ਮੋਗਾ ’ਚ ਰੇਤਾ ਦੀ ਸਰਕਾਰੀ ਖੱਡ ’ਤੇ ਰਾਤ ਸਮੇਂ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋ ਰਹੀ ਨਾਜਾਇਜ਼ ਮਾਈਨਿੰਗ

06/08/2024 6:26:19 PM

ਸ਼ਾਹਕੋਟ (ਅਰਸ਼ਦੀਪ)- ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਪਰ ਚਿੱਟੀ ਰੇਤਾ ਦਾ ਕਾਲਾ ਧੰਦਾ ਪੰਜਾਬ ’ਚ ਲਗਾਤਾਰ ਜਾਰੀ ਹੈ। ਪੰਜਾਬ ’ਚ ‘ਆਪ’ਵੱਲੋਂ ਸਰਕਾਰ ਬਣਾਉਣ ਤੋਂ ਪਹਿਲਾਂ ਕਈ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ, ਜਿਨ੍ਹਾਂ ’ਚੋਂ ਇਕ ਵਾਅਦਾ ਚਿੱਟੀ ਰੇਤਾ ਦੀ ਨਾਜਾਇਜ਼ ਮਾਈਨਿੰਗ ਨੂੰ ਬੰਦ ਕਰ ਕੇ ਇਸ ਤੋਂ 20 ਹਜ਼ਾਰ ਕਰੋੜ ਦਾ ਮਾਲੀਆ ਇਕੱਠਾ ਕਰਨ ਦੀ ਗੱਲ ਕਹੀ ਗਈ ਸੀ, ਜੋ ਕਿ ਮਾਈਨਿੰਗ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਮਾਲੀਆ ਦਾ ਮੋਟਾ ਹਿੱਸਾ ਸਰਕਾਰ ਦੇ ਖਜ਼ਾਨੇ ’ਚ ਜਾਣ ਦੀ ਬਜਾਏ ਸ਼ਾਇਦ ਕੁਝ ਨੇਤਾਵਾਂ, ਪੁਲਸ ਅਧਿਕਾਰੀਆਂ ਤੇ ਮਾਈਨਿੰਗ ਵਿਭਾਗ ਦੇ ਅਫ਼ਸਰਾਂ ਦੀਆਂ ਜੇਬਾਂ ’ਚ ਜਾ ਰਿਹਾ ਹੈ।

ਮਾਈਨਿੰਗ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ 2 ਸਾਲ ਬੀਤਣ ਤੋਂ ਬਾਅਦ ਵੀ ਸਰਕਾਰ ਮਾਈਨਿੰਗ ਮਹਿਕਮੇ ’ਚੋਂ ਕੋਈ ਵੱਡੀ ਕਮਾਈ ਕਰਦੀ ਨਜ਼ਰ ਨਹੀਂ ਆ ਰਹੀ ਹੈ, ਕਿਉਂਕਿ ਸਰਕਾਰ ਦੇ ਆਪਣੇ ਅਧਿਕਾਰੀ ਹੀ ਨਾਜਾਇਜ਼ ਮਾਈਨਿੰਗ ਕਰਵਾ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਸ਼ਾਹਕੋਟ ਹਲਕੇ ਦੇ ਪਿੰਡ ਰਾਮੇ ਵਿਖੇ ਮਿਲੀ, ਜਿੱਥੇ ਰਾਤ ਸਮੇਂ ਸਤਲੁਜ ਦਰਿਆ ’ਚੋਂ ਨਾਜਾਇਜ਼ ਮਾਈਨਿੰਗ ਕਰ ਰਹੇ ਵਾਹਨਾਂ ਤੇ ਪੋਕਲੇਨ ਮਸ਼ੀਨ ਨੂੰ ਸ਼ਾਹਕੋਟ ਪੁਲਸ ਵੱਲੋਂ ਰਾਤ ਸਮੇਂ ਫੜ ਲਿਆ ਗਿਆ ਪਰ ਬਾਅਦ ’ਚ ਕੋਈ ਕਾਰਵਾਈ ਅਮਲ ’ਚ ਹੀ ਨਹੀਂ ਲਿਆਂਦੀ ਗਈ।

ਇਹ ਵੀ ਪੜ੍ਹੋ- ਭੈਣ ਦੇ ਪਿੰਡ ਕਬੂਤਰਬਾਜ਼ੀ ਵੇਖਣ ਗਏ ਭਰਾ ਦੀ ਖੇਤਾਂ 'ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼, ਮਚਿਆ ਚੀਕ-ਚਿਹਾੜਾ

PunjabKesari

ਜਾਣਕਾਰੀ ਅਨੁਸਾਰ ਮਾਡਲ ਥਾਣਾ ਸ਼ਾਹਕੋਟ ਦੇ ਐੱਸ. ਐੱਚ. ਓ. ਭੂਸ਼ਣ ਸੇਖੜੀ ਵੱਲੋਂ ਮੁਖਬਰ ਦੀ ਸੂਚਨਾ ’ਤੇ ਪੁਲਸ ਪਾਰਟੀ ਸਮੇਤ ਪਿੰਡ ਰਾਮੇ ਨਜ਼ਦੀਕ ਸਤਲੁਜ ਦਰਿਆ ਕੋਲ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਰੇਤਾ ਨਾਲ ਭਰੇ 3 ਟਿੱਪਰ, 9 ਖਾਲੀ ਟਿੱਪਰ, ਇਕ ਪੋਕਲੇਨ ਮਸ਼ੀਨ ਤੇ ਇਕ ਜੇ. ਸੀ. ਬੀ. ਨੂੰ ਫੜ ਲਿਆ। ਇਸ ਸਬੰਧੀ ਮਾਈਨਿੰਗ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ ਪਰ ਬਾਅਦ ’ਚ ਨਾਜਾਇਜ਼ ਮਾਈਨਿੰਗ ਸਬੰਧੀ ਕੋਈ ਮਾਮਲਾ ਦਰਜ ਨਹੀਂ ਹੋਇਆ ਤੇ ਸਾਰੇ ਵਾਹਨਾਂ ਤੇ ਮਸ਼ੀਨਾਂ ਨੂੰ ਛੱਡ ਦਿੱਤਾ ਗਿਆ।

ਕੀ ਕਹਿਣਾ ਹੈ ਐੱਸ. ਐੱਚ. ਓ. ਸ਼ਾਹਕੋਟ ਦਾ?
ਇਸ ਸਬੰਧੀ ਜਦ ਐੱਸ. ਐੱਚ. ਓ. ਸ਼ਾਹਕੋਟ ਭੂਸ਼ਣ ਸੇਖੜੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੁਖਬਰ ਦੀ ਸੂਚਨਾ ’ਤੇ ਉਹ ਰਾਤ 11 ਵਜੇ ਦੇ ਕਰੀਬ ਪੁਲਸ ਪਾਰਟੀ ਸਮੇਤ ਪਿੰਡ ਰਾਮੇ ਵਿਖੇ ਰੇਤਾ ਦੀ ਖੱਡ ’ਤੇ ਪਹੁੰਚੇ ਸਨ। ਮੌਕੇ ’ਤੇ ਪੋਕਲੇਨ ਮਸ਼ੀਨ ਤੇ ਜੇ. ਸੀ. ਬੀ. ਨਾਲ ਮਾਈਨਿੰਗ ਕੀਤੀ ਜਾ ਰਹੀ ਸੀ। ਰੇਤਾ ਨਾਲ 3 ਟਿੱਪਰ ਭਰੇ ਹੋਏ ਸਨ ਤੇ 9 ਟਿੱਪਰ ਰੇਤਾ ਭਰਵਾਉਣ ਲਈ ਖੜ੍ਹੇ ਸਨ। ਪੁਲਸ ਨੂੰ ਦੇਖ ਕੇ ਮਾਈਨਿੰਗ ਕਰ ਰਹੇ ਲੋਕ ਤੇ ਵਾਹਨ ਚਾਲਕ ਹਨੇਰੇ ਦਾ ਫਾਇਦਾ ਚੁੱਕਦਿਆਂ ਫਰਾਰ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਰਾਤ ਭਰ ਮਾਈਨਿੰਗ ਅਧਿਕਾਰੀਆਂ ਨਾਲ ਸੰਪਰਕ ਸਾਧਨ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ। ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਨ ਤੋਂ ਬਾਅਦ ਤੜਕੇ 4 ਵਜੇ ਜਲੰਧਰ ਤੋਂ ਮਾਈਨਿੰਗ ਇੰਸਪੈਕਟਰ ਮੌਕੇ ’ਤੇ ਪਹੁੰਚੇ।
ਮਾਈਨਿੰਗ ਇੰਸਪੈਕਟਰ ਅਜੇ ਕੁਮਾਰ ਨੇ ਕਿਹਾ ਕਿ ਜਿੱਥੋਂ ਟਿੱਪਰ ਅਤੇ ਭਾਰੀ ਮਸ਼ੀਨਾਂ ਫੜੀਆਂ ਗਈਆਂ, ਉਹ ਖੱਡ ਜਲੰਧਰ ਜ਼ਿਲ੍ਹੇ ’ਚ ਨਾ ਹੋਣ ਕਾਰਨ ਇਲਾਕਾ ਸਾਡੇ ਅਧਿਕਾਰ ਖੇਤਰ ’ਚ ਨਹੀਂ ਆਉਂਦਾ। ਇਸ ਸਬੰਧੀ ਜਾਇਜ਼ ਜਾਂ ਨਾਜਾਇਜ਼ ਮਾਈਨਿੰਗ ਹੋਣ ਸਬੰਧੀ ਜ਼ਿਲਾ ਮੋਗਾ ਦੇ ਮਾਈਨਿੰਗ ਅਧਿਕਾਰੀ ਹੀ ਦੱਸ ਸਕਦੇ ਹਨ। ਇਸ ਤੋਂ ਬਾਅਦ ਮੋਗਾ ਦੇ ਮਾਈਨਿੰਗ ਇੰਸਪੈਕਟਰ ਰਿਤੇਸ਼ ਕੁਮਾਰ ਵੀ ਸਵੇਰੇ ਮਾਈਨਿੰਗ ਵਾਲੀ ਥਾਂ ’ਤੇ ਪਹੁੰਚੇ। ਉਨ੍ਹਾਂ ਰਾਤ ਸਮੇਂ ਨਾਜਾਇਜ਼ ਮਾਈਨਿੰਗ ਕਰ ਰਹੇ ਲੋਕਾਂ ’ਤੇ ਬਣਦੀ ਕਾਰਵਾਈ ਥਾਣਾ ਧਰਮਕੋਟ ’ਚ ਕਰਵਾਉਣ ਬਾਰੇ ਸ਼ਾਹਕੋਟ ਪੁਲਸ ਨੂੰ ਲਿਖਤੀ ਪੱਤਰ ਸੌਂਪਿਆ।

ਇਹ ਵੀ ਪੜ੍ਹੋ- ਕੁਲਵਿੰਦਰ ਵੱਲੋਂ ਕੰਗਨਾ ਨੂੰ ਥੱਪੜ ਮਾਰਨ ਦਾ ਮਾਮਲਾ ਭਖਿਆ, ਨੌਕਰੀ ’ਤੇ ਬਹਾਲ ਨਾ ਕਰਨ ’ਤੇ ਦਿੱਤੀ ਚਿਤਾਵਨੀ

ਕੀ ਕਹਿਣਾ ਹੈ ਜ਼ਿਲ੍ਹਾ ਮੋਗਾ ਦੇ ਮਾਈਨਿੰਗ ਅਧਿਕਾਰੀਆਂ ਦਾ?
ਇਸ ਤੋਂ ਬਾਅਦ ਜਦ ਜ਼ਿਲ੍ਹਾ ਮੋਗਾ ਦੇ ਮਾਈਨਿੰਗ ਅਧਿਕਾਰੀ ਜੇ. ਈ. ਰਿਤੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹ ਰੇਤ ਠੇਕੇਦਾਰਾਂ ਦਾ ਪੱਖ ਪੂਰਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਰੇਤਾ ਦੀ ਖੱਡ ਮੋਗਾ ਜ਼ਿਲ੍ਹੇ ਦੀ ਹੈ ਪਰ ਰਸਤਾ ਜਲੰਧਰ ਜ਼ਿਲੇ ਦੇ ਪਿੰਡ ਰਾਮੇ ਤੋਂ ਹੈ। ਸਰਕਾਰੀ ਨਿਯਮਾਂ ਦੇ ਉਲਟ ਰਾਤ ਨੂੰ ਹੁੰਦੀ ਮਾਈਨਿੰਗ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਵੇਰ ਸਮੇਂ ਗਰਮੀ ਜ਼ਿਆਦਾ ਹੋਣ ਕਾਰਨ ਰਾਤ ਨੂੰ ਰੇਤਾ ਭਰੀ ਜਾਂਦੀ ਹੈ। ਸਵੇਰੇ ਟ੍ਰੈਫਿਕ ਹੋਣ ਕਾਰਨ ਰੇਤਾ ਨਾਲ ਭਰੇ ਵਾਹਨਾਂ ਦੇ ਲੰਘਣ ’ਚ ਵੀ ਸਮੱਸਿਆ ਆਉਂਦੀ ਹੈ। ਪੋਕਲੇਨ ਮਸ਼ੀਨਾਂ ਨਾਲ ਹੁੰਦੀ ਮਾਈਨਿੰਗ ਬਾਰੇ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ।

ਤੈਅ ਕੀਤੇ ਰੇਟ ਤੋਂ ਵੱਧ ਪੈਸੇ ਵਸੂਲ ਕਿ ਸਰਕਾਰ ਤੇ ਜਨਤਾ ਨੂੰ ਲਾਇਆ ਜਾ ਰਿਹੈ ਚੂਨਾ
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਸਤੀ ਰੇਤ ਮੁਹੱਈਆ ਕਰਵਾਉਣ ਲਈ 5.78 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਰੇਤਾ ਦੀ ਸਰਕਾਰੀ ਖੱਡ ਤੋਂ ਠੇਕੇਦਾਰਾਂ ਨੂੰ ਰੇਤਾ ਵੇਚਣ ਦੇ ਹੁਕਮ ਜਾਰੀ ਕੀਤੇ ਗਏ ਹਨ ਪਰ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਠੇਕੇਦਾਰਾਂ ਵੱਲੋਂ ਕਰੀਬ 15 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਰੇਤਾ ਵੇਚ ਕੇ ਸਰਕਾਰ ਵੱਲੋਂ ਤੈਅ ਕੀਤੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਰੇਤ 20-22 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਮਿਲ ਰਹੀ ਹੈ।

ਇਹ ਵੀ ਪੜ੍ਹੋ- ਕੀ ਚੰਨੀ ਤੇ ਰਿੰਕੂ ਪਰਿਵਾਰ ’ਚ ਇਕ ਵਾਰ ਫਿਰ ਹੋਵੇਗਾ ਚੋਣ ਦੰਗਲ, ਕਿਆਸ-ਅਰਾਈਆਂ ਸ਼ੁਰੂ

ਸ਼ਰੇਆਮ ਚੱਲ ਰਿਹਾ ਚਿੱਟੀ ਰੇਤਾ ਦਾ ਕਾਲਾ ਕਾਰੋਬਾਰ
ਪੰਜਾਬ ਸਰਕਾਰ ਅਤੇ ਹਾਈਕੋਰਟ ਦੇ ਹੁਕਮਾਂ ਅਨੁਸਾਰ ਮਾਈਨਿੰਗ ਦਾ ਸਮਾਂ ਸਵੇਰੇ 6 ਤੋਂ ਰਾਤ 7 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ ਪਰ ਜਿਆਦਾਤਰ ਮਾਈਨਿੰਗ ਰਾਤ ਸਮੇਂ ਹੀ ਹੁੰਦੀ ਹੈ, ਜੋ ਕਿ ਗੈਰ-ਕਾਨੂੰਨੀ ਤਾਂ ਹੈ ਹੀ ਨਾਲ ਹੀ ਇਸ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਵੀ ਲਾਇਆ ਜਾ ਰਿਹਾ ਹੈ। ਠੇਕੇਦਾਰਾਂ ਵੱਲੋਂ ਮਾਈਨਿੰਗ ਮਹਿਕਮੇ ਦੇ ਅਧਿਕਾਰੀਆਂ ਨਾਲ ‘ਸੈਟਿੰਗ’ਕਰਕੇ ਸਾਰੇ ਸਰਕਾਰੀ ਨਿਯਮਾਂ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਜਾਂਦੀਆਂ ਹਨ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News