ਭਾਈਚਾਰੇ ਦੇ ਤਿਓਹਾਰ ਦੀਵਾਲੀ ਨੂੰ ਮਨਾਇਆ ਜਾਂਦਾ ਹੈ ਦੇਸ਼ ਦੇ ਕੋਨੇ-ਕੋਨੇ ''ਚ

11/07/2018 2:20:00 PM

ਨਵੀਂ ਦਿੱਲੀ — ਭਾਰਤ ਤਿਓਹਾਰਾਂ ਦਾ ਦੇਸ਼ ਹੈ, ਜਿਥੇ ਹਰ ਧਰਮ-ਭਾਈਚਾਰੇ ਦੇ ਤਿਉਹਾਰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਜਦੋਂ ਗੱਲ ਦੀਵਾਲੀ ਵਰਗੇ ਰੌਸ਼ਨੀ ਦੇ ਤਿਓਹਾਰ ਦੀ ਹੋਵੇ ਤਾਂ 5 ਤਿਓਹਾਰਾਂ ਦੀ ਇਸ ਲੜੀ ’ਤੇ ਤਾਂ ਦੇਸ਼ ਭਰ ’ਚ ਹਰ ਜਾਤ, ਧਰਮ, ਭਾਈਚਾਰੇ ਦੇ ਲੋਕਾਂ ਦਾ ਉਤਸ਼ਾਹ ਦੇਖਦੇ ਹੀ ਬਣਦਾ ਹੈ। ਰਾਸ਼ਟਰ ਦੇ ਕੋਨੇ-ਕੋਨੇ ’ਚ ਬੜੀ ਧੂਮਧਾਮ ਨਾਲ ਮਨਾਇਆ ਜਾਣ ਵਾਲਾ ਰੌਸ਼ਨੀ ਦਾ ਇਹ ਰੰਗ-ਬਿਰੰਗਾ ਤਿਓਹਾਰ ਦੇਸ਼ ਦੇ ਵੱਖ-ਵੱਖ ਹਿੱਸਿਅਾਂ ’ਚ ਕੁਝ ਭਿੰਨਤਾ ਜ਼ਰੂਰ ਅਪਣਾਏ ਹੋਏ ਹਨ। ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਤੇ ਬਿਹਾਰ ’ਚ ਦੀਵਾਲੀ ਦਾ ਤਿਓਹਾਰ ਪੂਰੀ ਤਰ੍ਹਾਂ ਵੈਦਿਕ ਰੀਤੀ-ਰਿਵਾਜ  ਨਾਲ ਮਨਾਇਆ ਜਾਂਦਾ ਹੈ। ਰਾਤ ਦੇ ਸਮੇਂ ਮਹੂਰਤ ਮੁਤਾਬਕ ਗਣੇਸ਼ ਤੇ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਵਪਾਰੀ ਵਰਗ ਇਨ੍ਹਾਂ ਸੂਬਿਅਾਂ ’ਚ ਇਸ ਦਿਨ ਲਕਸ਼ਮੀ ਪੂਜਨ ਦੇ ਨਾਲ-ਨਾਲ ਆਪਣੇ ਵਹੀ ਖਾਤਿਅਾਂ ਦੀ ਵੀ ਪੂਜਾ ਕਰਦੇ ਹਨ। ਘਰ ਦੇ ਅੰਦਰ ਤੇ ਬਾਹਰ ਦੀਪਮਾਲਾ ਕੀਤੀ ਜਾਂਦੀ ਹੈ ਅਤੇ ਛੋਟੇ ਬੱਚਿਅਾਂ ਤੋਂ ਲੈ ਕੇ ਵੱਡੇ-ਵੱਡੇ ਲੋਕ ਵੀ ਆਤਿਸ਼ਬਾਜ਼ੀ ਦਾ ਮਜ਼ਾ ਲੈਂਦੇ ਦੇਖੇ ਜਾਂਦੇ ਹਨ। ਇਸ ਦਿਨ ਲੋਕ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਚੀਨੀ ਦੇ ਬਣੇ ਖਿਡੌਣੇ, ਮਠਿਆਈਅਾਂ, ਮੇਵਾ ਅਤੇ ਹੋਰ ਤੋਹਫੇ ਭੇਟ ਕਰਦੇ ਹਨ। ਉੱਤਰ ਪ੍ਰਦੇਸ਼ ’ਚ ਲੋਕ  ਇਸ ਦਿਨ ਗਾਂ ਦੀ ਪੂਜਾ ਕਰਦੇ ਹਨ, ਜਦੋਂਕਿ ਬਿਹਾਰ ’ਚ ਲੋਕ ਇਸ ਦਿਨ ਕੱਚਾ ਨਾਰੀਅਲ ਖਾਣਾ ਸ਼ੁੱਭ ਮੰਨਦੇ ਹਨ ਅਤੇ ਮਸ਼ਾਲ ਜਗਾ ਕੇ ਪਿੰਡ ਦੀ ਪੂਜਾ ਕਰਦੇ ਹਨ।

PunjabKesari

ਰਾਜਸਥਾਨ ’ਚ ਦੀਵਾਲੀ ਦਾ ਤਿਓਹਾਰ ‘ਵੀਰਾਂ ਦੇ ਤਿਓਹਾਰ’ ਦੇ ਰੂਪ ’ਚ ਮਨਾਇਆ ਜਾਂਦਾ ਹੈ। ਵੀਰਾਂ ਦੀ ਧਰਤੀ ਰਾਜਸਥਾਨ ’ਚ ਇਸ ਦਿਨ ਸ਼ਾਸਤਰਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਸੂਬੇ ਦੇ ਕੁਝ ਖੇਤਰਾਂ ’ਚ ਸ਼ਾਸਤਰ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਕੀਤੀ ਜਾਂਦਾ ਹੈ। ਇਸ ਦੇ ਨਾਲ-ਨਾਲ ਕੁਝ ਥਾਵਾਂ ’ਤੇ ਰਾਤ ਭਰ ਸਮੂਹਿਕ ਲੋਕ ਗੀਤਾਂ ਤੇ ਲੋਕ ਨਾਚਾਂ ਦੇ ਪ੍ਰੋਗਰਾਮ ਵੀ ਆਯੋਜਿਤ ਹੁੰਦੇ ਹਨ। ਦੀਵਾਲੀ ਵਾਲੇ ਦਿਨ ਰਾਜਸਥਾਨ ਦੇ ਕੁਝ ਹਿੱਸਿਅਾਂ ’ਚ ਬਿੱਲੀ ਦੀ ਪੂਜਾ ਵੀ ਕੀਤੀ ਜਾਂਦੀ ਹੈ ਅਤੇ ਸਾਰੀਅਾਂ ਮਠਿਆਈਅਾਂ ਦਾ ਭੋਗ ਪਹਿਲਾਂ ਬਿੱਲੀ ਨੂੰ ਹੀ ਲਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜੇ ਬਿੱਲੀ ਇਸ ਮੌਕੇ ’ਤੇ ਕਿਸੇ ਦਾ ਕੁਝ ਨੁਕਸਾਨ ਵੀ ਕਰੇ ਤਾਂ ਵੀ ਲੋਕ ਬਿੱਲੀ ਨੂੰ ਨਹੀਂ ਦੁਤਕਾਰਦੇ।

PunjabKesari

ਹਿਮਾਚਲ ਪ੍ਰਦੇਸ਼ ਦੇ ਬਹੁਤ ਸਾਰੇ ਖੇਤਰਾਂ ’ਚ ਦੀਵਾਲੀ ਉੱਤਰ ਭਾਰਤ ਦੇ ਹੋਰ ਸੂਬਿਅਾਂ ਵਾਂਗ ਹੀ ਮਨਾਈ ਜਾਂਦੀ ਹੈ ਪਰ ਕੁਝ ਪਹਾੜੀ ਹਿੱਸਿਅਾਂ ’ਚ ਦੀਵਾਲੀ ਦਾ ਵੱਖਰਾ ਹੀ ਰੂਪ ਦੇਖਣ ਨੂੰ ਮਿਲਦਾ ਹੈ। ਇਨ੍ਹਾਂ ਖੇਤਰਾਂ ’ਚ ਦੀਵਾਲੀ ਦਾ ਤਿਓਹਾਰ ਪੂਰੇ ਦੇਸ਼ ’ਚ ਮਨਾਏ ਜਾਣ ਵਾਲੇ ਦੀਵਾਲੀ ਦੇ ਤਿਓਹਾਰ ਤੋਂ ਠੀਕ ਇਕ ਮਹੀਨੇ ਬਾਅਦ ਮਨਾਇਆ ਜਾਂਦਾ ਹੈ ਅਤੇ ਇਸ ਨੂੰ ‘ਬੁੱਢੀ ਦੀਵਾਲੀ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮਾਰਗਸ਼ੀਰਸ਼ ਦੀ ਮੱਸਿਆ ਨੂੰ ਮਨਾਈ ਜਾਣ ਵਾਲੀ ‘ਬੁੱਢੀ ਦੀਵਾਲੀ’ ਬਾਰੇ ਇਹ ਦੰਤ ਕਥਾ ਪ੍ਰਚੱਲਤ ਹੈ ਕਿ ਜਦੋਂ ਭਗਵਾਨ ਸ਼੍ਰੀਰਾਮ ਲੰਕਾ ’ਤੇ ਜਿੱਤ ਹਾਸਲ ਕਰਕੇ ਅਯੋਧਿਆ ਪਰਤੇ ਸਨ ਤਾਂ ਦੇਸ਼ ਭਰ ’ਚ ਉਨ੍ਹਾਂ ਦੇ ਪਰਤਣ ਦੀ ਖੁਸ਼ੀ ’ਚ ਘਿਓ ਦੇ ਦੀਵੇ ਜਗਾ ਕੇ ਖੁਸ਼ੀਅਾਂ ਮਨਾਈਅਾਂ ਗਈਅਾਂ ਸਨ ਪਰ ਹਿਮਾਚਲ ਦੇ ਇਨ੍ਹਾਂ ਦੂਰ-ਦੁਰਾਡੇ ਦੇ ਪਹਾੜੀ ਇਲਾਕਿਅਾਂ ’ਚ ਵਸੇ ਲੋਕਾਂ ਨੂੰ ਸ੍ਰੀ ਰਾਮ ਦੇ ਪਰਤਣ ਦੀ ਸੂਚਨਾ ਇਸ ਤੋਂ ਇਕ ਮਹੀਨੇ ਬਾਅਦ ਮਿਲੀ ਸੀ, ਇਸ ਲਈ ਇਥੇ ਦੀਵਾਲੀ ਦੇ ਤਿਓਹਾਰ ਦਾ ਆਯੋਜਨ ਦੇਸ਼ ’ਚ ਮਨਾਈ ਜਾਣ ਵਾਲੀ ਦੀਵਾਲੀ ਤੋਂ ਇਕ ਮਹੀਨਾ ਬਾਅਦ ਕੀਤਾ ਜਾਣ ਲੱਗਾ।

PunjabKesari

ਪੱਛਮ ਬੰਗਾਲ ’ਚ ਉਂਝ ਤਾਂ ਦੀਵਾਲੀ ਤੋਂ ਇਕ ਮਹੀਨਾ ਪਹਿਲਾਂ ਮਨਾਈ ਜਾਣ ਵਾਲੀ ਦੁਰਗਾ ਪੂਜਾ ਦਾ ਵਿਸ਼ੇਸ਼ ਮਹੱਤਵ ਹੈ ਪਰ ਇਥੇ ਦੀਵਾਲੀ ਦਾ ਤਿਓਹਾਰ ਵੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਇਥੇ ਗਣੇਸ਼ ਲਕਸ਼ਮੀ ਦੀ ਥਾਂ ਮਹਾਕਾਲੀ ਦੀ ਪੂਜਾ ਕੀਤੀ ਜਾਂਦੀ ਹੈ। ਰਾਤ ਨੂੰ ਮਹਾਕਾਲੀ ਦੀ ਪੂਜਾ ਤੋਂ ਬਾਅਦ ਲੋਕ ਪਟਾਕੇ ਚਲਾਉਂਦੇ ਹਨ ਅਤੇ ਮਠਿਆਈਅਾਂ ਦਾ ਆਨੰਦ ਲੈਂਦੇ ਹਨ। ਇਸ ਤੋਂ ਇਲਾਵਾ ਇਥੇ ਇਕ ਵੱਖਰਾ ਰਿਵਾਜ ਵੀ ਦੇਖਣ ਨੂੰ ਮਿਲਦਾ ਹੈ। ਬੰਗਾਲੀ ਲੜਕੀਅਾਂ ਇਸ ਦਿਨ ਦੀਵੇ ਜਗਾ ਕੇ ਨਦੀ ’ਚ ਪ੍ਰਵਾਹਿਤ ਕਰਦੀਅਾਂ ਹਨ ਕਿਉਂਕਿ ਇਥੇ ਅਜਿਹੀ ਮਾਨਤਾ ਹੈ ਕਿ ਜਿਸ ਲੜਕੀ ਦਾ ਦੀਵਾ ਬੁਝਣ ਤੱਕ ਨਦੀ ’ਚ ਤੈਰਦਾ ਰਹੇਗਾ, ਉਸ ਦਾ ਪੂਰਾ ਸਾਲ ਸੁਖ, ਸ਼ਾਂਤੀ ਅਤੇ ਐਸ਼ ਨਾਲ ਬੀਤੇਗਾ।

PunjabKesari

ਮਹਾਰਾਸ਼ਟਰ ’ਚ ਉਂਝ ਤਾਂ ਦੀਵਾਲੀ ’ਤੇ ਗਣੇਸ਼-ਲਕਸ਼ਮੀ ਦੀ ਹੀ ਪੂਜਾ ਕੀਤੀ ਜਾਂਦੀ ਹੈ ਅਤੇ ਲੋਕ ਆਪਣੇ ਘਰਾਂ ਦੇ ਅੰਦਰ ਤੇ ਬਾਹਰ ਦੀਵਿਅਾਂ ਨੂੰ ਕਤਾਰ ’ਚ ਜਗਾ ਕੇ ਆਪਣੇ ਘਰਾਂ ਨੂੰ ਸਜਾਉਂਦੇ ਹਨ ਅਤੇ ਰੌਸ਼ਨੀ ਲਈ ਤਰ੍ਹਾਂ-ਤਰ੍ਹਾਂ ਦੇ ਰੰਗ-ਬਿਰੰਗੇ ਫੈਂਸੀ ਬਲਬਾਂ ਦੀ ਵਰਤੋਂ ਵੀ ਖੂਬ ਦੇਖੀ ਜਾਂਦੀ ਹੈ ਪਰ ਸੂਬੇ ਦੇ ਕੁਝ ਹਿੱਸਿਅਾਂ ’ਚ ਦੀਵਾਲੀ ਦਾ ਤਿਓਹਾਰ ‘ਯਮ ਪੂਜਾ’ ਲਈ ਵੀ ਪ੍ਰਸਿੱਧ ਹੈ। ‘ਭੈਯਾ ਦੂਜ’ ਨੂੰ ਇਥੇ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ ਅਤੇ ਇਸ ਮੌਕੇ ’ਤੇ ਯਮਰਾਜ ਦੀ ਪੂਜਾ ਅਰਚਨਾ ਕਰਕੇ ਉਨ੍ਹਾਂ ਨੂੰ ਦੀਵਾ ਦਾਨ ਕੀਤਾ ਜਾਂਦਾ ਹੈ ਜਦੋਂਕਿ ਕੁਝ ਹਿੱਸਿਅਾਂ ’ਚ ਦੈਤਯਰਾਜ ਬਲੀ ਦੀ ਪੂਜਾ ਦੀ ਵੀ ਰਵਾਇਤ ਹੈ। ਰਾਜਾ ਬਲੀ ਦੀ ਮੂਰਤੀ ਬਣਾ ਕੇ ਸਮੂਹਿਕ ਰੂਪ ਨਾਲ ਉਨ੍ਹਾਂ ਦੀ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਹਰ ਖੁਸ਼ੀ ਮੌਕੇ ਅਤੇ ਤਿਓਹਾਰ ’ਤੇ ਆਪਣੇ-ਆਪਣੇ ਘਰਾਂ ’ਚ ਰੰਗੋਲੀ ਸਜਾਉਣਾ ਤਾਂ ਮਹਾਰਾਸ਼ਟਰ ਦੀ ਗੌਰਵਸ਼ਾਲੀ ਸੰਸਕ੍ਰਿਤੀ ਦਾ ਅਹਿਮ ਹਿੱਸਾ ਹੈ। ਦੀਵਾਲੀ ’ਤੇ ਵੀ ਔਰਤਾਂ ਆਪਣੇ ਘਰ ਅਤੇ ਵਿਹੜੇ ’ਚ ਰੰਗੋਲੀ ਸਜਾਉਂਦੀਅਾਂ ਹਨ। ਇਥੇ ਲੋਕ ਧਨਤੇਰਸ ਵਾਲੇ ਦਿਨ ਬਰਤਨ ਖਰੀਦਣਾ ਸ਼ੁੱਭ ਨਹੀਂ ਮੰਨਦੇ।

ਮੱਧ ਪ੍ਰਦੇਸ਼ ’ਚ ਵੀ ਕੁਝ ਸਥਾਨਾਂ ’ਤੇ ਔਰਤਾਂ ਮਹਾਰਾਸ਼ਟਰ ਵਾਂਗ ਹੀ ਆਪਣੇ ਘਰ ਅਤੇ ਵਿਹੜੇ ’ਚ ਰੰਗੋਲੀ ਸਜਾਉਂਦੀਅਾਂ ਹਨ ਅਤੇ ਰਾਜਾ ਬਲੀ ਦੀ ਮੂਰਤੀ ਦੀ ਸਥਾਪਨਾ ਕਰਕੇ ਉਸ ਦੀ ਪੂਜਾ ਕਰਦੀਅਾਂ ਹਨ। ਰਾਤ ਨੂੰ ਪੂਜਾ ਕਰਨ ਤੋਂ  ਬਾਅਦ  ਇਕ-ਦੂਜੇ ਨੂੰ ਮਠਿਆਈਅਾਂ ਤੇ ਤੋਹਫੇ ਵੰਡੇ ਜਾਂਦੇ ਹਨ ਅਤੇ ਲੋਕ ਆਤਿਸ਼ਬਾਜ਼ੀ ਦਾ ਮਜ਼ਾ ਲੈਂਦੇ ਹਨ।

ਗੁਜਰਾਤ ’ਚ ਦੀਵਾਲੀ ਵਾਲੇ ਦਿਨ ਪ੍ਰੰਪਰਿਕ ਤਰੀਕੇ ਨਾਲ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਵਪਾਰੀ ਵਰਗ ਨਵੇਂ ਵਹੀ-ਖਾਤੇ ਬਣਾਉਂਦਾ ਹੈ। ਲਕਸ਼ਮੀ ਪੂਜਾ ਦੇ ਨਾਲ-ਨਾਲ ਗੁਜਰਾਤ ਦੇ ਕੁਝ ਖੇਤਰਾਂ ’ਚ ‘ਸ਼ਕਤੀ’ ਦਾ ਪੂਜਨ ਵੀ ਕੀਤਾ ਜਾਂਦਾ ਹੈ। ਪੂਜਾ ਤੋਂ ਬਾਅਦ ਇਕ-ਦੂਜੇ ਨੂੰ ਤੋਹਫਿਅਾਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ। ਇਸ ਦਿਨ  ਔਰਤਾਂ ਕੱਚੇ ਘੜਿਅਾਂ ਨੂੰ ਆਟੇ ਅਤੇ ਚੌਲ ਨਾਲ ਸਜਾਉਂਦੀਅਾਂ ਹਨ। ਦੀਵਾਲੀ ਵਾਲੇ ਦਿਨ ਗੁਜਰਾਤ ’ਚ ਨਮਕ ਖਰੀਦਣਾ ਤੇ ਵੇਚਣਾ ਸ਼ੁੱਭ ਮੰਨਿਆ ਜਾਂਦਾ ਹੈ, ਜਿਸ ਨੂੰ ਇਥੇ ‘ਵਾਂਘਵਰਾਨ’ ਕਿਹਾ ਜਾਂਦਾ ਹੈ।

ਕਰਨਾਟਕ ’ਚ ਲੋਕ ਦੀਵਾਲੀ ਮੌਕੇ ਨਵੀਂ ਫਸਲ ਆ ਜਾਣ ਦੀ ਖੁਸ਼ੀ ’ਚ ਲਕਸ਼ਮੀ ਦੇ ਨਾਲ-ਨਾਲ ਧਰਤੀ ਮਾਂ ਦੀ ਪੂਜਾ ਵੀ ਵਿਸ਼ੇਸ਼ ਤੌਰ ’ਤੇ ਕਰਦੇ ਹਨ। ਇਥੇ ਇਸ ਦਿਨ ਵਟਣਾ ਲਾ ਕੇ ਨਹਾਉਣ ਦੀ ਪ੍ਰੰਪਰਾ ਹੈ ਅਤੇ ਵਟਣਾ ਲਾਉਂਦੇ ਸਮੇਂ ਨਰਕਾਸੁਰ ਵਧ ਦੀ ਕਥਾ ਸੁਣੀ ਜਾਂਦੀ ਹੈ।  ਅਾਂਧਰਾ ਪ੍ਰਦੇਸ਼ ’ਚ ਮਾਨਤਾ ਹੈ ਕਿ ਦੀਵਾਲੀ ਵਾਲੇ ਦਿਨ ਜਿਨ੍ਹਾਂ ਘਰਾਂ ਨੂੰ ਦੀਵੇ ਜਗਾ ਕੇ ਨਹੀਂ ਰੁਸ਼ਨਾਇਆ ਜਾਂਦਾ, ਉਥੇ ਭੂਤ-ਪ੍ਰੇਤਾਂ ਦਾ ਡੇਰਾ ਬਣ ਜਾਂਦਾ ਹੈ ਅਤੇ ਅਜਿਹੇ ਪਰਿਵਾਰਾਂ ਲਈ ਪੂਰਾ ਸਾਲ ਮਾੜਾ ਸਾਬਤ ਹੁੰਦਾ ਹੈ। ਇਸ ਦਿਨ ਲੋਕ ਆਪਣੇ-ਆਪਣੇ ਘਰਾਂ ਦੇ ਬਾਹਰ ਚਬੂਤਰੇ ਬਣਾ ਕੇ ਉਸ ’ਤੇ ਦੀਵੇ ਸਜਾਉਂਦੇ ਹਨ, ਜਿਸ ਨਾਲ ਪੂਰਾ ਮਾਹੌਲ ਦੂਰ ਤੋਂ ਹੀ ਦੀਵਿਅਾਂ ਦੀ ਜਗਮਗਾਉਂਦੀ ਰੌਸ਼ਨੀ ’ਚ ਰੰਗਿਆ ਨਜ਼ਰ ਆਉਂਦਾ ਹੈ। ਹੈਦਰਾਬਾਦ ’ਚ ਦੀਵਾਲੀ ’ਤੇ ਲਕਸ਼ਮੀ ਪੂਜਾ ਦੀ ਪ੍ਰੰਪਰਾ ਤਾਂ ਨਿਭਾਈ ਜਾਂਦੀ ਹੈ ਪਰ ਇਸ ਦਿਨ ਇਥੋਂ ਦੀ ਪ੍ਰਮੁਖ ਖਿੱਚ ਦਾ ਕੇਂਦਰ ਮੱਝਾਂ ਦੀ ਲੜਾਈ ਹੁੰਦੀ ਹੈ ਸਗੋਂ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਹੈਦਰਾਬਾਦ ਦੇ ਲੋਕ ਮੱਝਾਂ ਨੂੰ ਲੜਾ ਕੇ ਹੀ ਦੀਵਾਲੀ ਦਾ ਤਿਓਹਾਰ ਮਨਾਉਂਦੇ ਹਨ।

ਕੇਰਲ ’ਚ ਦੀਵਾਲੀ ਵਾਲੇ ਦਿਨ ਭਗਵਾਨ ਸ੍ਰੀ ਰਾਮ ਦੀ ਪੂਜਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਅਨੋਖੀ ਗੱਲ ਇਹ ਹੈ ਕਿ ਸ੍ਰੀ ਰਾਮ ਦੀ ਪੂਜਾ ਦੇ ਨਾਲ-ਨਾਲ ਇਸ ਦਿਨ ਇਥੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਪੂਜਾ ਕੀਤੇ ਜਾਣ ਦੀ ਵੀ ਪ੍ਰੰਪਰਾ ਦੇਖੀ ਜਾਂਦੀ ਹੈ। ਅਰੁਣਾਚਲ ਪ੍ਰਦੇਸ਼ ’ਚ ਲੋਕ ਦੀਵਾਲੀ ਤੋਂ ਇਕ ਦਿਨ ਪਹਿਲਾਂ ਰਾਤ ਦੇ ਸਮੇਂ ਖੁੱਲ੍ਹੇ ਮੈਦਾਨ ’ਚ ਇਕੱਠੇ ਹੁੰਦੇ ਹਨ ਅਤੇ ਜੂਆ ਖੇਡਦੇ ਹਨ। ਦੀਵਾਲੀ ਵਾਲੇ ਦਿਨ ਇਥੇ ਵੀ ਲੋਕ ਆਪਣੇ ਘਰਾਂ ਨੂੰ ਰੰਗ-ਬਿਰੰਗੀਅਾਂ ਰੌਸ਼ਨੀਅਾਂ ਨਾਲ ਸਜਾਉਂਦੇ ਹਨ ਅਤੇ ਦੀਵਿਅਾਂ ਦੀ ਕਤਾਰ ਨਾਲ ਆਪਣੇ ਘਰਾਂ ਨੂੰ ਸਜਾਉਂਦੇ ਹਨ। ਨੌਜਵਾਨ ਪਟਾਕੇ ਚਲਾਉਂਦੇ ਹਨ ਅਤੇ ਮਠਿਆਈਅਾਂ ਦਾ ਆਨੰਦ ਲੈਂਦੇ ਹਨ।
ਰੌਸ਼ਨੀ ਨਾਲ ਜਗਮਗਾਉਂਦਾ ਮੈਸੂਰ ਮਹਿਲ


Related News