ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕੈਪਟਨ ਸਰਕਾਰ ''ਤੇ ਸਾਧਿਆ ਨਿਸ਼ਾਨਾ

07/08/2017 7:06:31 AM

ਫਤਿਹਗੜ੍ਹ ਸਾਹਿਬ  (ਜਗਦੇਵ) - ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਪੰਜਾਬ ਸਰਕਾਰ ਦੀ 100 ਦਿਨਾਂ ਦੀ ਕਾਰਗੁਜ਼ਾਰੀ 'ਤੇ ਪ੍ਰਸ਼ਨ ਚਿੰਨ੍ਹ ਲਾਉਂਦਿਆਂ ਕਿਹਾ ਕਿ ਜਿਸ ਉਮੀਦ ਨਾਲ ਲੋਕਾਂ ਨੇ ਕੈਪਟਨ ਸਰਕਾਰ ਨੂੰ ਚੁਣਿਆ ਸੀ, ਉਹ ਉਮੀਦ ਧਰੀ-ਧਰਾਈ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਸੱਤਾ ਵਿਚ ਆਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਕੇਵਲ ਇਕ ਵਾਰ ਹੀ ਪੰਜਾਬ ਵਿਚ ਆਏ ਹਨ। ਆਖਿਰ ਕੈਪਟਨ ਕਿੱਥੇ ਹਨ, ਕੀ ਕਰ ਰਹੇ ਹਨ, ਪੰਜਾਬ ਕਦੋਂ ਆਉਣਗੇ, ਲੋਕਾਂ ਤੇ ਆਪਣੇ ਮੰਤਰੀਆਂ ਨੂੰ ਕਦੋਂ ਮਿਲਣਗੇ, ਸੂਬਾ ਕਾਂਗਰਸ ਦੇ ਦਫਤਰ ਕਦੋਂ ਜਾਣਗੇ, ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਕਦੋਂ ਪੂਰੇ ਹੋਣਗੇ, ਕਦੋਂ ਨੌਜਵਾਨਾਂ ਨੂੰ ਮੋਬਾਇਲ ਫੋਨ ਮਿਲਣਗੇ, ਕਿਸਾਨਾਂ ਦੀਆਂ ਖੁਦਕੁਸ਼ੀਆਂ ਕਦੋਂ ਰੁਕਣਗੀਆਂ, ਨਵੀਆਂ ਪੈਨਸ਼ਨਾਂ ਕਦੋਂ ਮਿਲਣਗੀਆਂ ਆਦਿ ਅਨੇਕਾਂ ਸਵਾਲ ਹਨ ਜਿਨ੍ਹਾਂ ਦੇ ਜਵਾਬ ਕੈਪਟਨ ਨੂੰ ਜਨਤਾ ਅੱਗੇ ਦੇਣੇ ਪੈਣਗੇ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਾਂਗ ਸੰਗਤ ਦਰਸ਼ਨ ਕਰ ਕੇ ਜਨਤਾ ਵਿਚ ਵਿਚਰਨ ਦਾ ਮਨ ਬਣਾਉਣ ਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਨ੍ਹਾਂ ਨੂੰ ਦੂਰ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਕੋਲ ਪੰਜਾਬ ਆਉਣ ਤੇ ਸਰਕਾਰ ਚਲਾਉਣ ਦਾ ਸਮਾਂ ਨਹੀਂ ਹੈ ਤਾਂ ਉਹ ਡਿਪਟੀ ਸੀ. ਐੱਮ. ਨਿਯੁਕਤ ਕਰਨ ਤਾਂ ਕਿ ਸਰਕਾਰ ਦੇ ਕੰਮ ਸੁਚਾਰੂ ਢੰਗ ਨਾਲ ਚੱਲ ਸਕਣ। ਉਨ੍ਹਾਂ ਕਿਹਾ ਕਿ ਜੋ ਕੈਪਟਨ ਸਾਹਿਬ ਨੇ 150 ਦੇ ਕਰੀਬ ਲਾਅ ਅਫਸਰ ਨਿਯੁਕਤ ਕੀਤੇ ਹਨ ਉਨ੍ਹਾਂ ਵਿਚੋਂ ਅੱਧੇ ਤਾਂ ਇਕ ਵਾਰ ਵੀ ਅਦਾਲਤ ਵਿਚ ਨਹੀਂ ਗਏ ਹੋਣਗੇ ਤਾਂ ਫਿਰ ਸਰਕਾਰ ਦੇ ਕੇਸ ਕਿਵੇਂ ਲੜਨਗੇ? ਬੀਰਦਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ 45 ਸਾਲ ਦੇ ਰਾਜਨੀਤਿਕ ਤਜਰਬੇ ਵਿਚ ਇੰਨੀ ਜਲਦੀ ਕੋਈ ਵੀ ਸਰਕਾਰ ਜਨਤਾ ਦੇ ਦਿਲਾਂ ਤੋਂ ਨਹੀਂ ਉਤਰੀ।


Related News