ਕਮਿਸ਼ਨਰ ਦਫਤਰ ਦਾ ਕਾਰਨਾਮਾ: ਦਫਤਰ ਕੰਪਲੈਕਸ ''ਚ ਉਲਟਾ ਲਹਿਰਾਉਂਦਾ ਰਿਹਾ ਰਾਸ਼ਟਰੀ ਝੰਡਾ
Sunday, Jun 28, 2020 - 06:19 PM (IST)
ਫਿਰੋਜ਼ਪੁਰ (ਮਲਹੋਤਰਾ): ਜ਼ਮੀਨ ਦੇ ਫਰਜ਼ੀ ਐਕਵਾਇਰ ਦੇ ਮਾਮਲੇ ਨੂੰ ਲੈ ਕੇ ਚਰਚਾ ਵਿਚ ਆਏ ਕਮਿਸ਼ਨਰ ਦਫਤਰ ਦਾ ਇਕ ਹੋਰ ਕਾਰਨਾਮਾ ਸਾਹਮਣੇ ਆਇਆ ਹੈ। ਪੂਰੀ ਡਵੀਜ਼ਨ ਦੇ ਤਿੰਨ ਜ਼ਿਲਿਆਂ ਦੇ ਲੋਕਾਂ ਨੂੰ ਇਨਸਾਫ ਦੁਆਉਣ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਕਮਿਸ਼ਨਰ ਦਫਤਰ ਦੇ ਅਧਿਕਾਰੀ ਅਤੇ ਕਰਮਚਾਰੀ ਰਾਸ਼ਟਰੀ ਝੰਡੇ ਦੇ ਪ੍ਰਤੀ ਇਨਸਾਫ ਕਰਨਾ ਭੁੱਲੇ ਹੋਏ ਹਨ ਅਤੇ ਸ਼ਨੀਵਾਰ ਪੂਰਾ ਦਿਨ ਕਮਿਸ਼ਨਰ ਦਫਤਰ ਕੰਪਲੈਕਸ 'ਚ ਰਾਸ਼ਟਰੀ ਝੰਡਾ ਉਲਟਾ ਲਹਿਰਾਉਂਦਾ ਰਿਹਾ। ਇੰਡੀਅਨ ਫਲੈਗ ਕੋਡ ਦੇ ਨਿਯਮਾਂ ਅਨੁਸਾਰ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਵਾਲਿਆਂ ਨੂੰ ਤਿੰਨ ਸਾਲ ਤੱਕ ਦੀ ਸਜ਼ਾ, ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।
ਗਲਤੀ ਸੁਧਾਰਣ ਦੀ ਨਹੀਂ ਕੀਤੀ ਕੋਸ਼ਿਸ਼
ਇੱਥੇ ਇਹ ਦੱਸਣਯੋਗ ਹੈ ਕਿ ਕਮਿਸ਼ਨਰ ਦਫਤਰ ਵਿਚ ਕਾਫੀ ਗਿਣਤੀ 'ਚ ਸਟਾਫ ਮੈਂਬਰਾਂ ਤੋਂ ਇਲਾਵਾ ਤਿੰਨ ਜ਼ਿਲਿਆਂ ਦੇ ਲੋਕਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਕਮਿਸ਼ਨਰ ਦੀ ਕੋਰਟ 'ਚ ਲੋਕ ਆਪਣੇ ਜ਼ਿਲਿਆਂ ਨਾਲ ਸਬੰਧਤ ਮਾਮਲਿਆਂ ਲਈ ਇਨਸਾਫ ਲੈਣ ਆਉਂਦੇ ਹਨ। ਨਾ ਤਾਂ ਕਿਸੇ ਅਧਿਕਾਰੀ ਅਤੇ ਨਾ ਹੀ ਕਿਸੇ ਕਰਮਚਾਰੀ ਦਾ ਧਿਆਨ ਇਸ ਉਲਟੇ ਲਹਿਰਾ ਰਹੇ ਰਾਸ਼ਟਰੀ ਝੰਡੇ ਵੱਲ ਗਿਆ। ਇਹ ਵੀ ਹੋ ਸਕਦਾ ਹੈ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਇਸ ਗਲਤੀ ਨੂੰ ਜਾਣ-ਬੁੱਝ ਕੇ ਇਹ ਸੋਚ ਕੇ ਨਜ਼ਰ-ਅੰਦਾਜ਼ ਕੀਤਾ ਕੀਤਾ ਗਿਆ ਹੋਵੇ ਕਿ ਝੰਡੇ ਨੂੰ ਸਿੱਧਾ ਕਰਨ ਦੀ ਜ਼ਿੰਮੇਵਾਰੀ ਉਸੇ ਦੀ ਹੈ, ਜਿਸ ਨੇ ਇਸ ਨੂੰ ਲਹਿਰਾਇਆ ਹੈ।
ਭਾਰਤੀ ਰਾਸ਼ਟਰੀ ਝੰਡਾ ਐਕਟ
ਐਕਟ ਦੇ ਅਨੁਸਾਰ ਰਾਸ਼ਟਰੀ ਝੰਡੇ ਨੂੰ ਫਹਿਰਾਉਣ ਅਤੇ ਪ੍ਰਯੋਗ ਕਰਨ ਦੇ ਬਾਰੇ ਨਿਰਦੇਸ਼ ਦਿੱਤੇ ਗਏ ਹਨ।
ਜਦ ਵੀ ਰਾਸ਼ਟਰੀ ਝੰਡਾ ਲਹਿਰਾਇਆ ਜਾਵੇ ਤਾਂ ਇਸ ਨੂੰ ਪੂਰਾ ਸਨਮਾਨ ਦਿੱਤਾ ਜਾਵੇ।
ਝੰਡਾ ਲਹਿਰਾਉਂਦੇ ਸਮੇਂ ਕੇਸਰੀ ਰੰਗ ਸਭ ਤੋਂ ਉਪਰ ਅਤੇ ਹਰਾ ਰੰਗ ਸਭ ਤੋਂ ਥੱਲੇ ਹੋਣਾ ਚਾਹੀਦਾ ਹੈ।
ਰਾਸ਼ਟਰੀ ਝੰਡਾ ਅਜਿਹੀ ਜਗ੍ਹਾ 'ਤੇ ਲਾਇਆ ਜਾਵੇ, ਜਿੱਥੋਂ ਇਹ ਸਪੱਸ਼ਟ ਰੂਪ 'ਚ ਦਿਖਾਈ ਦੇਵੇ।
ਸਰਕਾਰੀ ਇਮਾਰਤਾਂ 'ਤੇ ਝੰਡਾ ਐਤਵਾਰ ਅਤੇ ਹੋਰਨਾਂ ਛੁੱਟੀਆਂ ਦੇ ਦਿਨਾਂ 'ਚ ਵੀ ਸੂਰਜ ਨਿਕਲਣ ਤੋਂ ਲੈ ਕੇ ਸੂਰਜ ਛਿਪਣ ਤੱਕ ਲਹਿਰਾਇਆ ਜਾ ਸਕਦਾ ਹੈ, ਵਿਸ਼ੇਸ਼ ਮੌਕਿਆਂ 'ਤੇ ਇਸਨੂੰ ਰਾਤ ਨੂੰ ਵੀ ਲਹਿਰਾਇਆ ਜਾ ਸਕਦਾ ਹੈ।
ਝੰਡੇ ਨੂੰ ਹਮੇਸ਼ਾ ਤੇਜ਼ੀ ਦੇ ਨਾਲ ਲਹਿਰਾਉਣਾ ਚਾਹੀਦਾ ਹੈ ਅਤੇ ਆਦਰ ਦੇ ਨਾਲ ਹੌਲੀ-ਹੌਲੀ ਥੱਲੇ ਉਤਾਰਣਾ ਚਾਹੀਦਾ ਹੈ। ਝੰਡਾ ਲਹਿਰਾਉਂਦੇ ਅਤੇ ਉਤਾਰਦੇ ਸਮੇਂ ਬਿਗੁਲ ਵਜਾਇਆ ਜਾਂਦਾ ਹੈ ਅਤੇ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਝੰਡੇ ਨੂੰ ਬਿਗੁਲ ਦੀ ਆਵਾਜ਼ ਦੇ ਨਾਲ ਹੀ ਲਹਿਰਾਇਆ ਅਤੇ ਉਤਾਰਿਆ ਜਾਵੇ।
ਫਟਿਆ ਹੋਇਆ ਜਾਂ ਮੈਲਾ ਝੰਡਾ ਨਹੀਂ ਲਹਿਰਾਉਣਾ ਚਾਹੀਦਾ।
ਕਿਸੇ ਦੂਜੇ ਝੰਡੇ ਨੂੰ ਰਾਸ਼ਟਰੀ ਝੰਡੇ ਤੋਂ ਉਪਰ ਕਦੇ ਨਹੀਂ ਲਹਿਰਾਉਣਾ ਚਾਹੀਦਾ।
ਝੰਡੇ 'ਤੇ ਕੁਝ ਲਿਖਿਆ ਜਾਂ ਛਪਿਆ ਨਹੀਂ ਹੋਣਾ ਚਾਹੀਦਾ।
ਜਦ ਝੰਡਾ ਫਟ ਜਾਵੇ ਜਾਂ ਮੈਲਾ ਹੋ ਜਾਵੇ ਤਾਂ ਇਸ ਨੂੰ ਇਕਾਂਤ ਰੂਪ 'ਚ ਪੂਰੀ ਤਰ੍ਹਾਂ ਨਸ਼ਟ ਕਰ ਦੇਣਾ ਚਾਹੀਦਾ ਹੈ।
ਰਾਸ਼ਟਰੀ ਝੰਡੇ ਦਾ ਅਪਮਾਨ ਅਤੇ ਸਜ਼ਾ
ਕਿਸੇ ਵੀ ਜਨਤਕ ਸਥਾਨ ਜਾਂ ਜਨਤਾਂ ਦੇ ਦੇਖ ਸਕਣ ਵਾਲੇ ਸਥਾਨ 'ਤੇ ਰਾਸ਼ਟਰੀ ਝੰਡਾ ਸਾੜਿਆ ਜਾਂ ਅਪਵਿੱਤਰ ਕੀਤਾ ਜਾਂਦਾ ਹੈ ਜਾਂ ਉਸਦਾ ਕਿਸੇ ਰੂਪ 'ਚ ਅਪਮਾਨ ਕੀਤਾ ਜਾਂਦਾ ਹੈ ਤਾਂ ਅਜਿਹੇ ਮਾਮਲਿਆਂ 'ਚ ਭਾਰਤ ਦਾ ਸੰਵਿਧਾਨ ਅਜਿਹਾ ਕਰਨ ਵਾਲੇ ਨੂੰ ਜੁਰਮਾਨਾ ਜਾਂ ਤਿੰਨ ਸਾਲ ਤੱਕ ਦੀ ਸਜ਼ਾ ਜਾਂ ਦੋਵੇਂ ਕਰ ਸਕਦਾ ਹੈ।
ਦਫਤਰ ਸੁਪਰੀਡੈਂਟ ਨੇ ਨਹੀਂ ਚੁੱਕਿਆ ਫੋਨ
ਇਸ ਸਬੰਧੀ ਜਦ ਕਮਿਸ਼ਨਰ ਦਫਤਰ ਸੁਪਰੀਡੈਂਟ ਐੱਮ. ਐੱਮ. ਰੱਖੜਾ ਦੇ ਨਾਲ ਅਨੇਕਾਂ ਵਾਰ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।