ਸੁਲਤਾਨਪੁਰ ਲੋਧੀ ਵਿਖੇ ਵਿਆਹ ਪੁਰਬ ਸਬੰਧੀ ਸਮਾਗਮਾਂ ਦੀ ਸ਼ੁਰੂਆਤ
Sunday, Sep 12, 2021 - 01:22 AM (IST)
ਸੁਲਤਾਨਪੁਰ ਲੋਧੀ(ਸੁਰਿੰਦਰ ਸੋਢੀ,ਮੀਨੂੰ)- ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਜਗਤ ਮਾਤਾ ਸੁਲੱਖਣੀ ਜੀ ਦੇ ਸ਼ੁੱਭ ਵਿਆਹ ਪੁਰਬ ਦੇ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸ਼ਰਧਾਲੂ ਸੰਗਤਾਂ ਤੇ ਧਾਰਮਿਕ ਸਭਾ ਸਸਾਇਟੀਆਂ ਦੇ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਰੰਗ-ਬਿਰੰਗੀਆਂ ਲਾਈਟਾਂ ਤੇ ਵੱਖ-ਵੱਖ ਤਰ੍ਹਾਂ ਦੀ ਸੁਗੰਧ ਦੇਣ ਵਾਲੇ ਫੁੱਲਾਂ ਨਾਲ ਬਹੁਤ ਹੀ ਮਨਮੋਹਕ ਢੰਗ ਨਾਲ ਸ਼ਿੰਗਾਰਿਆ ਗਿਆ ਹੈ। ਸਤਿਗੁਰੂ ਪਾਤਿਸ਼ਾਹ ਦੇ ਵਿਆਹ ਪੁਰਬ ਨੂੰ ਮਨਾਉਣ ਲਈ ਜਿੱਥੇ ਸੁਲਤਾਨਪੁਰ ਲੋਧੀ ਤੇ ਬਟਾਲਾ ਸ਼ਹਿਰ ’ਚ ਤਿਆਰੀਆਂ ਵੱਡੀ ਪੱਧਰ ’ਤੇ ਕੀਤੀਆਂ ਗਈਆਂ ਹਨ ਉੱਥੇ ਵੱਖ-ਵੱਖ ਜ਼ਿਲਿਆਂ ਦੀ ਦੂਰੋਂ-ਦੂਰੋਂ ਸੰਗਤ ਗੱਡੀਆਂ ਰਾਹੀਂ ਇਨ੍ਹਾਂ ਸਮਾਗਮਾਂ ’ਚ ਪੁੱਜ ਕੇ ਚਾਰ ਚੰਦ ਲਾ ਰਹੀ ਹੈ।
ਅੱਜ ਭਾਵੇਂ ਸਵੇਰ ਤੋਂ ਲਗਾਤਾਰ ਕਾਫੀ ਬਾਰਿਸ਼ ਹੁੰਦੀ ਰਹੀ ਪਰ ਇਸ ਦੇ ਬਾਵਜੂਦ ਵੀ ਬਹੁਤ ਵੱਡੀ ਗਿਣਤੀ ’ਚ ਸ਼ਰਧਾਲੂ ਨਤਮਸਤਕ ਹੋਣ ਲਈ ਪੁੱਜ ਰਹੇ ਹਨ ਤੇ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ। ਅੱਜ ਗੁਰਦੁਆਰਾ ਬੇਰ ਸਾਹਿਬ ਵਿਖੇ ਦੀਵਾਨ ਸਜਾਏ ਗਏ ਤੇ ਪੂਰਾ ਦਿਨ ਗੁਰਬਾਣੀ ਕੀਰਤਨ ਤੇ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਜਥਿਆਂ ਨਿਹਾਲ ਕੀਤਾ। ਇਸ ਮੌਕੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵੀ ਹਾਜਰੀ ਲਗਵਾਈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਇਸ ਜ਼ਿਲ੍ਹੇ ’ਚ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਦੇ ਦਿੱਤੇ ਹੁਕਮ
ਬਟਾਲਾ ਤੋਂ ਪੁਰਾਤਨ ਰਵਾਇਤ ਅਨੁਸਾਰ ਪੁੱਜੀ ਸੰਗਤ
ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਦੀ ਯਾਦ ’ਚ ਬਟਾਲਾ ਵਿਖੇ ਸੁਸ਼ੋਭਿਤ ਇਤਿਹਾਸਕ ਗੁ. ਸ੍ਰੀ ਡੇਹਰਾ ਸਾਹਿਬ, ਗੁਰਦੁਆਰਾ ਸ੍ਰੀ ਕੰਧ ਸਾਹਿਬ ਤੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਵਿਆਹ ਦੀ ਯਾਦ ’ਚ ਸੁਸ਼ੋਭਿਤ ਗੁਰਦੁਆਰਾ ਸਤਿਕਰਤਾਰੀਆ ਸਾਹਿਬ ਬਟਾਲਾ ਤੋਂ ਸੈਂਕੜੇ ਸ਼ਰਧਾਲੂ ਪੁਰਾਤਨ ਰਵਾਇਤ ਅਨੁਸਾਰ ਮਠਿਆਈਆਂ ਲੈ ਕੇ ਗੁ. ਸ੍ਰੀ ਬੇਰ ਸਾਹਿਬ ਵਿਖੇ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਬਟਾਲਾ ਦੇ ਪ੍ਰਧਾਨ ਐਡ. ਰਾਜਿੰਦਰ ਸਿੰਘ ਪੱਦਮ ਦੀ ਅਗਵਾਈ ’ਚ ਬੱਸਾਂ ਤੇ ਹੋਰ ਗੱਡੀਆਂ ਰਾਹੀਂ ਪੁੱਜੇ, ਜਿਨ੍ਹਾਂ ਦਾ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਜਰਨੈਲ ਸਿੰਘ ਡੋਗਰਾਂਵਾਲ ਤੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਰੋਡੇ, ਹੈੱਡ ਗ੍ਰੰਥੀ ਗਿਆਨੀ ਸੁਰਜੀਤ ਸਿੰਘ ਸਭਰਾ ਦੀ ਅਗਵਾਈ ’ਚ ਇਲਾਕੇ ਦੀ ਸੰਗਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਗੁਰੂ ਕੇ ਲੰਗਰ ਛਕਾਉਣ ਦੀ ਸੇਵਾ ਨਿਭਾਈ। ਜਥੇ ਡੋਗਰਾਂਵਾਲ ਨੇ ਦੱਸਿਆ ਕਿ ਵਿਆਹ ਪੁਰਬ ਦੀ ਖੁਸ਼ੀ ’ਚ ਅੱਜ (12 ਸਤੰਬਰ) ਸਵੇਰੇ 8 ਵਜੇ ਨਗਰ ਕੀਰਤਨ ਗੁ. ਸ੍ਰੀ ਬੇਰ ਸਾਹਿਬ ਤੋਂ ਰਵਾਨਾ ਹੋਵੇਗਾ।
ਇਹ ਨਗਰ ਕੀਰਤਨ ਵਾਇਆ ਤਲਵੰਡੀ ਚੌਧਰੀਆਂ, ਮੁੰਡੀ ਮੋੜ , ਉੱਚਾ ਬੇਟ, ਸੈਫਲਾਬਾਦ, ਸੰਗੋਜਲਾ, ਢਿੱਲਵਾਂ, ਬਿਆਸ, ਬਾਬਾ ਬਕਾਲਾ ਸਾਹਿਬ, ਮਹਿਤਾ, ਅੱਚਲ ਸਾਹਿਬ ਤੋਂ ਹੁੰਦੇ ਹੋਏ ਬਟਾਲਾ ਵਿਖੇ ਪੁੱਜ ਕੇ ਗੁ. ਸਤਿਕਰਤਾਰੀਆ ਸਾਹਿਬ ਵਿਖੇ ਸੰਪੰਨ ਹੋਵੇਗਾ। ਰਸਤੇ ’ਚ ਥਾਂ-ਥਾਂ ’ਤੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਹੋਵੇਗਾ ਤੇ ਗੁਰੂ ਕੇ ਲੰਗਰ ਲਾਏ ਜਾਣਗੇ। ਇਸ ਸਮੇਂ ਬਟਾਲਾ ਤੋਂ ਮਠਿਆਈਆਂ ਲੈ ਕੇ ਆਈਆਂ ਸੰਗਤਾਂ ’ਚ ਐਡ. ਰਾਜਿੰਦਰ ਸਿੰਘ ਪੱਦਮ ਪ੍ਰਧਾਨ, ਕੌਂਸਲਰ ਕੁਲਵੰਤ ਸਿੰਘ, ਅਮਰੀਕ ਸਿੰਘ, ਮਾ. ਗੁਰਦੇਵ ਸਿੰਘ, ਮਾ. ਜੋਗਿੰਦਰ ਸਿੰਘ, ਗੁਰਜੋਤ ਸਿੰਘ ਤੇ ਸਤਨਾਮ ਸਿੰਘ ਵੀ ਸਨ। ਸੰਗਤਾਂ ਦਾ ਸਵਾਗਤ ਕਰਨ ਲਈ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਹਰਜੀਤ ਸਿੰਘ, ਜਥੇ. ਗੁਰਦਿਆਲ ਸਿੰਘ ਖਾਲਸਾ ਕੌਮੀ ਜਨਰਲ ਸਕੱਤਰ ਅਕਾਲੀ ਦਲ, ਪਰਮਜੀਤ ਸਿੰਘ ਖੁਰਦਾਂ, ਮਨਦੀਪ ਸਿੰਘ ਖਿੰਡਾ, ਭਾਈ ਗੁਰਪ੍ਰੀਤ ਸਿੰਘ ਮੀਰੀ-ਪੀਰੀ ਗੱਤਕਾ ਅਖਾੜਾ, ਜਥੇ. ਗੁਰਦੀਪ ਸਿੰਘ ਖੁਰਾਣਾ, ਹਰਭਜਨ ਸਿੰਘ ਢਿੱਲੋਂ ਤੇ ਹੋਰ ਆਗੂ ਹਾਜ਼ਰ ਸਨ।
ਇਹ ਵੀ ਪੜ੍ਹੋ : ਫੈੱਡਰੇਸ਼ਨ ਮਹਿਤਾ ਦੀ ਜਨਰਲ ਬਾਡੀ ਦੀ ਮੀਟਿੰਗ ’ਚ ਦੇਸ਼ ਭਰ ਦੇ ਅਹੁਦੇਦਾਰ ਕਰਨਗੇ ਸ਼ਿਰਕਤ
ਰਾਮਗੜ੍ਹੀਆ ਨੌਜਵਾਨ ਸਭਾ ਵੱਲੋਂ ਫੁੱਲਾਂ ਦੀ ਕੀਤੀ ਗਈ ਸੇਵਾ
ਗੁ. ਬੇਰ ਸਾਹਿਬ ਵਿਖੇ ਨਗਰ ਕੀਰਤਨ ਦੀਆਂ ਤਿਆਰੀਆਂ ਅੱਜ ਪੂਰਾ ਦਿਨ ਜਾਰੀ ਰਹੀਆਂ। ਇਸ ਸਮੇਂ ਫੁੱਲਾਂ ਦੀ ਵਰਖਾ ਕਰਨ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਦੀ ਸਜਾਵਟ ਲਈ ਵੱਖ-ਵੱਖ ਤਰ੍ਹਾਂ ਦੇ 5 ਕੁਇੰਟਲ ਫੁੱਲਾਂ ਦੀ ਸੇਵਾ ਰਾਮਗੜ੍ਹੀਆ ਨੌਜਵਾਨ ਸਭਾ ਸੁਲਤਾਨਪੁਰ ਲੋਧੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਗਈ ਤੇ ਗੁਰਦੁਆਰਾ ਬੇਰ ਸਾਹਿਬ ਦੇ ਦਰਬਾਰ ਹਾਲ ’ਚ ਹੈੱਡ ਗ੍ਰੰਥੀ ਗਿਆਨੀ ਸੁਰਜੀਤ ਸਿੰਘ ਸਭਰਾ ਦੀ ਨਿਗਰਾਨੀ ’ਚ ਫੁੱਲ ਭੋਰਨ, ਸਾਫ ਕਰਨ ਤੇ ਮਾਲਾਵਾਂ ਬਣਾਉਣ ਦੀ ਸੇਵਾ ਬੜੀ ਸ਼ਰਧਾ ਨਾਲ ਬੀਬੀਆਂ ਵੱਲੋਂ ਕੀਤੀ ਗਈ।
ਚਾਹ-ਪਕੌੜੇ ਤੇ ਮਠਿਆਈਆਂ ਦੇ ਗੁਰੂ ਕੇ ਅਤੁੱਟ ਲੰਗਰ 24 ਘੰਟੇ ਨਿਰੰਤਰ ਜਾਰੀ
ਵਿਆਹ ਪੁਰਬ ਦੀ ਖੁਸ਼ੀ ’ਚ ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਤੇ ਸੰਤ ਬਾਬਾ ਗੁਰਚਰਨ ਸਿੰਘ ਜੀ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਾਲਿਆਂ ਦੀ ਰਹਿਨੁਮਾਈ ਹੇਠਾਂ ਗੁਰੂ ਨਾਨਕ ਸੇਵਕ ਜਥਾ ਬਾਹਰਾ ਦੀ ਸਮੁੱਚੀ ਸੰਗਤ ਵੱਲੋਂ ਦੋ ਦਿਨ ਚਾਹ-ਪਕੌੜੇ ਤੇ ਵੇਸਣ ਆਦਿ ਮਠਿਆਈਆਂ ਦੇ ਲੰਗਰ ਲਾਏ ਗਏ ਤੇ ਬਹੁਤ ਹੀ ਸ਼ਰਧਾ ਨਾਲ ਸੇਵਾ ਨਿਭਾਈ ਜਾ ਰਹੀ ਹੈ। ਗੁਰੂ ਨਾਨਕ ਸੇਵਕ ਜਥੇ ਦੇ ਪ੍ਰਧਾਨ ਸੰਤੋਖ ਸਿੰਘ ਬਿਧੀਪੁਰ ਤੇ ਜਥੇ. ਸੂਬਾ ਸਿੰਘ ਠੱਟਾ ਨੇ ਸਹਿਯੋਗ ਦੇਣ ਵਾਲੀਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੱਲ ਸ਼ਾਮ ਤੱਕ ਲਗਾਤਾਰ ਲੰਗਰ ਜਾਰੀ ਰਹਿਣਗੇ। ਇਸ ਸਮੇਂ ਪ੍ਰਧਾਨ ਸੰਤੋਖ ਸਿੰਘ, ਬਲਜਿੰਦਰ ਸਿੰਘ ਦਰੀਏਵਾਲ, ਦਿਲਬਾਗ ਸਿੰਘ, ਬਲਬੀਰ ਸਿੰਘ, ਅਮਰਜੀਤ ਸਿੰਘ ਕਾਨਾ, ਚਰਨ ਸਿੰਘ ਆਦਿ ਨੇ ਵੀ ਸ਼ਿਰਕਤ ਕੀਤੀ। ਇਸਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਵੀ ਮੁੱਖ ਲੰਗਰ ਹਾਲ ’ਚ ਲੰਗਰ ਨਿਰੰਤਰ ਦਿਨ-ਰਾਤ ਜਾਰੀ ਹਨ।
ਸਦੀਆਂ ਪੁਰਾਣੀ ਕੱਚੀ ਕੰਧ ਸਾਹਿਬ ਅਜੇ ਵੀ ਮੌਜੂਦ ਹੈ ਵਿਆਹ ਦੀ ਨਿਸ਼ਾਨੀ
ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸ਼ੁੱਭ ਵਿਆਹ ਦੀ ਨਿਸ਼ਾਨੀ ਸਦੀਆਂ ਪੁਰਾਣੀ ਕੱਚੀ ਕੰਧ ਸਾਹਿਬ ਅੱਜ ਵੀ ਮੌਜੂਦ ਹੈ,ਜਿਸ ਨੂੰ ਸਤਿਗੁਰੂ ਸਾਹਿਬ ਵੱਲੋਂ ਜੁੱਗਾਂ ਤੱਕ ਸਲਾਮਤ ਰਹਿਣ ਦਾ ਵਰ ਦਿੱਤਾ ਗਿਆ ਸੀ। ਗੁ. ਬੇਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸੁਰਜੀਤ ਸਿੰਘ ਸਭਰਾ ਨੇ ਦੱਸਿਆ ਕਿ ਜਦੋਂ ਸਤਿਗੁਰੂ ਪਾਤਿਸ਼ਾਹ ਜੀ ਬਟਾਲਾ ਵਿਖੇ ਮਾਤਾ ਸੁਲੱਖਣੀ ਜੀ ਨਾਲ ਆਨੰਦ ਕਾਰਜ ਕਰਵਾਉਣ ਪੁੱਜੇ ਤਾਂ ਸਤਿਗੁਰੂ ਜੀ ਨੂੰ ਮਜ਼ਾਕ ਨਾਲ ਕੁਝ ਬੀਬੀਆਂ ਨੇ ਕੱਚੀ ਕੰਧ ਨਾਲ ਬਿਠਾ ਦਿੱਤਾ ਤਾਂ ਕਿ ਕੰਧ ਡਿੱਗ ਪਵੇਗੀ ਤਾਂ ਸਤਿਗੁਰੂ ਦਾ ਮਖੌਲ ਬਣ ਜਾਵੇਗਾ ਪਰ ਉਨ੍ਹਾਂ ਭੋਲੀਆਂ ਨੂੰ ਬਾਅਦ ’ਚ ਪਤਾ ਲੱਗਾ ਕਿ ਸਤਿਗੁਰੂ ਜੀ ਆਪ ‘ਨਿਰੰਕਾਰ’ ਹਨ। ਇਸ ਸਮੇਂ ਇਕ ਸਿਆਣੀ ਮਾਈ ਨੇ ਸਤਿਗੁਰੂ ਜੀ ਨੂੰ ਕੱਚੀ ਕੰਧ ਕੋਲੋਂ ਉੱਠ ਜਾਣ ਦੀ ਬੇਨਤੀ ਕੀਤੀ ਕਿ ਬੇਟਾ ਇਹ ਕੰਧ ਢਹਿਣ ਵਾਲੀ ਹੈ ਪਰ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਕਿਹਾ ਕਿ ਮਾਤਾ ਜੀ ਘਬਰਾਓ ਨਾ ਇਹ ਕੰਧ ਹੁਣ ਜੁੱਗਾਂ-ਜੁੱਗਾਂ ਤੱਕ ਸਲਾਮਤ ਰਹੇਗੀ ਤੇ ਸਾਡੇ ਵਿਆਹ ਦੀ ਯਾਦਗਰ ਬਣੇਗੀ, ਜਿਸ ਦੇ ਅੱਜ ਵੀ ਸ਼ਰਧਾਲੂ ਦਰਸ਼ਨ ਕਰਦੇ ਹਨ ਤੇ ਨਾਮ ਜਪ ਕੇ ਜੀਵਨ ਸਫਲ ਕਰਦੇ ਹਨ।