ਪਾਕਿਸਤਾਨ ਲਈ ਕਾਂਗਰਸ ਦਾ ਏਜੰਟ ਹੈ ਨਵਜੋਤ ਸਿੱਧੂ : ਤਰੁਣ ਚੁੱਘ
Saturday, Nov 20, 2021 - 05:51 PM (IST)
ਚੰਡੀਗੜ੍ਹ (ਬਿਊਰੋ)-ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਗੁਣਗਾਨ ਕਰਨ ’ਤੇ ਉਨ੍ਹਾਂ ਦੀ ਆਲੋਚਨਾ ਕੀਤੀ ਹੈ। ਇਕ ਬਿਆਨ ’ਚ ਚੁੱਘ ਨੇ ਕਿਹਾ ਕਿ ਇਹ ਪੰਜਾਬ ਤੇ ਦੇਸ਼ ਲਈ ਸਭ ਤੋਂ ਮੰਦਭਾਗੀ ਗੱਲ ਹੈ ਕਿ ਸਿੱਧੂ ਕੋਲ ਪਾਕਿਸਤਾਨ ’ਚ ਆਪਣੀ ਮਾਤਭੂਮੀ ਲਈ ਪ੍ਰਸ਼ੰਸਾ ਦੇ ਸ਼ਬਦ ਨਹੀਂ ਹਨ, ਬਲਕਿ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਗੁਣਗਾਨ ਕਰ ਰਹੇ ਹਨ, ਜੋ ਪੰਜਾਬ ’ਚ ਡਰੋਨ ਤੇ ਟਿਫਿਨ ਬੰਬ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਭਾਰਤ ਤੋਂ ਜ਼ਿਆਦਾ ਪਾਕਿਸਤਾਨ ਨਾਲ ਪਿਆਰ ਕਰਦੇ ਹਨ ਤੇ ਇਥੇ ਪੰਜਾਬ ’ਚ ਪਾਕਿਸਤਾਨ ਦੀ ਏਜੰਸੀ ਵਾਂਗ ਵਤੀਰਾ ਕਰ ਰਹੇ ਹਨ।
ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ਦੀ ਜਿੱਤ ’ਤੇ ’ਆਪ’ ਨੇ ਸੂਬੇ ਭਰ ’ਚ ਸ਼ੁਕਰਾਨੇ ਵਜੋਂ ‘ਸ੍ਰੀ ਸੁਖਮਨੀ ਸਾਹਿਬ’ ਦੇ ਕਰਵਾਏ ਪਾਠ
ਚੁੱਘ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਤੋਂ ਪਾਕਿਸਤਾਨ ’ਤੇ ਆਪਣੀ ਪਾਰਟੀ ਦਾ ਰੁਖ਼ ਸਪੱਸ਼ਟ ਕਰਨ ਦੀ ਮੰਗ ਕੀਤੀ। ਚੁੱਘ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਕਿ ਇਕ ਪਾਸੇ ਪਾਕਿਸਤਾਨ ਦੀ ਸਰਹੱਦ ‘ਤੇ ਸਾਡੇ ਜਵਾਨਾਂ ਨੂੰ ਮਾਰਿਆ ਜਾ ਰਿਹਾ ਹੈ, ਦੂਜੇ ਪਾਸੇ ਕਾਂਗਰਸ ਦੇ ਆਗੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਰਹੇ ਹਨ। ਚੁੱਘ ਨੇ ਕਿਹਾ ਕਿ ਸਿੱਧੂ ਗੁਰੂ ਨਾਨਕ ਦੇਵ ਜੀ ਨੂੰ ਸਨਮਾਨ ਦੇਣ ਲਈ ਕਰਤਾਰਪੁਰ ਸਾਹਿਬ ਗਏ ਸਨ ਪਰ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਆਪਣੇ ਸ਼ੱਕੀ ਸਬੰਧਾਂ ਨੂੰ ਦੱਸ ਕੇ ਪਾਕਿਸਤਾਨ ਦੀ ਆਪਣੀ ਯਾਤਰਾ ਦਾ ਸਿਆਸੀਕਰਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੇ ਰਾਸ਼ਟਰ ਵਿਰੋਧੀ ਮਨਸੂਬਿਆਂ ਲਈ ਬੇਨਕਾਬ ਹੋ ਗਈ ਹੈ, ਜਦਕਿ ਇਕ ਸਰਹੱਦੀ ਸੂਬੇ ਦੇ ਤੌਰ ’ਤੇ ਪੰਜਾਬ ਪਾਕਿਸਤਾਨ ਦੀਆਂ ਨਾਪਾਕ ਸਾਜ਼ਿਸ਼ਾਂ ਨੂੰ ਹਰਾਉਣ ਲਈ ਸੰਘਰਸ਼ ਕਰ ਰਿਹਾ ਹੈ।