ਆਹਮੋ-ਸਾਹਮਣੇ ਹੋਈ ਟੱਕਰ ’ਚ ਟਰੱਕਾਂ ਦੇ ਉੱਡੇ ਚਿੱਥੜੇ, ਇਕ ਦੀ ਦਰਦਨਾਕ ਮੌਤ
Sunday, Apr 09, 2023 - 05:13 PM (IST)
ਨੂਰਪੁਰਬੇਦੀ (ਭੰਡਾਰੀ) : ਬੀਤੀ ਅੱਧੀ ਰਾਤ ਨੂੰ ਨੂਰਪੁਰਬੇਦੀ-ਸ੍ਰੀ ਅਨੰਦਪੁਰ ਸਾਹਿਬ ਮੁੱਖ ’ਤੇ ਸਥਿਤ ਪਿੰਡ ਸੈਦਪੁਰ ਨੇੜੇ ਗੁਜ਼ਰਦੇ ਸਤਲੁਜ ਦਰਿਆ ’ਤੇ ਪੈਂਦੇ ਵੱਡੇ ਪੁਲ ਉੱਪਰ 2 ਟਰੱਕਾਂ ਦੀ ਆਹਮੋ-ਸਾਹਮਣੇ ਹੋਈ ਜ਼ਬਰਦਸਤ ਟੱਕਰ ’ਚ ਇਕ ਟਰੱਕ ਦੇ ਚਾਲਕ ਦੀ ਮੌਤ ਹੋ ਗਈ ਜਦਕਿ ਦੂਜੇ ਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ। ਜ਼ਖਮੀ ਨੂੰ ਇਲਾਜ ਲਈ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਕਰੀਬ ਸਾਢੇ 12 ਕੁ ਵਜੇ ਟਰੱਕ ਨੰਬਰ ਐੱਚ. ਪੀ.-72-5277 ਦਾ ਚਾਲਕ/ਮਾਲਕ ਅਸ਼ੋਕ ਕੁਮਾਰ ਪ੍ਰਮਾਣੂ (ਹਿਮਾਚਲ ਪ੍ਰਦੇਸ਼) ਵਿਖੇ ਆਪਣੀ ਗੱਡੀ ਖਾਲ੍ਹੀ ਕਰਕੇ ਘਰ ਪਰਤ ਰਿਹਾ ਸੀ। ਜਦੋਂ ਉਹ ਪਿੰਡ ਸੈਦਪੁਰ ਨੇੜੇ ਸਤਲੁਜ ਦਰਿਆ ’ਤੇ ਬਣੇ ਵੱਡੇ ਪੁੱਲ ’ਤੇ ਪਹੁੰਚਿਆ ਤਾਂ ਸਾਹਮਣੇ ਦੀ ਦਿਸ਼ਾ ਤੋਂ ਆ ਰਹੇ ਟਰੱਕ ਨੰਬਰ ਐੱਚ. ਪੀ.-12ਬੀ 8581 ਦੇ ਚਾਲਕ ਨੇ ਕਿਸੇ ਨਾਮਲੂਮ ਵਾਹਨ ਨੂੰ ਕਰਾਸ ਕਰਦੇ ਸਮੇਂ ਅਣਗਹਿਲੀ ਨਾਲ ਆਪਣਾ ਟਰੱਕ ਗਲਤ ਸਾਈਡ ਲਿਜਾ ਕੇ ਦੂਸਰੇ ਟਰੱਕ ਨੂੰ ਸਾਹਮਣੇ ਮਾਰ ਦਿੱਤਾ।
ਇਸ ਦੌਰਾਨ ਹੋਈ ਜ਼ਬਰਦਸਤ ਟੱਕਰ ’ਚ ਦੋਵੇਂ ਟਰੱਕਾਂ ਦੇ ਚਾਲਕ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਰਾਹਗੀਰਾਂ ਵੱਲੋਂ ਇਲਾਜ ਲਈ ਸਰਕਾਰੀ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਿਜਾਇਆ ਗਿਆ। ਇਸ ਹਾਦਸੇ ਦੌਰਾਨ ਚਾਲਕ ਅਸ਼ੋਕ ਕੁਮਾਰ (47) ਪੁੱਤਰ ਮਨਸਾ ਰਾਮ ਨਿਵਾਸੀ ਪਿੰਡ ਸਿੰਗਾ, ਥਾਨਾ ਹਰੌਲੀ, ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਦੀ ਮੌਤ ਹੋ ਗਈ ਜਦਕਿ ਦੂਸਰੇ ਟਰੱਕ ਦੇ ਚਾਲਕ ਜਿਸਦੀ ਹਸਪਤਾਲ ਦੇ ਰਿਕਾਰਡ ਮੁਤਾਬਿਕ ਜਸਵੀਰ ਸਿੰਘ ਪੁੱਤਰ ਰਾਮ ਸਿੰਘ ਨਿਵਾਸੀ ਪਿੰਡ ਰਾਮਪੁਰ ਸੋਲਾ (ਹਿਮਾਚਲ ਪ੍ਰਦੇਸ਼) ਵਜੋਂ ਪਛਾਣ ਹੋਈ ਹੈ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਪੀ. ਜੀ. ਆਈ. ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ’ਚ ਦੋਵੇਂ ਟਰੱਕ ਬੁਰੀ ਤਰ੍ਹਾਂ ਨੁਕਸਾਨੇ ਗਏ।
ਪੁਲਸ ਚੌਕੀ ਕਲਵਾਂ ਦੇ ਇੰਚਾਰਜ ਸਬ-ਇੰਸਪੈਕਟਰ ਹਰਮੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਅਸ਼ੋਕ ਕੁਮਾਰ ਦੇ ਭਰਾ ਸ਼ਮਸ਼ੇਰ ਸਿੰਘ ਪੁੱਤਰ ਮਨਸਾ ਰਾਮ ਦੇ ਬਿਆਨਾਂ ’ਤੇ ਦੂਸਰੇ ਟਰੱਕ ਦੇ ਚਾਲਕ ਜਸਵੀਰ ਸਿੰਘ ਪੁੱਤਰ ਰਾਮ ਸਿੰਘ ਖ਼ਿਲਾਫ ਧਾਰਾ 279, 304-ਏ ਅਤੇ 427 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਭੇਜ ਦਿੱਤਾ ਹੈ।