ਬਾਲ ਅਧਿਕਾਰ ਕਮਿਸ਼ਨ ਪੰਜਾਬ ਵਲੋਂ ਡੀ.ਐੱਸ.ਪੀ. ਤਪਾ ਅਤੇ ਥਾਣਾ ਮੁਖੀ ਤਲਬ

Thursday, May 16, 2019 - 09:32 AM (IST)

ਬਾਲ ਅਧਿਕਾਰ ਕਮਿਸ਼ਨ ਪੰਜਾਬ ਵਲੋਂ ਡੀ.ਐੱਸ.ਪੀ. ਤਪਾ ਅਤੇ ਥਾਣਾ ਮੁਖੀ ਤਲਬ

ਰੂੜੇਕੇ ਕਲਾਂ (ਮੁਖਤਿਆਰ) : ਪਿੰਡ ਧੌਲਾ ਦੇ ਇਕ ਮੰਦਬੁੱਧੀ ਬੱਚੇ ਦੀ ਕੁੱਟ-ਮਾਰ ਦੀ ਵਾਇਰਲ ਹੋਈ ਵੀਡੀਓ 'ਤੇ ਪੁਲਸ ਦੀ ਕਾਰਵਾਈ ਦੇ ਸਬੰਧ ਵਿਚ ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ ਨੋਟਿਸ ਲਿਆ ਹੈ ਅਤੇ ਡੀ. ਐੱਸ. ਪੀ. ਤਪਾ ਅਤੇ ਥਾਣਾ ਮੁਖੀ ਰੂੜੇਕੇ ਕਲਾਂ ਨੂੰ ਤਲਬ ਕਰ ਕੇ ਮਾਮਲੇ ਦੀ ਰਿਪੋਰਟ ਮੰਗੀ ਹੈ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਪਿੰਡ ਧੌਲਾ ਦੀ ਅਨਾਜ ਮੰਡੀ ਵਿਚ ਇਕ ਵਿਅਕਤੀ ਵੱਲੋਂ ਨਾਬਾਲਗ ਅਤੇ ਮੰਦਬੁੱਧੀ ਬੱਚੇ ਦੀ ਅੰਨ੍ਹੇਵਾਹ ਕੀਤੀ ਜਾ ਰਹੀ ਕੁੱਟ-ਮਾਰ ਸਬੰਧੀ ਸੋਸ਼ਲ ਮੀਡੀਆ 'ਤੇ 14 ਮਿੰਟਾਂ ਦੀ ਵੀਡੀਓ ਵਾਇਰਲ ਹੋਈ, ਜਿਸ ਵਿਚ ਇਕ ਵਿਅਕਤੀ ਨਾਬਾਲਗ ਬੱਚੇ ਨੂੰ ਬੜੀ ਬੇਰਹਿਮੀ ਨਾਲ ਲੱਤਾਂ, ਮੁੱਕਿਆਂ, ਚੱਪਲਾਂ ਨਾਲ ਕੁੱਟ ਰਿਹਾ ਹੈ। 

ਇਸ ਵੀਡੀਓ ਸਬੰਧੀ ਜ਼ਿਲਾ ਪੁਲਸ ਮੁਖੀ ਬਰਨਾਲਾ ਨੂੰ ਲਿਖੇ ਪੱਤਰ ਰਾਹੀਂ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਪੰਜਾਬ ਨੇ ਲਿਖਿਆ ਹੈ ਕਿ ਪਿੰਡ ਧੌਲਾ ਦੇ ਬੱਚੇ ਦੀ ਕੁੱਟ-ਮਾਰ ਕਰਨ ਸਬੰਧੀ ਵੀਡੀਓ ਕਮਿਸ਼ਨ ਦੇ ਡਿਪਟੀ ਡਾਇਰੈਕਟਰ ਨੂੰ ਪ੍ਰਾਪਤ ਹੋਈ ਸੀ, ਜਿਸ ਸਬੰਧੀ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਬਰਨਾਲਾ ਨੂੰ ਕਾਨੂੰਨੀ ਕਾਰਵਾਈ ਕਰਵਾਉਣ ਲਈ ਕਿਹਾ ਗਿਆ ਸੀ ਪਰ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਹੈ ਕਿ ਥਾਣਾ ਮੁਖੀ ਰੂੜੇਕੇ ਕਲਾਂ ਵੱਲੋਂ ਇਸ ਸਬੰਧੀ 107/151 ਅਧੀਨ ਕਾਰਵਾਈ ਕੀਤੀ ਗਈ ਹੈ। ਜਦੋਂਕਿ ਇਸ ਮਾਮਲੇ ਸਬੰਧੀ ਜੁਵੇਨਾਇਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਐਕਟ 2015 ਅਧੀਨ ਕਾਰਵਾਈ ਕੀਤੀ ਜਾਣੀ ਬਣਦੀ ਸੀ। 16 ਮਈ ਨੂੰ ਸਵੇਰੇ 11 ਵਜੇ ਡੀ. ਐੱਸ. ਪੀ. ਤਪਾ ਅਤੇ ਥਾਣਾ ਮੁਖੀ ਰੂੜੇਕੇ ਕਲਾਂ ਨੂੰ ਸਮੇਤ ਰਿਪੋਰਟ ਹਾਜ਼ਰ ਹੋਣ ਲਈ ਪਾਬੰਦ ਕੀਤਾ ਜਾਵੇ। ਜਦੋਂ ਇਸ ਸਬੰਧੀ ਇੰਸਪੈਕਟਰ ਗਮਦੂਰ ਸਿੰਘ ਮੁੱਖ ਅਫਸਰ ਪੁਲਸ ਥਾਣਾ ਰੂੜੇਕੇ ਕਲਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਿਸ ਬੱਚੇ ਦੀ ਕੁੱਟ-ਮਾਰ ਹੋਈ ਹੈ, ਉਸ ਬੱਚੇ ਦੇ ਵਾਰਸਾਂ ਨੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਈ ਹੈ, ਜਿਸ ਕਰਕੇ ਕੁੱਟ-ਮਾਰ ਕਰਨ ਵਾਲੇ ਵਿਅਕਤੀ ਖਿਲਾਫ਼ 107/151 ਅਧੀਨ ਕਾਰਵਾਈ ਕੀਤੀ ਗਈ ਹੈ। 16 ਮਈ ਨੂੰ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਚੰਡੀਗੜ੍ਹ ਦੇ ਦਫ਼ਤਰ ਹਾਜ਼ਰ ਹੋ ਕੇ ਇਸ ਸਬੰਧੀ ਰਿਪੋਰਟ ਪੇਸ਼ ਕੀਤੀ ਜਾਵੇਗੀ।


author

Baljeet Kaur

Content Editor

Related News