ਪੰਜਾਬ ''ਚ ਕਹਿਰ ਵਰ੍ਹਾਉਣ ਲੱਗੀ ਹੱਡ ਜਮਾਊ ਠੰਡ, ਇਕੱਠੀਆਂ ਤਿੰਨ ਮੌਤਾਂ ਤੋਂ ਬਾਅਦ ਜਾਰੀ ਹੋਈਆਂ ਹਦਾਇਤਾਂ
Friday, Jan 03, 2025 - 06:43 PM (IST)
ਪਟਿਆਲਾ : ਪੰਜਾਬ ਵਿਚ ਪੈ ਰਹੀ ਕੜਾਕੇ ਠੰਡ ਨੇ ਤਿੰਨ ਵਿਅਕਤੀਆਂ ਦੀ ਜਾਨ ਲੈ ਲਈ ਹੈ। ਜਾਣਕਾਰੀ ਮੁਤਾਬਕ ਠੰਡ ਦੇ ਚੱਲਦੇ ਪਟਿਆਲਾ 'ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਗੁਰਦੁਆਰਾ ਦੂਖਨਿਵਾਰਨ ਸਾਹਿਬ ਨੇੜੇ ਸਥਿਤ ਖੰਡਾ ਚੌਕ ’ਚੋਂ 50 ਸਾਲਾ ਵਿਅਕਤੀ ਦੀ ਲਾਸ਼ ਮਿਲੀ ਹੈ। ਇਸੇ ਤਰ੍ਹਾਂ ਦੂਜੀ ਮੌਤ ਥਾਣਾ ਪਸਿਆਣਾ ਅਧੀਨ ਪੈਂਦੇ ਪਿੰਡ ਢਕੜੱਬਾ ਵਿਚ, ਜਦਕਿ ਤੀਜੀ ਮੌਤ ਪਟਿਆਲਾ ਜੇਲ੍ਹ ਦੇ ਵਿਚਾਰ ਅਧੀਨ ਕੈਦੀ ਦੀ ਹਸਪਤਾਲ ਵਿਚ ਇਲਾਜ ਦੌਰਾਨ ਹੋਈ ਹੈ। ਜਾਣਕਾਰੀ ਅਨੁਸਾਰ 31 ਦਸੰਬਰ ਦੀ ਰਾਤ ਨੂੰ ਠੰਡ ਕਾਰਨ ਬਿਮਾਰ ਹੋਣ ਮਗਰੋਂ ਪਟਿਆਲਾ ਜੇਲ੍ਹ ਦੇ ਵਿਚਾਰ ਅਧੀਨ ਕੈਦੀ ਗੁਰਮੀਤ ਸਿੰਘ (65) ਵਾਸੀ ਮੋਰਿੰਡਾ ਨੂੰ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਅਤੇ ਲੰਘੀ ਸਵੇਰ ਇਲਾਜ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਉਹ ਬਨੂੜ ਵਿਚ ਦਰਜ ਇਕ ਕੇਸ ਸਬੰਧੀ 25 ਨਵੰਬਰ ਤੋਂ ਪਟਿਆਲਾ ਜੇਲ੍ਹ ’ਚ ਬੰਦ ਸੀ। ਜੇਲ੍ਹ ਸੁਪਰਡੈਂਟ ਵਰੁਣ ਸ਼ਰਮਾ ਨੇ ਮੌਤ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ : 14 ਜਨਵਰੀ ਪੰਜਾਬ ਵਿਚ ਹੋ ਸਕਦਾ ਹੈ ਵੱਡਾ ਐਲਾਨ, ਹਲਚਲ ਵਧੀ
ਇਸੇ ਤਰ੍ਹਾਂ ਇਤਲਾਹ ਮਿਲਣ ’ਤੇ ਥਾਣਾ ਸਿਵਲ ਲਾਈਨ ਪਟਿਆਲਾ ਦੇ ਐੱਸ. ਐੱਚ. ਓ. ਅੰਮਿਮ੍ਰਤਬੀਰ ਚਹਿਲ ਦੀ ਅਗਵਾਈ ਹੇਠ ਪੁਲਸ ਨੇ ਮੁੱਢਲੀ ਕਾਰਵਾਈ ਕਰਨ ਮਗਰੋਂ ਖੰਡਾ ਚੌਕ ’ਚੋਂ ਮਿਲੀ ਲਾਸ਼ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚਾ ਦਿੱਤੀ। ਢਕੜੱਬਾ ’ਚੋਂ ਮਿਲੀ ਲਾਸ਼ ਵੀ ਹਸਪਤਾਲ ਪਹੁੰਚਾ ਦਿੱਤੀ ਗਈ। ਨਿਰਧਾਰਤ ਨਿਯਮਾਂ ਤਹਿਤ ਦੋਵੇਂ ਲਾਸ਼ਾਂ ਸ਼ਨਾਖਤ ਲਈ 72 ਘੰਟੇ ਇੱਥੇ ਮੁਰਦਾਘਰ ਵਿਚ ਰੱਖੀਆਂ ਜਾਣਗੀਆਂ। ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ ਪਰ ਪੁਲਸ ਮੁਤਾਬਕ ਇਹ ਮੌਤਾਂ ਠੰਢ ਕਾਰਨ ਹੋਈਆਂ ਹਨ। ਦੋਵਾਂ ਦੇ ਸਰੀਰ ’ਤੇ ਕਿਸੇ ਵੀ ਤਰ੍ਹਾਂ ਦਾ ਕੋਈ ਜ਼ਖ਼ਮ ਆਦਿ ਨਹੀਂ ਹੈ। ਇਥੋਂ ਦੇ ਧਾਰਮਿਕ ਅਸਥਾਨਾਂ ਨੇੜੇ ਅਨੇਕਾਂ ਬੇਘਰੇ ਲੋਕ ਸੜਕਾਂ ਕਿਨਾਰੇ ਬੈਠੇ ਰਹਿੰਦੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਪ੍ਰਸਿੱਧ ਡੇਰੇ ਵਿਚ ਭਿਆਨਕ ਹਾਦਸਾ, ਡੇਰਾ ਮੁਖੀ ਦੀ ਦਰਦਨਾਕ ਮੌਤ
ਮਾਹਿਰਾਂ ਦੀ ਹਦਾਇਤ
ਇਸ ਵਿਚਾਲੇ ਮਾਹਿਰਾਂ ਨੇ ਖਾਸ ਹਦਾਇਤ ਦਿੰਦਿਆਂ ਆਖਿਆ ਹੈ ਕਿ ਬਜ਼ੁਰਗਾਂ ਅਤੇ ਬੱਚਿਆਂ ਨੂੰ ਠੰਡ ਤੋਂ ਖਾਸ ਕਰਕੇ ਬਚਾਉਣ ਦੀ ਲੋੜ ਹੈ। ਬਜ਼ੁਰਗ ਅਤੇ ਬੱਚਿਆਂ ਨੂੰ ਸਫਰ 'ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਗਰਮ ਪੈਰਾਂ ਅਤੇ ਹੱਥਾਂ ਨੂੰ ਗਰਮ ਕੱਪੜਿਆਂ ਨਾਲ ਢੱਕ ਕੇ ਰੱਖਿਆ ਜਾਵੇ। ਜੇ ਸਿਹਤ ਸਿਹਤ ਸੰਬੰਧੀ ਕੋਈ ਸਮੱਸਿਆ ਆਵੇ ਤਾਂ ਤੁਰੰਤ ਮਾਹਰ ਡਾਕਟਰ ਦੀ ਸਲਾਹ ਲਈ ਜਾਵੇ।
ਇਹ ਵੀ ਪੜ੍ਹੋ : ਮਾਨ ਸਰਕਾਰ ਦੀ ਚੇਤਾਵਨੀ, ਬੱਚਿਆਂ ਨੂੰ ਲੈ ਕੇ ਜਾਰੀ ਕੀਤੀਆਂ ਸਖ਼ਤ ਹਦਾਇਤਾਂ
ਕਸ਼ਮੀਰ ਦੇ ਮੈਦਾਨੀ ਤੇ ਪਹਾੜੀ ਇਲਾਕਿਆਂ ’ਚ ਬਰਫਬਾਰੀ
ਦੂਜੇ ਪਾਸੇ ਕਸ਼ਮੀਰ ਦੇ ਮੈਦਾਨੀ ਇਲਾਕਿਆਂ ਸਮੇਤ ਵਾਦੀ ਦੇ ਕਈ ਹਿੱਸਿਆਂ ’ਚ ਤਾਜ਼ਾ ਬਰਫਬਾਰੀ ਕਾਰਨ ਘੱਟੋ-ਘੱਟ ਤਾਪਮਾਨ ’ਚ ਸੁਧਾਰ ਹੋਇਆ ਹੈ। ਸੂਤਰਾਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਵਿਚ ਪੱਛਮੀ ਗੜਬੜੀ ਕਾਰਨ ਰਾਤ ਭਰ ਹਲਕੀ ਤੋਂ ਭਾਰੀ ਬਰਫਬਾਰੀ ਹੋਈ। ਜਾਣਕਾਰੀ ਅਨੁਸਾਰ ਬਾਂਦੀਪੋਰਾ, ਕੁਪਵਾੜਾ, ਬਾਰਾਮੂਲਾ ਅਤੇ ਅਨੰਤਨਾਗ ਦੇ ਕੁਝ ਹਿੱਸਿਆਂ ’ਚ ਦਰਮਿਆਨੀ ਤੋਂ ਭਾਰੀ, ਜਦਕਿ ਸ੍ਰੀਨਗਰ ਅਤੇ ਗਾਂਦਰਬਲ ਦੇ ਮੈਦਾਨੀ ਇਲਾਕਿਆਂ ’ਚ ਹਲਕੀ ਬਰਫਬਾਰੀ ਹੋਈ। ਗੁਲਮਰਗ, ਸੋਨਮਰਗ ਅਤੇ ਪਹਿਲਗਾਮ ਵਿਚ ਵੀ ਬਰਫ ਪਈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਵੱਖ-ਵੱਖ ਥਾਵਾਂ ’ਤੇ ਹਲਕੀ ਬਰਫਬਾਰੀ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਗੁਲਮਰਗ ’ਚ ਘੱਟੋ-ਘੱਟ ਤਾਪਮਾਨ ਮਨਫੀ 8.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਦੇ ਮਨਫੀ 8.8 ਡਿਗਰੀ ਸੈਲਸੀਅਸ ਤੋਂ ਥੋੜ੍ਹਾ ਜਿਹਾ ਜ਼ਿਆਦਾ ਹੈ। ਗੁਲਮਰਗ ਵਾਦੀ ਦਾ ਸਭ ਤੋਂ ਠੰਢਾ ਸਥਾਨ ਰਿਹਾ। ਇਸੇ ਤਰ੍ਹਾਂ ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿੱਚ ਤਾਪਮਾਨ ਮਨਫੀ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੀ ਰਾਤ 7.6 ਡਿਗਰੀ ਸੈਲਸੀਅਸ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਇਤਿਹਾਸਕ ਫ਼ੈਸਲਾ, ਸੂਬੇ 'ਚ ਕਈ ਦਹਾਕਿਆਂ ਬਾਅਦ ਚੁੱਕਿਆ ਗਿਆ ਇਹ ਕਦਮ
ਉਧਰ ਹਿਮਾਚਲ ਪ੍ਰਦੇਸ਼ ਵਿਚ ਵੀ ਕੜਾਕੇ ਦੀ ਠੰਡ ਜਾਰੀ ਹੈ। ਲਾਹੌਲ ਤੇ ਸਪਿਤੀ ਸਮੇਤ ਹੋਰ ਥਾਈਂ ਬਰਫ਼ਬਾਰੀ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਸ਼ਿਮਲਾ ਦੇ ਮੌਸਮ ਵਿਭਾਗ ਨੇ 4 ਤੋਂ 6 ਜਨਵਰੀ ਤੱਕ ਹਿਮਾਚਲ ਪ੍ਰਦੇਸ਼ ਦੇ ਕਈ ਖੇਤਰਾਂ ਵਿਚ ਹਲਕੀ ਬਾਰਿਸ਼ ਅਤੇ ਤੂਫਾਨ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਇਸ ਦੌਰਾਨ ਸ਼ਿਮਲਾ ਵਿਚ ਤਾਪਮਾਨ 8 ਡਿਗਰੀ ਸੈਲਸੀਅਸ, ਚੰਬਾ ’ਚ 6 ਅਤੇ ਕੁੱਲੂ ਵਿਚ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਲਪਾ, ਸਾਮਧੋ, ਰਿਕੈਂਗਪੀਓ, ਕੁਕੂਮਸੇਰੀ ਅਤੇ ਤਾਬੋ ਵਿੱਚ ਤਾਪਮਾਨ ਮਨਫੀ ’ਚ ਦਰਜ ਕੀਤਾ ਗਿਆ। ਮਨਫੀ -16.7 ਡਿਗਰੀ ਸੈਲਸੀਅਸ ਤਾਪਮਾਨ ਨਾਲ ਤਾਬੋ ਸਭ ਤੋਂ ਠੰਡਾ ਇਲਾਕਾ ਰਿਹਾ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਆਈਲੈਟਸ ਸੈਂਟਰਾਂ 'ਤੇ ਹੋ ਗਈ ਕਾਰਵਾਈ, ਲਾਇਸੰਸ ਕੀਤੇ ਰੱਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e