ਡਿਪੋਰਟੇਸ਼ਨ ''ਤੇ CM ਮਾਨ ਦਾ ਸਖ਼ਤ ਰੁਖ਼- ''''ਜਿਹੜੇ ਲੋਕ ਅਸੀਂ ਤੁਹਾਡੇ ਤੋਂ ਮੰਗ ਰਹੇ ਹਾਂ, ਉਹ ਕਿਉਂ ਨਹੀਂ ਭੇਜਦੇ... ?''''
Saturday, Feb 15, 2025 - 05:47 AM (IST)
![ਡਿਪੋਰਟੇਸ਼ਨ ''ਤੇ CM ਮਾਨ ਦਾ ਸਖ਼ਤ ਰੁਖ਼- ''''ਜਿਹੜੇ ਲੋਕ ਅਸੀਂ ਤੁਹਾਡੇ ਤੋਂ ਮੰਗ ਰਹੇ ਹਾਂ, ਉਹ ਕਿਉਂ ਨਹੀਂ ਭੇਜਦੇ... ?''''](https://static.jagbani.com/multimedia/2025_2image_05_47_102817894000101.jpg)
ਚੰਡੀਗੜ੍ਹ/ਅੰਮ੍ਰਿਤਸਰ- ਅੱਜ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਇਕ ਹੋਰ ਜਹਾਜ਼ ਅੰਮ੍ਰਿਤਸਰ ਏਅਰਪੋਰਟ 'ਤੇ ਲੈਂਡ ਕਰੇਗਾ। ਭਾਰਤ ਸਰਕਾਰ ਵੱਲੋਂ ਅਮਰੀਕਾ ਤੋਂ ਗੈਰ-ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਲੈ ਕੇ ਆ ਰਹੇ ਇਸ ਜਹਾਜ਼ ਨੂੰ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਾਰਨ ਦੇ ਫੈਸਲੇ ਦੀ ਜ਼ੋਰਦਾਰ ਮੁਖਾਲਫ਼ਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਕਦਮ ਨੂੰ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੇਂਦਰ ਸਰਕਾਰ ਦੀ ਡੂੰਘੀ ਸਾਜ਼ਿਸ਼ ਦੱਸਿਆ।
ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਾਰਟੀ ਪੰਜਾਬੀਆਂ ਨੂੰ ਪਸੰਦ ਨਹੀਂ ਕਰਦੀ, ਜਦ ਕਿ ਇਹ ਸੱਚ ਵੀ ਇਤਿਹਾਸ ਦੇ ਪੰਨਿਆਂ ਵਿਚ ਦਰਜ ਹੈ ਕਿ ਭਾਰਤੀ ਆਜ਼ਾਦੀ ਸੰਗਰਾਮ ਦੌਰਾਨ ਸ਼ਹੀਦ ਹੋਏ, ਜੇਲ੍ਹਾਂ ਵਿਚ ਬੰਦ ਹੋਏ ਜਾਂ ਜਲਾਵਤਨ ਕੀਤੇ ਗਏ 90 ਫੀਸਦੀ ਤੋਂ ਵੱਧ ਲੋਕ ਪੰਜਾਬ ਤੋਂ ਸਨ।
ਉਨ੍ਹਾਂ ਕਿਹਾ ਕਿ ਉਹ ਵਿਦੇਸ਼ਾਂ 'ਚ ਬੈਠੇ ਗੈਂਗਸਟਰਾਂ ਦੀ ਜਾਣਕਾਰੀ ਮੰਗਦੇ ਹਨ ਤਾਂ ਉਹ ਤਾਂ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਇਸ ਜਹਾਜ਼ 'ਚ ਸਾਰੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਲੋਕ ਹੋਣਗੇ, ਪਰ ਇਸ ਨੂੰ ਉਤਾਰਿਆ ਪੰਜਾਬ 'ਚ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਿੰਨੇ ਹੀ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉੱਥੇ ਬੈਠੇ ਗੈਂਗਸਟਰਾਂ ਨੂੰ ਭਾਰਤ ਦੇ ਹਵਾਲੇ ਕੀਤਾ ਜਾਵੇ, ਉਹ ਤਾਂ ਅਮਰੀਕਾ ਵਰਗੇ ਦੇਸ਼ ਨਹੀਂ ਦੇ ਰਹੇ। ਜੇਕਰ ਉਹ ਗੈਂਗਸਟਰ, ਜੋ ਕਿ ਵਿਦੇਸ਼ਾਂ 'ਚ ਬੈਠ ਕੇ ਪੰਜਾਬ-ਦਿੱਲੀ ਤੇ ਹਰਿਆਣਾ ਵਰਗੇ ਸੂਬਿਆਂ 'ਚ ਕਤਲ ਕਰਵਾ ਰਹੇ ਹਨ ਤੇ ਫਿਰੌਤੀਆਂ ਮੰਗ ਰਹੇ ਹਨ, ਨੂੰ ਜਹਾਜ਼ ਭਰ ਕੇ ਭੇਜਣ, ਉਹ ਖ਼ੁਦ ਉਨ੍ਹਾਂ ਨੂੰ ਲੈਣ ਹਵਾਈ ਅੱਡੇ ਜਾਣਗੇ।
ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਗੈਂਗਸਟਰ ਤਾਂ ਕੀ, ਸਗੋਂ ਜੋ ਲੋਕ ਉੱਥੇ ਮਿਹਨਤ ਕਰਕੇ ਰੋਜ਼ੀ-ਰੋਟੀ ਕਮਾਉਣ ਗਏ ਹਨ, ਵਿਦੇਸ਼ੀ ਸਰਕਾਰ ਉਨ੍ਹਾਂ ਨੂੰ ਹੀ ਫੜ-ਫੜ ਕੇ ਡਿਪੋਰਟ ਕਰਨ 'ਤੇ ਲੱਗੀ ਹੋਈ ਹੈ, ਜੋ ਲੋਕ ਕਰਜ਼ੇ ਚੁੱਕ-ਚੁੱਕ ਕੇ ਵਿਦੇਸ਼ ਗਏ ਹਨ, ਉਹ ਕੋਈ ਅਪਰਾਧੀ ਤਾਂ ਨਹੀਂ ਹਨ, ਸਗੋਂ ਮਿਹਨਤੀ ਲੋਕ ਹਨ, ਜਿਨ੍ਹਾਂ ਨੂੰ ਹੁਣ ਡਿਪੋਰਟ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪਤੀ ਨੇ 31 ਲੱਖ ਲਾ ਕੇ ਭੇਜਿਆ ਕੈਨੇਡਾ, ਪਹੁੰਚ ਕੇ ਪਤਨੀ ਨੇ ਵਟਾਇਆ ਰੰਗ, ਭੇਜ'ਤਾ 'ਤਲਾਕ'
ਜਿਹੜੇ ਗੈਂਗਸਟਰ ਬਾਹਰਲੇ ਦੇਸ਼ਾਂ ‘ਚ ਬੈਠ ਕੇ ਆਏ ਦਿਨ ਫ਼ਿਰੌਤੀਆਂ ਮੰਗਦੇ ਨੇ, ਕਤਲ ਕਰਵਾਉਂਦੇ ਨੇ, ਉਹਨਾਂ ਨੂੰ ਕਿਉਂ ਨਹੀਂ ਭੇਜਦੇ?? ਜਿਹੜੇ ਮਿਹਨਤ ਕਰਕੇ ਕਮਾਉਣ ਵਾਲੇ ਲੋਕ ਨੇ ਉਹਨਾਂ ਨੂੰ ਹੀ ਕਿਉਂ ਡਿਪੋਰਟ ਕੀਤਾ ਜਾ ਰਿਹਾ ਹੈ?
— Bhagwant Mann (@BhagwantMann) February 14, 2025
.........
जो गैंगस्टर विदेशों में बैठकर आए दिन फिरौतियां मांगते हैं, कत्ल करवाते हैं, उन्हें… pic.twitter.com/1lkseMeSwZ
ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਦੀ ਇਹ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਸਪੱਸ਼ਟ ਕਰੇ ਕਿ ਪੰਜਾਬ ਖਾਸ ਕਰ ਕੇ ਅੰਮ੍ਰਿਤਸਰ ਨੂੰ ਹੀ ਕਿਉਂ ਚੁਣਿਆ ਗਿਆ। ਉਨ੍ਹਾਂ ਕਿਹਾ ਕਿ ਗੁਆਂਢੀ ਦੁਸ਼ਮਣ ਮੁਲਕ ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੂਰ ਹੋਣ ਦੇ ਬਾਵਜੂਦ ਅਮਰੀਕਾ ਦਾ ਇਕ ਫੌਜੀ ਜਹਾਜ਼ ਇੱਥੇ ਉਤਾਰਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਸੂਬਾ ਸਰਕਾਰ ਇੱਥੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦੀ ਮੰਗ ਕਰਦੀ ਹੈ ਤਾਂ ਕਈ ਬੇਤੁਕੇ ਕਾਰਨਾਂ ਕਰ ਕੇ ਮੰਗ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਸਾਖ ਨੂੰ ਢਾਅ ਲਾਉਣ ਲਈ ਡਿਪੋਰਟ ਕੀਤੇ ਗਏ ਲੋਕਾਂ ਨੂੰ ਲੈ ਕੇ ਆਉਣ ਵਾਲੇ ਜਹਾਜ਼ ਨੂੰ ਬਿਨਾਂ ਕਿਸੇ ਤਰਕ ਦੇ ਇੱਥੇ ਉਤਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਲੈ ਕੇ ਜਾਣ ਵਾਲੇ ਜਹਾਜ਼ ਨੂੰ ਹਿੰਡਨ ਹਵਾਈ ਅੱਡੇ ’ਤੇ ਉਤਾਰਿਆ ਜਾ ਸਕਦਾ ਹੈ ਅਤੇ ਰਾਫੇਲ ਜੈੱਟ ਨੂੰ ਅੰਬਾਲਾ ਵਿਚ ਉਤਾਰਿਆ ਜਾ ਸਕਦਾ ਹੈ ਤਾਂ ਇਸ ਜਹਾਜ਼ ਨੂੰ ਦੇਸ਼ ਦੇ ਕਿਸੇ ਹੋਰ ਹਿੱਸੇ ਵਿਚ ਕਿਉਂ ਨਹੀਂ ਉਤਾਰਿਆ ਜਾ ਸਕਦਾ।
ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਇਮੀਗ੍ਰੇਸ਼ਨ ਸਿਰਫ਼ ਪੰਜਾਬ ਦੀ ਹੀ ਸਮੱਸਿਆ ਨਹੀਂ ਹੈ, ਬਲਕਿ ਇਹ ਇਕ ਰਾਸ਼ਟਰੀ ਸਮੱਸਿਆ ਹੈ ਅਤੇ ਇਸ ਨਾਲ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਹੀ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ, ਇਸ ਲਈ ਸਿਰਫ਼ ਪੰਜਾਬੀਆਂ ਨੂੰ ਹੀ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- Australia ਤੋਂ ਆਈ ਮੰਦਭਾਗੀ ਖ਼ਬਰ ; ਟਰੱਕ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਹੋ ਗਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e