ਪੰਜਾਬ 'ਚ 'ਕਮਰਸ਼ੀਅਲ ਡਰਾਈਵਿੰਗ ਲਾਈਸੈਂਸ' ਰਿਨਿਊ ਕਰਵਾਉਣਾ ਹੋਇਆ ਔਖਾ, ਚੱਲ ਰਿਹਾ ਲੰਬਾ Waiting Period
Thursday, May 26, 2022 - 01:30 PM (IST)
ਲੁਧਿਆਣਾ (ਸੁਰਿੰਦਰ ਸੰਨੀ) : ਟਰੱਕ ਅਤੇ ਬੱਸ ਚਾਲਕਾਂ ਲਈ ਕਮਰਸ਼ੀਅਲ ਡਰਾਈਵਿੰਗ ਲਾਈਸੈਂਸ ਰਿਨਿਊ ਕਰਵਾਉਣਾ ਬੇਹੱਦ ਮੁਸ਼ਕਲ ਭਰਿਆ ਕੰਮ ਬਣ ਚੁੱਕਾ ਹੈ। ਕਮਰਸ਼ੀਅਲ ਡਰਾਈਵਿੰਗ ਲਾਈਸੈਂਸ ਰਿਨਿਊ ਕਰਵਾਉਣ ਲਈ ਲੰਬਾ ਵੇਟਿੰਗ ਪੀਰੀਅਡ ਚੱਲ ਰਿਹਾ ਹੈ। ਸੂਬਾ ਸਰਕਾਰ ਵੱਲੋਂ ਕਰੀਬ 10 ਸਾਲਾ ਪਹਿਲਾਂ ਨਵਾਂ ਕਮਰਸ਼ੀਅਲ ਡਰਾਈਵਿੰਗ ਲਾਈਸੈਂਸ ਬਣਵਾਉਣ ਜਾਂ ਰਿਨਿਊ ਕਰਵਾਉਣ ਤੋਂ ਪਹਿਲਾਂ 2 ਦਿਨਾਂ ਦਾ ਰਿਫਰੈਸ਼ਰ ਕੋਰਸ ਸ਼ੁਰੂ ਕੀਤਾ ਗਿਆ ਸੀ। ਇਸ ਲਈ ਪੰਜਾਬ 'ਚ 2 ਸੰਸਥਾਨ ਸ਼ੁਰੂ ਕੀਤੇ ਗਏ ਸਨ। ਇਨ੍ਹਾਂ 'ਚੋਂ ਇਕ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਹੂਆਣਾ ਅਤੇ ਦੂਜਾ ਹੁਸ਼ਿਆਰਪੁਰ 'ਚ ਸਥਿਤ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਪੁਲਸ ਵੱਲੋਂ ਐਡਵਾਈਜ਼ਰੀ ਜਾਰੀ, ਵਟਸਐਪ ’ਤੇ ਧੋਖਾਧੜੀ ਕਰਨ ਵਾਲਿਆਂ ਤੋਂ ਬਚੋ
ਇਨ੍ਹਾਂ ਸੰਸਥਾਨਾਂ 'ਚ ਰਿਫਰੈਸ਼ਰ ਕੋਰਸ ਕਰਨ ਲਈ ਲੰਬਾ ਵੇਟਿੰਗ ਪੀਰੀਅਡ ਚੱਲ ਰਿਹਾ ਹੈ, ਜਿਸ ਕਾਰਨ ਬੱਸ ਅਤੇ ਟਰੱਕ ਚਾਲਕਾਂ ਦੇ ਲਾਈਸੈਂਸ ਰਿਨਿਊ ਨਹੀਂ ਹੋ ਪਾ ਰਹੇ ਹਨ। ਸਰਕਾਰ ਵੱਲੋਂ ਮਲੇਰਕੋਟਲਾ 'ਚ ਵੀ ਅਜਿਹਾ ਹੀ ਇਕ ਸੰਸਥਾਨ ਬਣਾਇਆ ਗਿਆ ਹੈ, ਜਿਸ ਨੂੰ ਪੂਰਾ ਹੋਏ ਕਈ ਸਾਲ ਹੋ ਗਏ ਹਨ ਪਰ ਇਹ ਸੰਸਥਾਨ ਅਜੇ ਉਦਘਾਟਨ ਦੇ ਇੰਤਜ਼ਾਰ 'ਚ ਹੈ। ਆਲ ਟੈਂਪੂ ਆਪਰੇਟਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਧਰੌੜ ਦਾ ਕਹਿਣਾ ਹੈ ਕਿ ਸੂਬੇ ਦੀ ਨਵੀਂ ਸਰਕਾਰ ਟਰਾਂਸਪੋਰਟਰਾਂ ਨੂੰ ਰਾਹਤ ਦੇਣ ਲਈ ਸਾਰੇ ਜ਼ਿਲ੍ਹਿਆਂ 'ਚ ਅਜਿਹੇ ਸੰਸਥਾਨ ਸ਼ੁਰੂ ਕਰੇ ਤਾਂ ਜੋ ਲੋਕਾਂ ਨੂੰ ਆਪਣੇ ਕਮਰਸ਼ੀਅਲ ਡਰਾਈਵਿੰਗ ਲਾਈਸੈਂਸ ਰਿਨਿਊ ਕਰਵਾਉਣ ਲਈ ਦੂਰ ਨਾ ਜਾਣਾ ਪਵੇ।
ਇਸ ਸਬੰਧੀ ਸਕੂਲ ਬੱਸ ਆਪਰੇਟਰ ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਰਿੰਪੀ ਦਾ ਕਹਿਣਾ ਹੈ ਕਿ ਰਿਨਿਊ ਦੇ ਸਮੇਂ ਕਮਰਸ਼ੀਅਲ ਲਾਈਸੈਂਸ ਲਈ ਰਿਫਰੈਸ਼ਰ ਕੋਰਸ ਲਾਜ਼ਮੀ ਹੋਣ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 3 ਜਾਂ 5 ਸਾਲ ਬਾਅਦ ਰਿਫਰੈਸ਼ਰ ਕੋਰਸ ਕਰਵਾਉਣਾ ਕਿਤੇ ਵੀ ਜਾਇਜ਼ ਨਹੀਂ। ਇਸ ਬਾਰੇ ਸਟੇਟ ਟਰਾਂਸਪੋਰਟ ਕਮਿਸ਼ਨਰ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਕਮਰਸ਼ੀਅਲ ਡਰਾਈਵਿੰਗ ਲਾਈਸੈਂਸ ਰਿਨਿਊ ਕਰਵਾਉਣ ਲਈ ਚੱਲ ਰਹੇ ਲੰਬੇ ਵੇਟਿੰਗ ਪੀਰੀਅਡ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਇਸ ਦੀ ਜਾਂਚ ਕਰਵਾ ਕੇ ਕੋਈ ਹੱਲ ਕਰਵਾਉਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ