ਬਾਦਲ ਤੇ ਕੈਪਟਨ ਦੀ ਮਿਲੀਭੁਗਤ ਤੋਂ ਹੁਣ ਖੁਦ ਹੀ ਪਰਦਾ ਚੁੱਕਣ ਲੱਗੇ ਕਾਂਗਰਸੀ : ਆਪ

10/27/2017 4:43:21 AM

ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਹੁਣ ਤਾਂ ਖੁਦ ਕਾਂਗਰਸੀਆਂ ਨੇ ਵੀ ਇਸ ਗੱਲ ਤੋਂ ਪਰਦਾ ਚੁੱਕ ਦਿੱਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਆਪਸ ਵਿਚ ਪੂਰੀ ਤਰ੍ਹਾਂ ਘਿਓ-ਖਿਚੜੀ ਹਨ। 'ਆਪ' ਵਲੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਮੁੱਖ ਬੁਲਾਰੇ ਅਤੇ ਕੌਮੀ ਕਾਰਜਕਾਰਨੀ ਦੇ ਮੈਂਬਰ ਹਰਜੋਤ ਸਿੰਘ ਬੈਂਸ, ਵਿਧਾਨ ਸਭਾ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਜੈ ਕਿਸ਼ਨ ਸਿੰਘ ਰੋੜੀ ਅਤੇ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਦੀ ਚੌਕੀਦਾਰ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਹੋਕਾ ਦਿੰਦੀ ਆਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦਰਮਿਆਨ ਇਕ ਦੂਜੇ ਨੂੰ ਬਚਾਉਣ ਅਤੇ ਵਾਰੀ ਬੰਨ੍ਹ ਕੇ ਪੰਜਾਬ ਨੂੰ ਲੁੱਟਣ ਦਾ ਸਮਝੌਤਾ ਹੋ ਚੁੱਕਾ ਹੈ। ਬਾਵਜੂਦ ਇਸ ਦੇ ਬਾਦਲ ਅਤੇ ਕੈਪਟਨ ਚੋਣਾਂ 'ਚ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ 'ਚ ਸਫਲ ਹੋ ਗਏ। ਉਨ੍ਹਾਂ ਕਿਹਾ ਕਿ 'ਆਪ' ਦੇ ਡਰੋਂ ਬਾਦਲਾਂ ਨੇ ਕੈਪਟਨ ਦੀ ਸਰਕਾਰ ਬਣਾਉਣ ਲਈ ਕਾਂਗਰਸ ਦੀ ਮਦਦ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਇਸ ਨਾਪਾਕ ਸਮਝੌਤੇ 'ਤੇ ਖਰਾ ਉਤਰਦੇ ਹੋਏ ਬਾਦਲ ਪਰਿਵਾਰ ਅਤੇ ਕਾਰੋਬਾਰੀ ਮਾਫੀਆ ਦਾ ਬਚਾਅ ਕਰ ਰਹੇ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸ੍ਰੀ ਗੁਟਕਾ ਸਾਹਿਬ ਨੂੰ ਸਿਰ 'ਤੇ ਰੱਖ ਕੇ ਡਰੱਗ ਮਾਫੀਆ ਇਕ ਮਹੀਨੇ ਦੇ ਅੰਦਰ-ਅੰਦਰ ਖਤਮ ਕਰਨ ਅਤੇ ਇਸ ਦੇ ਸਰਗਣਿਆਂ ਨੂੰ ਜੇਲਾਂ 'ਚ ਸੁੱਟਣ ਦਾ ਵਾਅਦਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਨ ਪਿੱਛੋਂ ਬਿਕਰਮ ਸਿੰਘ ਮਜੀਠੀਆ ਦੀ ਉਸੇ ਤਰ੍ਹਾਂ ਢਾਲ ਬਣ ਚੁੱਕੇ ਹਨ ਜਿਵੇਂ ਅਕਾਲੀ-ਭਾਜਪਾ ਸਰਕਾਰ ਵੇਲੇ ਬਾਦਲ ਪਰਿਵਾਰ ਬਣਿਆ ਹੋਇਆ ਸੀ।


Related News