਾਂਗਰਸੀਆਂ ਦੇ ਹੱਥੋਂ ਨਿਲਾਮ ਹੋਈ ਹੈ। ਇਸ ਮੌਕੇ ਨਗਰ ਕੌਂਸਲ ਤਪਾ ਦੇ ਸਾਬਕਾ ਪ੍ਰਧਾਨ ਸੁਰੇਸ਼ ਕੁਮਾਰ ਸ਼ਸ਼ੀ ਪੱਖੋ, ਟਰੱਕ ਯੂਨੀਅਨ ਤਪਾ ਦੇ ਸਾਬਕਾ ਪ੍ਰਧਾਨ ਰਾਕੇਸ਼ ਟੋਨਾ ਅਤੇ ਸਰਪੰਚ ਕੁਲਵੰਤ ਸਿੰਘ ਬੋਘਾ ਤਾਜੋਕੇ, ਜੀ. ਈ. ਮਾਲ ਬਰਨਾਲਾ ਦੇ ਐੱਮ. ਡੀ. ਸੰਜੂ ਗੁਪਤਾ ਅਤੇ ਵਿਨੋਦ ਬਾਂਸਲ ਆਦਿ ਹਾਜ਼ਰ ਸਨ। 


Related News