ਪਿਛਲੇ 5 ਸਾਲਾਂ ਦੇ ਮੁਕਾਬਲੇ ਸਭ ਤੋਂ ਘੱਟ ਬਾਰਿਸ਼ ਵਾਲਾ ਰਿਹਾ ਜੂਨ ਮਹੀਨਾ, ਚੰਡੀਗੜ੍ਹ ’ਚ ਟੁੱਟਿਆ ਰਿਕਾਰਡ
Thursday, Jul 04, 2024 - 06:23 PM (IST)
ਗੁਰਦਾਸਪੁਰ (ਹਰਮਨ)-ਇਸ ਸਾਲ ਗਰਮੀ ਦੇ ਮੌਸਮ ਵਿਚ ਜਿਥੇ ਗਰਮੀ ਵਿਚ ਹੋਏ ਵਾਧੇ ਨੇ ਲੋਕਾਂ ਲਈ ਮੁਸ਼ਕਿਲਾਂ ਪੈਦਾ ਕੀਤੀਆਂ ਹਨ, ਉਥੇ ਪੂਰੇ ਜੂਨ ਮਹੀਨੇ ਦੌਰਾਨ ਪੰਜਾਬ ਅਤੇ ਹਰਿਆਣਾ ’ਚ ਔਸਤ ਤੋਂ ਕਾਫ਼ੀ ਘੱਟ ਬਾਰਿਸ਼ ਹੋਈ ਹੈ। ਇਨ੍ਹਾਂ ਦੋਵਾਂ ਸੂਬਿਆਂ ’ਚ ਪਿਛਲੇ ਪੰਜ ਸਾਲਾਂ ਦੇ ਮੁਕਾਬਲੇ ਇਸ ਸਾਲ ਸਭ ਤੋਂ ਘੱਟ ਬਾਰਿਸ਼ ਦਰਜ ਕੀਤੀ ਗਈ ਹੈ, ਜਦੋਂ ਕਿ ਚੰਡੀਗੜ੍ਹ ਅੰਦਰ ਪਿਛਲੇ 12 ਸਾਲਾਂ ਦੇ ਮੁਕਾਬਲੇ ਇਸ ਸਾਲ ਸਭ ਤੋਂ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਇਸ ਤਹਿਤ ਪੰਜਾਬ ਅਤੇ ਹਰਿਆਣਾ ’ਚ ਇਸ ਸਾਲ 46 ਫੀਸਦੀ ਘੱਟ ਬਾਰਿਸ਼ ਹੋਈ ਹੈ। ਇਨ੍ਹਾਂ ’ਚੋਂ ਪੰਜਾਬ ਵਿਚ ਇਸ ਸਾਲ ਜੂਨ ਮਹੀਨੇ ’ਚ 54.5 ਮਿਲੀਮੀਟਰ ਦੀ ਆਮ ਬਾਰਿਸ਼ ਦੇ ਮੁਕਾਬਲੇ ਸਿਰਫ 29.2 ਮਿਲੀਮੀਟਰ ਬਾਰਿਸ਼ ਹੋਈ ਹੈ। ਜੇਕਰ ਪਿਛਲੇ ਸਾਲਾਂ ਦੌਰਾਨ ਜੂਨ ਮਹੀਨੇ ਹੋਈ ਬਾਰਿਸ਼ ਦੀ ਘੋਖ ਕੀਤੀ ਜਾਵੇ ਤਾਂ ਆਮ ਦੇ ਮੁਕਾਬਲੇ 2020 ਵਿਚ 9 ਫੀਸਦੀ, 2021 ’ਚ 1 ਫੀਸਦੀ ਅਤੇ 2022 ਵਿਚ 28 ਫੀਸਦੀ ਘੱਟ ਬਾਰਿਸ਼ ਹੋਈ ਸੀ। ਜਦੋਂ ਕਿ 2023 ’ਚ 21 ਫੀਸਦੀ ਸਰਪਲੱਸ ਬਾਰਿਸ਼ ਹੋਈ ਸੀ।
ਇਸ ਤੋਂ ਪਹਿਲਾਂ ਪੰਜਾਬ ਨੂੰ 2009 ’ਚ 76.7 ਫੀਸਦੀ ਅਤੇ 2012 ਦੌਰਾਨ 73.6 ਫੀਸਦੀ ਬਾਰਿਸ਼ ਦੀ ਘਾਟ ਦਾ ਸਾਹਮਣਾ ਕਰਨਾ ਪਿਆ ਸੀ। 2000 ਤੋਂ 2024 ਤੱਕ ਪੰਜਾਬ ’ਚ ਜੂਨ ਵਿਚ ਸਭ ਤੋਂ ਵੱਧ 162.9 ਮਿਲੀਮੀਟਰ ਅਤੇ 2011 ਅਤੇ 2008 ਵਿਚ 155.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜੋ ਕਿ ਕ੍ਰਮਵਾਰ 259.9 ਫੀਸਦੀ ਅਤੇ 243.5 ਫੀਸਦੀ ਜ਼ਿਆਦਾ ਸੀ।
ਇਹ ਵੀ ਪੜ੍ਹੋ- ਨਾਨਕੇ ਆਏ 4 ਸਾਲਾ ਹੱਸਦੇ-ਖੇਡਦੇ ਬੱਚੇ ਨਾਲ ਵਾਪਰਿਆ ਭਾਣਾ, ਪਤਾ ਨਹੀਂ ਸੀ ਇੰਝ ਆਵੇਗੀ ਮੌਤ
ਹਰਿਆਣਾ ’ਚ ਇਸ ਜੂਨ ਵਿਚ 29.3 ਮਿਲੀਮੀਟਰ ਬਾਰਿਸ਼ ਹੋਈ ਹੈ, ਜੋ ਕਿ 54.7 ਮਿਲੀਮੀਟਰ ਦੀ ਆਮ ਬਾਰਿਸ਼ ਤੋਂ 46 ਫੀਸਦੀ ਘੱਟ ਹੈ। ਪੰਜਾਬ ਵਾਂਗ ਹੀ ਹਰਿਆਣਾ ’ਚ 2022 ਦੌਰਾਨ 34 ਫੀਸਦੀ ਅਤੇ 2020 ਵਿਚ 1 ਫੀਸਦੀ, 2021 ਵਿਚ 3 ਫੀਸਦੀ ਘੱਟ ਬਾਰਿਸ਼ ਹੋਈ, ਜਦੋਂ ਕਿ 2023 ਵਿਚ 48 ਫੀਸਦੀ ’ਚ ਵਾਧੂ ਬਾਰਿਸ਼ ਪਿਆ ਸੀ।
ਇਸ ਸੂਬੇ ਅੰਦਰ ਪਿਛਲੇ 24 ਸਾਲਾਂ ਦੌਰਾਨ ਸਾਲ 2012 ’ਚ 89.1 ਫੀਸਦੀ ਅਤੇ 2009 ’ਚ 68.6 ਫੀਸਦੀ ’ਚ ਸਭ ਤੋਂ ਜ਼ਿਆਦਾ ਘਾਟ ਦਰਜ ਕੀਤੀ ਗਈ। ਇਸ ਸੂਬੇ ਅੰਦਰ 2017 ਵਿਚ ਸਭ ਤੋਂ ਵੱਧ ਵਾਧੂ 155 ਫੀਸਦੀ 121.1 ਮਿਲੀਮੀਟਰ ਬਾਰਿਸ਼ ਹੋਈ ਜਦੋਂ ਕਿ 2001 ਵਿਚ 116.9 ਮਿਲੀਮੀਟਰ ਹੋਈ ਸੀ।
ਇਹ ਵੀ ਪੜ੍ਹੋ- ਪਾਕਿਸਤਾਨ ਦੇ ਸਭ ਤੋਂ ਲੰਮੇ ਵਿਅਕਤੀ ਜ਼ਿਆ ਰਸ਼ੀਦ ਦੀ ਹੋਈ ਮੌਤ, 8 ਫੁੱਟ 2.5 ਇੰਚ ਸੀ ਕੱਦ
ਚੰਡੀਗੜ੍ਹ ਅੰਦਰ ਜੂਨ ਮਹੀਨੇ ’ਚ ਸਿਰਫ਼ 11.9 ਮਿਲੀਮੀਟਰ ਬਾਰਿਸ਼ ਹੋਈ ਹੈ, ਜੋ ਕਿ ਆਮ ਬਾਰਿਸ਼ 155.5 ਮਿਲੀਮੀਟਰ ਦੇ ਮੁਕਾਬਲੇ 92 ਫੀਸਦੀ ਘੱਟ ਹੈ। ਜੂਨ 2012 ’ਚ ਚੰਡੀਗੜ੍ਹ ਅੰਦਰ ਸਿਰਫ਼ 6.2 ਮਿਲੀਮੀਟਰ ਬਾਰਿਸ਼ ਹੀ ਦਰਜ ਕੀਤੀ ਗਈ ਸੀ। 2013 ਤੋਂ 2024 ਤੱਕ ਦੇ ਸਮੇਂ ਦੌਰਾਨ ਸੱਤ ਸਾਲਾਂ ਦੌਰਾਨ ਘੱਟ ਬਾਰਿਸ਼ ਹੋਈ ਸੀ, ਜਦੋਂ ਕਿ ਪੰਜ ਸਾਲ ਵਾਧੂ ਬਾਰਿਸ਼ ਹੋਈ ਸੀ। ਇਸ ਤਹਿਤ 2013 ਸਾਲ ਦੌਰਾਨ 251.5 ਮਿਲੀਮੀਟਰ, 2014 ਦੌਰਾਨ 43.7 ਮਿਲੀਮੀਟਰ, 2015 ਦੌਰਾਨ 63.9 ਮਿਲੀਮੀਟਰ, ਸਾਲ 2016 ਦੌਰਾਨ 133.6 ਮਿਲੀਮੀਟਰ, ਸਾਲ 2017 ਦੌਰਾਨ 133.6 ਮਿਲੀਮੀਟਰ, ਸਾਲ 2018 ਦੌਰਾਨ 142.9 ਮਿਲੀਮੀਟਰ, 2019 ਦੌਰਾਨ 24.8 ਮਿਲੀਮੀਟਰ, 2020 ਦੌਰਾਨ 131.1 ਮਿਲੀਮੀਟਰ, 2021 ਦੌਰਾਨ 119.4 ਮਿਲੀਮੀਟਰ, ਸਾਲ 2022 ਦੌਰਾਨ 60.9 ਮਿਲੀਮੀਟਰ ਅਤੇ ਸਾਲ 2023 ਦੌਰਾਨ 142.9 ਮਿਲੀਮੀਟਰ ਬਾਰਿਸ਼ ਹੋਈ ਸੀ।
ਇਹ ਵੀ ਪੜ੍ਹੋ- ਨਸ਼ੇ ਦੇ ਦੈਂਤ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, 24 ਸਾਲਾ ਨੌਜਵਾਨ ਦੀ ਮੌਤ
ਇਸ ਤਹਿਤ 2019 ’ਚ 81 ਫੀਸਦੀ ਘੱਟ, 2014 ਵਿਚ 64 ਫੀਸਦੀ, 2020 ਵਿਚ 61 ਫੀਸਦੀ, 2015 ਵਿਚ 51 ਫੀਸਦੀ, 2017 ਵਿਚ 20 ਫੀਸਦੀ ਘੱਟ ਅਤੇ 2023 ਵਿਚ 8 ਫੀਸਦੀ ਘੱਟ ਬਾਰਿਸ਼ ਹੋਈ। ਚੰਡੀਗੜ੍ਹ ’ਚ 2013 ਵਿਚ ਸਭ ਤੋਂ ਵੱਧ ਰਿਕਾਰਡ ਕੀਤੀ ਗਈ ਬਾਰਿਸ਼ ਦੀ ਮਾਤਰਾ 251.5 ਮਿਲੀਮੀਟਰ ਸੀ, ਜੋ 110 ਫੀਸਦੀ ਸਰਪਲੱਸ ਹੈ।
ਚੰਡੀਗੜ੍ਹ ਵਿਚ ਹੁਣ ਤੱਕ ਦੀ ਸਭ ਤੋਂ ਵੱਧ ਬਾਰਿਸ਼ 2013 ਵਿਚ 251.5 ਮਿਲੀਮੀਟਰ ਹੋਈ ਸੀ, ਜੋ ਕਿ 110 ਫੀਸਦੀ ਵਾਧੂ ਸੀ। ਬਾਰਿਸ਼ ਦੀ ਘਾਟ ਕਾਰਨ ਗਰਮੀ ਵਿਚ ਵਾਧਾ ਹੋਣ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ’ਤੇ ਅਸਰ ਪੈ ਰਿਹਾ ਹੈ। ਖਾਸ ਤੌਰ ’ਤੇ ਖੇਤੀ ਸੈਕਟਰ ਲਈ ਪਾਣੀ ਦੀ ਲੋੜ ਦੀ ਪੂਰਤੀ ਲਈ ਸਾਰਾ ਦਾਰੋਮਦਾਰ ਟਿਊਬਵੈੱਲਾਂ ’ਤੇ ਨਿਰਭਰ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8