PGI ''ਚ ਖ਼ਤਮ ਹੋਵੇਗਾ ਡੀ. ਸੀ. ਰੇਟ ਦਾ ਯੁੱਗ, ਠੇਕਾ ਮੁਲਾਜ਼ਮਾਂ ਨੂੰ ਮਿਲੇਗਾ ਬਕਾਇਆ

Saturday, Jul 19, 2025 - 02:05 PM (IST)

PGI ''ਚ ਖ਼ਤਮ ਹੋਵੇਗਾ ਡੀ. ਸੀ. ਰੇਟ ਦਾ ਯੁੱਗ, ਠੇਕਾ ਮੁਲਾਜ਼ਮਾਂ ਨੂੰ ਮਿਲੇਗਾ ਬਕਾਇਆ

ਚੰਡੀਗੜ੍ਹ (ਪਾਲ) : ਪੀ. ਜੀ. ਆਈ. ਦੇ ਹਜ਼ਾਰਾਂ ਠੇਕਾ ਕਰਮਚਾਰੀਆਂ ਲਈ ਇੱਕ ਇਤਿਹਾਸਕ ਦਿਨ ਆ ਗਿਆ ਹੈ। ਲੰਬੇ ਸੰਘਰਸ਼ ਅਤੇ ਨਿਰੰਤਰ ਯਤਨਾਂ ਤੋਂ ਬਾਅਦ ਹੁਣ ਸਮਾਂ ਆ ਗਿਆ ਹੈ ਕਿ ਡੀ.ਸੀ. ਰੇਟ ’ਤੇ ਮਿਲਣ ਵਾਲੀ ਮਜ਼ਦੂਰੀ ਦੀ ਪ੍ਰਣਾਲੀ ਨੂੰ ਅਲਵਿਦਾ ਕਿਹਾ ਜਾਵੇ। ਕੇਂਦਰ ਸਰਕਾਰ ਨੇ ਇੱਕੋ ਜਿਹੀਆਂ ਉਜਰਤਾਂ ਲਾਗੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਤਹਿਤ ਕਰੀਬ 3500 ਠੇਕਾ ਕਾਮਿਆਂ ਨੂੰ ਔਸਤਨ 7000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਵਾਧਾ ਅਤੇ 19 ਮਹੀਨਿਆਂ ਦੇ ਬਕਾਏ (ਕੁੱਲ 50 ਕਰੋੜ ਰੁਪਏ) ਮਿਲਣਗੇ। 6 ਦਸੰਬਰ 2024 ਨੂੰ ਪੀ. ਜੀ. ਆਈ. ਪ੍ਰਸ਼ਾਸਨ ਦੀ ਅੱਠਵੀਂ ਪਟੀਸ਼ਨ ਕੇਂਦਰੀ ਸਲਾਹਕਾਰ ਕੰਟਰੈਕਟ ਲੇਬਰ ਬੋਰਡ (ਸੀ.ਏ.ਸੀ.ਐੱਲ.ਬੀ.) ਦੇ ਸਾਹਮਣੇ ਰੱਖੀ ਗਈ ਸੀ, ਜਿਸ ਵਿਚ ਉਨ੍ਹਾਂ ਨੂੰ 13 ਜਨਵਰੀ 2024 ਤੋਂ 12 ਜਨਵਰੀ 2026 ਤੱਕ ਦੁਬਾਰਾ ਛੋਟ ਦੇਣ ਦੀ ਅਪੀਲ ਕੀਤੀ ਗਈ ਸੀ।

ਬੋਰਡ ਨੇ 9 ਅਕਤੂਬਰ 2018 ਨੂੰ ਦੋ ਸਾਲਾਂ ਦੀ ਛੋਟ ਨੂੰ ਇਸ ਸ਼ਰਤ ’ਤੇ ਮਨਜ਼ੂਰੀ ਦੇ ਦਿੱਤੀ ਸੀ ਕਿ ਠੇਕਾ ਕਰਮਚਾਰੀਆਂ ਨੂੰ ਸਥਾਈ ਕਰਮਚਾਰੀਆਂ ਦੇ ਬਰਾਬਰ ਤਨਖ਼ਾਹ ਅਤੇ ਸਹੂਲਤਾਂ ਮਿਲਣਗੀਆਂ ਪਰ ਇਸ ਨਿਯਮ ਨੂੰ ਲਾਗੂ ਕਰਨ ਵਿਚ ਦੇਰੀ ਹੋਈ। ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਵਿਚ ਸਾਂਝੀ ਐਕਸ਼ਨ ਕਮੇਟੀ (ਜੇ. ਏ. ਸੀ.) ਅਤੇ ਭਾਰਤੀ ਮਜ਼ਦੂਰ ਸੰਘ (ਬੀ. ਐੱਮ. ਐੱਸ.) ਨੇ ਸਰਗਰਮ ਭੂਮਿਕਾ ਨਿਭਾਈ। ਜਦੋਂ ਕਿਰਤ ਮੰਤਰਾਲੇ ਨੇ ਨੋਟੀਫਿਕੇਸ਼ਨ ਨੂੰ ਪਿਛਲੇ ਸਮੇਂ ਤੋਂ ਲਾਗੂ ਕਰਨ ਵਿਚ ਕਾਨੂੰਨੀ ਰੁਕਾਵਟਾਂ ਦਾ ਹਵਾਲਾ ਦਿੱਤਾ, ਤਾਂ ਜੇ.ਏ.ਸੀ. ਨੇ ਸਿੱਧੇ ਕੇਂਦਰੀ ਕਾਨੂੰਨ ਮੰਤਰੀ ਨਾਲ ਸੰਪਰਕ ਕੀਤਾ ਅਤੇ ਸਹਾਇਤਾ ਦੀ ਮੰਗ ਕੀਤੀ। ਲਗਾਤਾਰ ਫਾਲੋ-ਅਪ ਤੋਂ ਬਾਅਦ ਕਾਨੂੰਨ ਮੰਤਰਾਲੇ ਨੇ 16 ਜੁਲਾਈ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ। ਜੈਕ ਦੇ ਚੇਅਰਮੈਨ ਅਸ਼ਵਨੀ ਕੁਮਾਰ ਮੁੰਜਾਲ ਨੇ ਇਸਨੂੰ ਠੇਕਾ ਕਰਮਚਾਰੀਆਂ ਦੇ ਮਾਣ ਅਤੇ ਅਧਿਕਾਰਾਂ ਲਈ ਇੱਕ ਇਤਿਹਾਸਕ ਜਿੱਤ ਦੱਸਿਆ ਅਤੇ ਕਿਹਾ ਕਿ ਇਹ ਸਿਰਫ਼ ਇੱਕ ਸ਼ੁਰੂਆਤ ਹੈ ਅਤੇ ਕਰਮਚਾਰੀਆਂ ਦੇ ਅਧਿਕਾਰਾਂ ਲਈ ਲੜਾਈ ਭਵਿੱਖ ਵਿਚ ਵੀ ਜਾਰੀ ਰਹੇਗੀ।
ਕਿਸਨੂੰ ਕਿੰਨਾ ਹੋਵੇਗਾ ਫਾਇਦਾ
ਸਫ਼ਾਈ ਕਰਮਚਾਰੀ ਜਿਨ੍ਹਾਂ ਨੂੰ ਪਹਿਲਾਂ 20,000 ਰੁਪਏ ਮਹੀਨਾ ਮਿਲਦੇ ਸਨ, ਹੁਣ 27,000 ਰੁਪਏ ਮਹੀਨਾ ਮਿਲਣਗੇ, ਪ੍ਰਭਾਵੀ ਮਿਤੀ 13.01.2024 ਤੋਂ।
ਹਸਪਤਾਲ ਦੇ ਸੇਵਾਦਾਰਾਂ, ਸੁਰੱਖਿਆ ਕਰਮਚਾਰੀਆਂ, ਰਸੋਈ ਕਰਮਚਾਰੀਆਂ ਆਦਿ ਨੂੰ ਵੀ ਬਰਾਬਰ ਤਨਖਾਹ ਅਤੇ ਡੀ.ਏ. ਵਾਧੇ ਦਾ ਲਾਭ ਮਿਲੇਗਾ।
ਕੁੱਲ ਬਕਾਇਆ ਲਗਭਗ 50 ਕਰੋੜ, ਯਾਨੀ ਮਹੀਨਾਵਾਰ ਅੰਤਰ ਲਗਭਗ 3 ਕਰੋੜ 
 


author

Babita

Content Editor

Related News