ਕਾਲਜ ਦੀ ਲੈਬ ’ਚ ਕੰਪਿਊਟਰ ਲੈਬ ਸਹਾਇਕ ਵਲੋਂ ਖੁਦਕੁਸ਼ੀ, ਪਰਿਵਾਰ ਨੇ ਲਾਏ ਗੰਭੀਰ ਦੋਸ਼
Sunday, Mar 01, 2020 - 10:24 AM (IST)
ਮਲੋਟ (ਜੁਨੇਜਾ) - ਸਥਾਨਕ ਇਕ ਕਾਲਜ ’ਚ ਤਾਇਨਾਤ ਕੰਪਿਊਟਰ ਲੈਬ ਸਹਾਇਕ ਵਲੋਂ ਵੀਰਵਾਰ ਦੀ ਦੁਪਹਿਰ ਕਾਲਜ ’ਚ ਸਲਫਾਸ ਦੀਆਂ ਗੋਲੀਆਂ ਖਾ ਲੈਣ ਦਾ ਮਾਮਲਾ ਸਾਹਮਣੇ ਆਇਆ ਸੀ। ਸਲਫਾਸ ਖਾਣ ਕਾਰਨ ਹਾਲਤ ਠੀਕ ਨਾ ਹੋਣ ਕਾਰਨ ਉਸ ਦੇ ਪਰਿਵਾਰ ਨੇ ਉਸ ਨੂੰ ਬਠਿੰਡਾ ਦੇ ਹਸਪਤਾਲ ਦਾਖਲ ਕਰਾਇਆ, ਜਿਥੇ ਬੀਤੇ ਦਿਨ ਉਸ ਦੀ ਮੌਤ ਹੋ ਗਈ। ਮੌਤ ਮਗਰੋਂ ਪਰਿਵਾਰ ਨੇ ਦੋਸ਼ ਲਾਇਆ ਲਾਇਆ ਕਿ ਕਾਲਜ ਵਿਚ ਤਾਇਨਾਤ ਕੁਝ ਸਟਾਫ ਮੈਂਬਰਾਂ ਵਲੋਂ ਉਸ ’ਤੇ ਦਬਾਅ ਪਾਇਆ ਜਾ ਰਿਹਾ ਸੀ, ਜਿਸ ਕਾਰਨ ਉਸ ਨੇ ਹੇਠ ਖੁਦਕੁਸ਼ੀ ਕਰ ਲਈ।
ਜਾਣਕਾਰੀ ਅਨੁਸਾਰ ਮੰਗਤ ਰਾਮ ਉਰਫ ਰੋਹਿਤ ਪੁੱਤਰ ਢੋਲੂ ਰਾਮ ਸਥਾਨਕ ਕਾਲਜ ’ਚ ਲੈਬ ਸਹਾਇਕ ਵਜੋਂ ਕੰਮ ਕਰਦਾ ਸੀ, ਜਿਸ ਨੇ ਲੈਬ ’ਚ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਸਨ। ਮ੍ਰਿਤਕ ਦੀ ਪਤਨੀ ਪ੍ਰੀਤੀ ਅਤੇ ਮਾਂ ਪ੍ਰੇਮ ਨੇ ਦੱਸਿਆ ਕਿ ਮੰਗਤ ਰਾਮ ਪਿਛਲੇ ਕਈ ਸਾਲਾ ਤੋਂ ਇਸ ਕਾਲਜ ’ਚ ਕੱਚੇ ਤੌਰ ’ਤੇ ਕੰਮ ਕਰ ਰਿਹਾ ਸੀ। ਕੁਝ ਸਟਾਫ ਮੈਂਬਰਾਂ ਵਲੋਂ ਗੁੰਮ ਹੋਏ ਸਟਾਫ ਰਜਿਸਟਰ ਨੂੰ ਲੈ ਕੇ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਤੋਂ ਖਫ਼ਾ ਹੋ ਉਸ ਨੇ ਇਹ ਕਦਮ ਚੁੱਕਿਆ। ਮੌਕੇ ’ਤੇ ਪੁੱਜੀ ਪੁਲਸ ਨੇ ਦੇਰ ਸ਼ਾਮ ਮ੍ਰਿਤਕ ਦੀ ਲਾਸ਼ ਨੂੰ ਬਠਿੰਡਾ ਤੋਂ ਲਿਆ ਮਲੋਟ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤੀ, ਜਿਥੇ ਭਲਕੇ ਉਸ ਦਾ ਪੋਸਟਮਾਰਟਮ ਕਰਾਇਆ ਜਾਵੇਗਾ। ਕਾਲਜ ਦੇ ਪ੍ਰਿ. ਅਰੁਣ ਕਾਲੜਾ ਨੇ ਕਿਹਾ ਕਿ ਉਸ ਨੇ 1 ਜੂਨ ਤੋਂ ਐਫੀਸ਼ੇਟਿੰਗ ਪ੍ਰਿਸੀਪਲ ਵਲੋਂ ਚਾਰਜ ਸੰਭਾਲਿਆ ਹੈ। ਉਸ ਨੂੰ ਕਿਸੇ ਵਿਵਾਦ ਬਾਰੇ ਜਾਣਕਾਰੀ ਨਹੀਂ ਪਰ ਇਸ ਘਟਨਾ ਨਾਲ ਉਨ੍ਹਾਂ ਨੂੰ ਗਹਿਰਾ ਦੁੱਖ ਲੱਗਾ ਹੈ।
ਆਡੀਓ ਕਾਲਾਂ ਤੋਂ ਖੁੱਲ੍ਹੇਗਾ ਭੇਤ
ਇਸ ਮਾਮਲੇ ’ਚ ਮ੍ਰਿਤਕ ਦੇ ਦੋਸਤਾਂ ਵਲੋਂ ਵੀ ਕਈ ਲੋਕਾਂ ਉਪਰ ਗੰਭੀਰ ਦੋਸ਼ ਲਾਏ ਜਾ ਰਹੇ ਹਨ। ਮ੍ਰਿਤਕ ਦੇ ਅਧਿਆਪਕ ਰਹੇ ਨਰੇਸ਼ ਕੁਮਾਰ ਸਮੇਤ ਦੋਸਤਾਂ ਨੇ ਪੱਤਰਕਾਰਾਂ ਨੂੰ ਇਸ ਸਬੰਧੀ ਕੁਝ ਆਡੀਓ ਦਿੱਤੀਆਂ, ਜਿਨ੍ਹਾਂ ’ਚ ਮ੍ਰਿਤਕ ਪ੍ਰੇਸ਼ਾਨੀ ਦੀ ਹਾਲਤ ’ਚ ਗੁੰਮ ਰਜਿਸਟਰਾਂ ਦੀ ਗੱਲ ਕਰਦਾ ਹੈ, ਜਿਸ ਦੀ ਪੁਲਸ ਵਲੋਂ ਜਾਂਚ ਕਰਨ ’ਤੇ ਪੂਰਾ ਖੁਲਾਸਾ ਹੋਵੇਗਾ।