ਬਗੀਚੇ ''ਚ ਪੀਣ ਵਾਲਾ ਪਾਣੀ ਪਾਇਆ ਤਾਂ ਦੇਣਾ ਹੋਵੇਗਾ ਕਮਰਸ਼ੀਅਲ ਰੇਟ

Friday, Jun 30, 2017 - 08:02 AM (IST)

ਬਗੀਚੇ ''ਚ ਪੀਣ ਵਾਲਾ ਪਾਣੀ ਪਾਇਆ ਤਾਂ ਦੇਣਾ ਹੋਵੇਗਾ ਕਮਰਸ਼ੀਅਲ ਰੇਟ

ਚੰਡੀਗੜ੍ਹ  (ਵਿਜੇ) - ਇਕ ਕਨਾਲ ਤੋਂ ਵੱਧ ਖੇਤਰ ਵਾਲੇ ਘਰਾਂ 'ਚ ਜੇਕਰ ਗਾਰਡਨਿੰਗ ਲਈ ਪੀਣ ਵਾਲਾ ਪਾਣੀ ਵਰਤਿਆ ਤਾਂ ਨਗਰ ਨਿਗਮ ਵਲੋਂ ਕਮਰਸ਼ੀਅਲ ਰੇਟ ਵਸੂਲ ਕੀਤਾ ਜਾਵੇਗਾ। ਇਹ ਫੈਸਲਾ ਵੀਰਵਾਰ ਨੂੰ ਹੋਈ ਵਾਟਰ ਸਪਲਾਈ ਕਮੇਟੀ ਦੀ ਮੀਟਿੰਗ 'ਚ ਲਿਆ ਗਿਆ। ਨਿਗਮ ਕੋਲ ਕਈ ਅਜਿਹੀਆਂ ਸ਼ਿਕਾਇਤਾਂ ਆ ਰਹੀਆਂ ਹਨ ਕਿ ਵੱਧ ਖੇਤਰ ਕਵਰ ਕਰਨ ਵਾਲੇ ਘਰਾਂ 'ਚ ਛੋਟੇ-ਛੋਟੇ ਬਗੀਚੇ ਬਣਾਏ ਹੋਏ ਹਨ, ਜਿਥੇ ਸਿੰਚਾਈ ਲਈ ਪੀਣ ਵਾਲੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਕਮੇਟੀ ਨੇ ਫੈਸਲਾ ਲਿਆ ਹੈ ਕਿ 1 ਅਗਸਤ ਤੋਂ ਬਾਅਦ ਜੇਕਰ ਕਿਤੇ ਅਜਿਹੇ ਮਾਮਲੇ ਪਾਏ ਗਏ ਤਾਂ ਉਨ੍ਹਾਂ ਤੋਂ ਬਿੱਲ ਰੈਜ਼ੀਡੈਂਸ਼ੀਅਲ ਦੀ ਬਜਾਏ ਕਮਰਸ਼ੀਅਲ ਰੇਟ 'ਤੇ ਵਸੂਲ ਕੀਤਾ ਜਾਵੇਗਾ। ਇਸ ਲਈ ਨਿਗਮ ਨੇ ਵਿਕਲਪ ਦਿੱਤਾ ਹੈ ਕਿ 31 ਜੁਲਾਈ ਤੋਂ ਪਹਿਲਾਂ ਮਕਾਨ ਦੇ ਮਾਲਕ ਸਿੰਚਾਈ ਲਈ ਟਰਸ਼ਰੀ ਵਾਟਰ ਦੀ ਸਪਲਾਈ ਦਾ ਕੁਨੈਕਸ਼ਨ ਲੈ ਲੈਣ। 1 ਅਗਸਤ ਤੋਂ ਬਾਅਦ ਨਿਗਮ ਵਲੋਂ ਵਿਸ਼ੇਸ਼ ਡਰਾਈਵ ਚਲਾਈ ਜਾਏਗੀ।
ਆਰ. ਡਬਲਿਊ. ਏ. ਨੂੰ ਦਿੱਤੀ ਪਖਾਨਿਆਂ ਦੀ ਦੇਖਰੇਖ ਦੀ ਜ਼ਿੰਮੇਵਾਰੀ
ਸ਼ਹਿਰ 'ਚ ਰੈਜ਼ੀਡੈਂਸ਼ੀਅਲ ਵੈੱਲਫੇਅਰ ਐਸੋਸੀਏਸ਼ਨ (ਆਰ. ਡਬਲਿਊ. ਏ.) ਹੁਣ ਗ੍ਰੀਨ ਬੈਲਟ 'ਚ ਬਣਾਏ ਗਏ ਪਬਲਿਕ ਟਾਇਲਟਸ ਦੀ ਦੇਖਰੇਖ ਕਰੇਗੀ। ਕਮੇਟੀ ਨੇ ਫੈਸਲਾ ਲਿਆ ਹੈ ਕਿ ਆਰ. ਡਬਲਿਊ. ਏ. ਨੂੰ ਇਸ ਤਰ੍ਹਾਂ ਦੀ ਪਾਵਰ ਦਿੱਤੀ ਜਾਵੇਗੀ। ਉਥੇ ਹੀ ਮਾਰਕੀਟ 'ਚ ਬਣੇ ਪਬਲਿਕ ਟਾਇਲਟਸ ਦੀ ਦੇਖਰੇਖ ਵੀ ਮਾਰਕੀਟ ਐਸੋਸੀਏਸ਼ਨ ਵਲੋਂ ਹੀ ਕੀਤੀ ਜਾਵੇਗੀ। ਇਹ ਮੀਟਿੰਗ ਕੌਂਸਲਰ ਸਤੀਸ਼ ਕੁਮਾਰ ਕੈਂਥ ਦੀ ਪ੍ਰਧਾਨਗੀ 'ਚ ਹੋਈ ਸੀ।  
ਵਾਟਰ ਟੈਂਕਰ ਲਈ ਦੇਣੀ ਹੋਵੇਗੀ ਜ਼ਿਆਦਾ ਰਾਸ਼ੀ
ਜੇਕਰ ਕੋਈ ਵਾਟਰ ਟੈਂਕਰ ਦਾ ਕਮਰਸ਼ੀਅਲ ਤੌਰ 'ਤੇ ਇਸਤੇਮਾਲ ਕਰਦਾ ਹੈ ਤਾਂ ਉਸ ਨੂੰ ਜੇਬ ਵੱਧ ਢਿੱਲੀ ਕਰਨੀ ਪਏਗੀ। ਨਿਗਮ ਜਲਦੀ ਹੀ ਵਾਟਰ ਟੈਂਕਰ ਦੇ ਚਾਰਜ ਵਧਾ ਸਕਦਾ ਹੈ। ਅਜੇ ਤਕ ਇਹ ਚਾਰਜ 385 ਰੁਪਏ ਤਕ ਤੈਅ ਕੀਤਾ ਗਿਆ, ਜਦਕਿ ਕਮੇਟੀ ਨੇ ਤੈਅ ਕੀਤਾ ਹੈ ਕਿ ਇਸ ਰੇਟ ਨੂੰ 500 ਰੁਪਏ ਤਕ ਵਧਾਇਆ ਜਾਵੇਗਾ। ਇਸ 'ਤੇ ਟੈਕਸ ਵਾਧੂ ਲੱਗੇਗਾ। ਕਮੇਟੀ ਵਲੋਂ ਇਹ ਏਜੰਡਾ ਹੁਣ ਐੈੱਫ. ਐਂਡ ਸੀ. ਸੀ. ਕੋਲ ਭੇਜ ਦਿੱਤਾ ਗਿਆ ਹੈ, ਜਿਸ ਲਈ ਪਾਲਿਸੀ ਤਿਆਰ ਹੋਵੇਗੀ।


Related News