ਕਾਂਗਰਸ ਸਰਕਾਰ ਹਰ ਫਰੰਟ ''ਤੇ ਫੇਲ : ਢੀਂਡਸਾ

03/05/2018 3:03:35 PM

ਧੂਰੀ (ਸੰਜੀਵ ਜੈਨ) : ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਕਿਸਾਨੀ ਕਰਜ਼ੇ ਮੁਆਫ ਨਾ ਕਰਕੇ ਜਿੱਥੇ ਸੂਬੇ ਦੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਗਿਆ ਹੈ, ਉੱਥੇ ਹੀ ਸਰਕਾਰ ਕੋਲ ਮੁਲਾਜ਼ਮਾਂ ਨੂੰ ਤਨਖਾਹਾਂ ਤੱਕ ਦੇਣ ਨੂੰ ਪੈਸੇ ਨਾ ਹੋਣਾ ਸਰਕਾਰ ਦੀ ਨਾਕਾਮੀ ਨੂੰ ਦਰਸ਼ਾਉਂਦਾ ਹੈ। ਕੈਪਟਨ ਸਰਕਾਰ ਹਰ ਫਰੰਟ 'ਤੇ ਫੇਲ ਸਾਬਤ ਹੋਈ ਹੈ ਅਤੇ ਸੂਬੇ ਦੇ ਲੋਕਾਂ ਦਾ ਬਹੁਤ ਥੋੜੇ ਸਮੇਂ ਵਿਚ ਹੀ ਇਸ ਤੋਂ ਮੋਹ ਭੰਗ ਹੋ ਗਿਆ ਹੈ। ਇਹ ਵਿਚਾਰ ਸਾਬਕਾ ਵਿੱਤ ਮੰਤਰੀ ਪੰਜਾਬ ਅਤੇ ਹਲਕਾ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ।
ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਆਏ ਦਿਨ ਖਜ਼ਾਨਾ ਖਾਲੀ ਹੋਣ ਦੀ ਦੁਹਾਈ ਦੇ ਕੇ ਲੋਕਾਂ ਨੂੰ ਬੇਵਕੂਫ ਬਨਾਉਣ 'ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਚੋਣਾਂ ਸਮੇਂ ਲੋਕਾਂ ਨੂੰ ਵਿਖਾਏ ਗਏ ਝੂਠੇ ਸੁਪਨਿਆਂ ਅਤੇ ਕੀਤੇ ਵਾਅਦਿਆਂ ਤੋਂ ਮੁਕਰਨ ਲਈ ਬਹਾਨੇ ਲੱਭ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਅਕਾਲੀ ਸਰਕਾਰ ਵੱਲੋਂ ਬੇਹੱਦ ਮਿਹਨਤ ਨਾਲ ਖੜੇ ਕੀਤੇ ਗਏ ਇੰਫਰਾਸਟਰੱਕਰ ਨੂੰ ਇਨ੍ਹਾਂ ਨੇ ਮਹਿਜ਼ ਥੋੜੇ ਜਿਹੇ ਸਮੇਂ ਅੰਦਰ ਹੀ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਵਰਕਰਾਂ ਨੂੰ ਲਾਮਬੰਦ ਹੋਕੇ ਸਰਕਾਰ ਦੀਆਂ ਧੱਕੇਸ਼ਾਹੀਆਂ ਖਿਲਾਫ ਸੰਘਰਸ਼ ਕਰਨ ਦੀ ਅਪੀਲ ਕੀਤੀ।


Related News