ਹੁਣ ਮੁੱਖ ਮੰਤਰੀ ਕੌਣ? ਅੰਬਿਕਾ ਸੋਨੀ, ਸਿੱਧੂ, ਜਾਖੜ ਤੇ ਰੰਧਾਵਾ ਰੇਸ ’ਚ
Sunday, Sep 19, 2021 - 12:13 PM (IST)
ਚੰਡੀਗੜ੍ਹ (ਅਸ਼ਵਨੀ) : ਕੈਪਟਨ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਦਾ ਇਕ ਖੇਮਾ ਹੁਣ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾਉਣ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਬੇਸ਼ੱਕ ਇਸ ’ਤੇ ਅੰਤਿਮ ਮੋਹਰ ਕਾਂਗਰਸ ਹਾਈਕਮਾਨ ਨੇ ਲਗਾਉਣੀ ਹੈ ਪਰ ਸਿੱਧੂ ਦੇ ਕਰੀਬੀ ਚਾਹੁੰਦੇ ਹਨ ਕਿ ਹੁਣ ਕਾਂਗਰਸ ਹੀ ਕਮਾਨ ਸਿੱਧੂ ਦੇ ਹੱਥ ਵਿਚ ਸੌਂਪ ਦਿੱਤੀ ਜਾਵੇ। ਉਂਝ ਕਾਂਗਰਸ ਦਾ ਇਕ ਧੜਾ ਸਿੱਧੂ ਨੂੰ ਮੁੱਖ ਮੰਤਰੀ ਬਣਾਉਣ ਨੂੰ ਰਾਜ਼ੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਵੀ ਕਹਿ ਚੁੱਕੇ ਹਨ ਕਿ ਸਿੱਧੂ ਨੂੰ ਮੁੱਖ ਮੰਤਰੀ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕਰਨਗੇ। ਇਸ ਲਈ ਕੈਪਟਨ ਦੇ ਕਰੀਬੀ ਵੀ ਸਿੱਧੂ ਖ਼ਿਲਾਫ਼ ਅੰਦਰਖਾਤੇ ਵਿਰੋਧ ਕਰ ਰਹੇ ਹਨ। ਇਸ ਤੋਂ ਇਲਾਵਾ ਸਾਬਕਾ ਪੰਜਾਬ ਕਾਂਗਰਸ ਇੰਚਾਰਜ ਅੰਬਿਕਾ ਸੋਨੀ ਦਾ ਨਾਮ ਵੀ ਮੋਹਰੀ ਕਤਾਰ ਵਿਚ ਚੱਲ ਰਿਹਾ ਹੈ। ਭਾਵੇਂ ਉਨ੍ਹਾਂ ਵਲੋਂ ਪੰਜਾਬ ਦੀ ਸਿਆਸਤ ਵਿਚ ਆਉਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਕਿਹਾ ਜਾ ਰਿਹਾ ਹੈ ਕਿ ਹਾਈਕਮਾਨ ਅੰਬਿਕਾ ਸੋਨੀ ਨੂੰ ਮੁੱਖ ਮੰਤਰੀ ਬਣਨਾ ਕੇ ਇਕ ਤੀਰ ਨਾਲ ਕਈ ਨਿਸ਼ਾਨੇ ਲਗਾਉਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਨਵਜੋਤ ਸਿੱਧੂ ਨੇ ਠੋਕਿਆ ਮੁੱਖ ਮੰਤਰੀ ਬਣਨ ਦਾ ਦਾਅਵਾ
ਉਧਰ ਕੁੱਝ ਵਿਧਾਇਕਾਂ ਦੀ ਰਾਏ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਤੈਅ ਕੀਤਾ ਜਾਵੇ। ਇਸ ਵਿਚ ਸਭ ਤੋਂ ਜ਼ਿਆਦਾ ਚਰਚਾ ਸੁਨੀਲ ਜਾਖੜ ਦੇ ਨਾਮ ਦੀ ਹੈ। ਇਸੇ ਕੜੀ ਵਿਚ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਮ ਦੀ ਵੀ ਚਰਚਾ ਹੈ। ਸੁਨੀਲ ਜਾਖੜ ਨੂੰ ਇਸ ਲਈ ਅੱਗੇ ਕੀਤਾ ਜਾ ਰਿਹਾ ਹੈ ਤਾਂ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਹਿੰਦੂ ਵੋਟ ਬੈਂਕ ਨੂੰ ਕੈਸ਼ ਕੀਤਾ ਜਾ ਸਕੇ। ਇਸ ਕੜੀ ਵਿਚ ਦੂਜੀ ਚਰਚਾ ਕਿਸੇ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਬਣਾਉਣ ਦੀ ਹੈ ਤਾਂ ਕਿ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਗਠਜੋੜ ਨੂੰ ਕਰਾਰਾ ਜਵਾਬ ਦਿੱਤਾ ਜਾ ਸਕੇ। ਹਾਲਾਂਕਿ ਇਸ ਮਸਲੇ ’ਤੇ ਵਿਧਾਇਕ ਖੁੱਲ੍ਹ ਕੇ ਬਿਆਨ ਨਹੀਂ ਦੇ ਰਹੇ ਹਨ ਪਰ ਲੌਬਿੰਗ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ।
ਇਹ ਵੀ ਪੜ੍ਹੋ : ਅਸਤੀਫ਼ਾ ਦੇਣ ਮਗਰੋਂ ਸਿੱਧੂ ’ਤੇ ਖੁੱਲ੍ਹ ਕੇ ਬੋਲੇ ਕੈਪਟਨ, ਜਿਸ ਕੋਲੋਂ ਮਹਿਕਮਾ ਨਹੀਂ ਸੰਭਲਿਆ ਉਹ ਪੰਜਾਬ ਕੀ ਸੰਭਾਲੇਗਾ
4 ਸਾਲ, 6 ਮਹੀਨੇ, 28 ਦਿਨ ਤੱਕ ਰਹੇ ਕੈਪਟਨ ਮੁੱਖ ਮੰਤਰੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਬਾਅਦ 16 ਮਾਰਚ 2017 ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। 4 ਸਾਲ ਛੇ ਮਹੀਨੇ 28 ਦਿਨ ਤੱਕ ਸੀ. ਐੱਮ. ਅਹੁਦੇ ’ਤੇ ਰਹਿਣ ਤੋਂ ਬਾਅਦ ਸ਼ਨੀਵਾਰ ਨੂੰ ਉਨ੍ਹਾਂ ਨੇ ਆਪਣਾ ਅਸਤੀਫ਼ਾ ਸੌਂਪ ਦਿੱਤਾ। ਇਸ ਦੇ ਨਾਲ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਨੇ ਵੀ ਅਸਤੀਫ਼ਾ ਦੇ ਦਿੱਤਾ। ਰਾਜਪਾਲ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਰਾਜਪਾਲ ਵਲੋਂ 2 ਘੰਟੇ 20 ਮਿੰਟ ਬਾਅਦ ਸੀ. ਐੱਮ. ਸਮੇਤ ਸਮੂਹ ਕੈਬਨਿਟ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ’ਚ ਵੱਡਾ ਤਖ਼ਤਾ ਪਲਟ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਅਸਤੀਫ਼ਾ