ਸੰਗਰੂਰ ਦੀ ਹਾਰ ਦੇ ਬਾਵਜੂਦ ਆਪਣੇ ਪ੍ਰਭਾਵਸ਼ਾਲੀ ਅੰਦਾਜ਼ ਕਾਰਨ CM ਮਾਨ ਵਿਰੋਧੀ ਧਿਰ 'ਤੇ ਪੈ ਰਹੇ ਭਾਰੀ
Wednesday, Jun 29, 2022 - 10:25 PM (IST)
ਪਠਾਨਕੋਟ (ਸ਼ਾਰਦਾ) : ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਕਈ ਪੱਖਾਂ ਤੋਂ ਯਾਦਗਾਰੀ ਸਾਬਤ ਹੋ ਰਿਹਾ ਹੈ, ਜਿੱਥੇ ਆਮ ਆਦਮੀ ਪਾਰਟੀ ਨੇ ਆਪਣਾ ਪਹਿਲਾ ਬਜਟ ਪੇਸ਼ ਕੀਤਾ। ਸਿੱਖਿਆ ਅਤੇ ਸਿਹਤ ਨੂੰ ਲੈ ਕੇ ਬਜਟ 'ਚ ਵੱਡੀ ਵਿਵਸਥਾ ਕਰਨ ਦਾ ਦਾਅਵਾ ਕੀਤਾ ਗਿਆ ਹੈ ਤੇ 'ਆਪ' ਟੀਮ ਇਸ ਬਜਟ ਦਾ ਪ੍ਰਚਾਰ-ਪ੍ਰਸਾਰ ਕਰਨ 'ਚ ਵੀ ਸਫਲ ਰਹੀ ਹੈ ਪਰ ਜ਼ਿਆਦਾਤਰ ਲੋਕਾਂ ਨੂੰ ਵਿਧਾਨ ਸਭਾ 'ਚ ਚੱਲ ਰਹੀ ਕਾਰਵਾਈ ਨੂੰ ਲਾਈਵ ਦੇਖ ਕੇ ਫਾਇਦਾ ਹੋ ਰਿਹਾ ਹੈ। ਸੱਤਾ ਧਿਰ ਅਤੇ ਵਿਰੋਧੀ ਧਿਰ 'ਚ ਚੱਲ ਰਿਹਾ ਹੰਗਾਮਾ ਦੇਖ ਕੇ ਲੋਕ ਖੂਬ ਹੱਸ ਰਹੇ ਹਨ।
ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਆਮ ਆਦਮੀ ਪਾਰਟੀ ਲਈ ਬਜਟ ਸੈਸ਼ਨ ਦੌਰਾਨ ਸੰਗਰੂਰ ਲੋਕ ਸਭਾ ਚੋਣਾਂ ਵਿੱਚ ਮਿਲੀ ਹਾਰ ਆਪਣੇ-ਆਪ 'ਚ ਕਾਫੀ ਨਾਮੋਸ਼ੀ ਵਾਲੀ ਗੱਲ ਸੀ ਕਿਉਂਕਿ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਬੀ.ਐੱਸ.ਪੀ. ਇਸ ਚੋਣ ਵਿੱਚ ਕੋਈ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ ਉਨ੍ਹਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ। ਇਸ ਲਈ ਉਹ ਵੀ ਸਰਕਾਰ 'ਤੇ ਕੋਈ ਜ਼ੋਰਦਾਰ ਹਮਲਾ ਕਰਨ 'ਚ ਕਾਮਯਾਬ ਨਹੀਂ ਹੋ ਸਕੀਆਂ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਵੱਡੇ ਵਿਧਾਇਕਾਂ ਦੀ ਟੀਮ ਨੇ ਹਾਰ ਤੋਂ ਤੇਜ਼ੀ ਨਾਲ ਉਭਰਨ ਦਾ ਸਫਲ ਯਤਨ ਕੀਤਾ ਅਤੇ ਆਖਿਰਕਾਰ ਅੱਜ ਬਜਟ ਦੇ ਸਮਾਪਤੀ ਭਾਸ਼ਣ 'ਚ ਮੁੱਖ ਮੰਤਰੀ ਮਾਨ ਨੇ ਵਿਰੋਧੀ ਧਿਰ 'ਤੇ ਤਿੱਖੇ ਹਮਲੇ ਕੀਤੇ ਅਤੇ ਉਨ੍ਹਾਂ ਨੂੰ ਚੁੱਪ ਕਰਵਾਉਣ 'ਚ ਸਫਲ ਹੋਏ।
ਇਹ ਵੀ ਪੜ੍ਹੋ : ਵਿਜੀਲੈਂਸ ਨੇ ਡਰੱਗ ਇੰਸਪੈਕਟਰ ਤੇ ਸਿਵਲ ਹਸਪਤਾਲ ਦੇ ਕਰਮਚਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਮੁੱਖ ਮੰਤਰੀ ਮਾਨ ਦੀ ਸਭ ਤੋਂ ਵੱਡੀ ਖੂਬੀ ਉਨ੍ਹਾਂ ਦਾ ਪੱਕਾ ਇਮਾਨਦਾਰ ਹੋਣਾ ਹੈ। ਉਹ ਲੋਕਾਂ ਦੇ ਹਿੱਤਾਂ ਦੀ ਗੱਲ ਕਰਦਿਆਂ ਹਰ ਸਮੇਂ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਹਨ। ਜਦੋਂ ਭ੍ਰਿਸ਼ਟਾਚਾਰ ਦੀ ਗੱਲ ਆਉਂਦੀ ਹੈ ਤਾਂ 70 ਸਾਲਾਂ ਤੋਂ ਸੱਤਾ 'ਤੇ ਕਾਬਜ਼ ਕਾਂਗਰਸ, ਅਕਾਲੀ ਦਲ, ਭਾਜਪਾ ਦੇ ਆਗੂ ਅਸਹਿਜ ਮਹਿਸੂਸ ਕਰਦੇ ਹਨ। ਉਹ ਮੁੜ ਸਰਕਾਰ 'ਤੇ ਮੁੱਦਿਆਂ ਨੂੰ ਲੈ ਕੇ ਹਮਲੇ ਕਰਦੇ ਹਨ ਪਰ ਮੁੱਖ ਮੰਤਰੀ ਅਤੇ ਮੰਤਰੀ ਪੁਰਾਣੇ ਸਮਿਆਂ 'ਚ ਮਾਈਨਿੰਗ ਘੋਟਾਲਿਆਂ ਵਰਗੇ ਮੁੱਦਿਆਂ 'ਤੇ ਪ੍ਰਭਾਵਸ਼ਾਲੀ ਹਮਲੇ ਕਰਦੇ ਹਨ ਅਤੇ ਉਨ੍ਹਾਂ ਨੂੰ ਯਾਦ ਦਿਵਾਉਂਦੇ ਹਨ ਕਿ ਪੰਜਾਬ ਦੇ ਲੋਕ ਇਕ ਇਮਾਨਦਾਰ ਸਰਕਾਰ ਚਾਹੁੰਦੇ ਹਨ ਅਤੇ ਮਾਨ ਸਾਹਿਬ ਪੂਰੀ ਇਮਾਨਦਾਰੀ ਨਾਲ ਸਰਕਾਰ ਚਲਾ ਰਹੇ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ’ਚ ਸਿੱਧੂ ਮੂਸੇਵਾਲਾ ਦੇ ਨਾਂ ’ਤੇ ਇਮਰਾਨ ਖਾਨ ਦੀ ਪਾਰਟੀ ਮੰਗ ਰਹੀ ਵੋਟਾਂ
ਅੱਜ ਸੀ.ਐੱਮ. ਮਾਨ ਨੇ ਜਿਸ ਤਰ੍ਹਾਂ ਭ੍ਰਿਸ਼ਟਾਚਾਰ 'ਤੇ ਆਪਣਾ ਸੰਕਲਪ ਦੁਹਰਾਇਆ, ਉਹ ਪਿਛਲੀਆਂ ਸਰਕਾਰਾਂ ਦੇ ਮੰਤਰੀਆਂ ਅਤੇ ਵਿਧਾਇਕਾਂ ਲਈ ਇਕ ਵਾਰ ਫਿਰ ਚਿੰਤਾ ਦਾ ਕਾਰਨ ਬਣ ਗਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਇੰਨੇ ਸਾਲਾਂ ਤੋਂ ਸਰਕਾਰ ਨੂੰ ਲੁੱਟਣ ਵਾਲੇ ਇਹ ਪੁਰਾਣੇ ਆਗੂ ਅਜੇ ਵੀ ਸਰਕਾਰੀ ਕੋਠੀਆਂ ਅਤੇ ਸਰਕਾਰੀ ਫਲੈਟ ਛੱਡਣ ਦੇ ਮੂਡ ਵਿੱਚ ਨਹੀਂ ਹਨ। ਉਨ੍ਹਾਂ ਦੀਆਂ ਇਨ੍ਹਾਂ ਗੱਲਾਂ ਨੂੰ ਸੂਬੇ ਵਿੱਚ ਸੁਣਨ ਵਾਲੇ ਲੋਕ ਬਹੁਤ ਪਸੰਦ ਕਰਦੇ ਹਨ। ਜਨਤਾ ਅਜੇ ਵੀ ਮੰਨਦੀ ਹੈ ਕਿ ਸੀ.ਐੱਮ. ਮਾਨ ਪੰਜਾਬ ਦੇ ਮਸਲੇ ਇਮਾਨਦਾਰੀ ਨਾਲ ਹੱਲ ਕਰਨਗੇ ਅਤੇ ਹੌਲੀ-ਹੌਲੀ ਪੰਜਾਬ ਆਪਣੇ ਪੈਰਾਂ 'ਤੇ ਖੜ੍ਹਾ ਹੋਵੇਗਾ। ਦੂਜੇ ਪਾਸੇ ਵਿਰੋਧੀ ਧਿਰ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸਰਕਾਰ ਕਰਜ਼ੇ ਵਿੱਚ ਬੁਰੀ ਤਰ੍ਹਾਂ ਡੁੱਬੀ ਹੋਈ ਹੈ, ਅਜਿਹੇ 'ਚ ਉਹ ਆਪਣੀਆਂ ਨਵੀਆਂ ਗਾਰੰਟੀਆਂ ਨੂੰ ਕਿਵੇਂ ਪੂਰਾ ਕਰ ਸਕੇਗੀ।
ਇਹ ਵੀ ਪੜ੍ਹੋ : ਵਿਧਾਇਕਾ ਭਰਾਜ ਨੇ ਵਿਧਾਨ ਸਭਾ ’ਚ ਪਟਵਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਦਾ ਉਠਾਇਆ ਮੁੱਦਾ
ਇਸੇ ਦੁਚਿੱਤੀ ਵਿੱਚ ਮਾਨ ਪੂਰੇ ਸ਼ੇਅਰੋ-ਸ਼ਾਇਰੀ ਦੇ ਅੰਦਾਜ਼ 'ਚ ਆਪਣੀ ਗੱਲ ਰੱਖਦੇ ਹਨ ਤੇ ਸਿੱਖਿਆ ਅਤੇ ਸਿਹਤ ਵਿੱਚ ਸੁਧਾਰ ਕਰਨ ਦਾ ਵਾਅਦਾ ਦੁਹਰਾਉਂਦੇ ਹਨ। ਗਲੀਆਂ-ਨਾਲੀਆਂ ਦੇ ਹੱਲ ਦੀ ਗੱਲ ਕਰਦੇ ਹਨ ਅਤੇ ਖੇਤਾਂ 'ਚ ਜ਼ਹਿਰੀਲੇ ਛਿੜਕਾਅ ਅਤੇ ਪਾਣੀ ਦੇ ਡਿੱਗ ਰਹੇ ਪੱਧਰ ਬਾਰੇ ਵੀ ਚਿੰਤਾ ਪ੍ਰਗਟ ਕਰਦੇ ਹਨ, ਜੋ ਆਮ ਲੋਕਾਂ ਦੇ ਮਨਾਂ ਨੂੰ ਵੀ ਛੂੰਹਦੀ ਹੈ। ਉਹ ਲੋਕਾਂ ਨੂੰ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਪ੍ਰੇਰਿਤ ਕਰਦੇ ਹਨ ਅਤੇ ਹੱਸਦਾ-ਖੇਡਦਾ ਭੰਗੜਾ ਪਾਉਂਦਾ, ਗਿੱਧਾ ਤੇ ਰੰਗਲੇ ਪੰਜਾਬ ਦਾ ਵਾਅਦਾ ਦੁਹਰਾਉਂਦੇ ਹਨ।
ਇਹ ਵੀ ਪੜ੍ਹੋ : ਸਪੀਕਰ ਸੰਧਵਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਟ
ਭਗਵੰਤ ਮਾਨ ਦੇ ਇਸ ਅੰਦਾਜ਼ ਦਾ ਵਿਰੋਧੀ ਧਿਰ ਕੋਲ ਕੋਈ ਕੱਟ ਨਹੀਂ, ਉਹ ਸਿਰਫ਼ ਸੀ.ਐੱਮ. ਮਾਨ ਨੂੰ ਦਿੱਲੀ ਲੀਡਰਸ਼ਿਪ ਅੱਗੇ ਝੁਕਣ ਦੀ ਗੱਲ ਕਹਿ ਕੇ ਤੰਜ ਕੱਸਦੇ ਹਨ, ਨਿਸ਼ਚਿਤ ਤੌਰ 'ਤੇ ਦਿੱਲੀ ਲੀਡਰਸ਼ਿਪ ਦੀ ਦਖਲਅੰਦਾਜ਼ੀ ਦਾ ਪ੍ਰਚਾਰ ਪੂਰੇ ਸੂਬੇ 'ਚ ਵਿਰੋਧੀ ਧਿਰ ਕਰਨ 'ਚ ਸਫਲ ਹੋਇਆ ਹੈ। ਅਜੇ ਤਾਂ ਸਰਕਾਰ ਨੂੰ ਸਿਰਫ ਸਾਢੇ ਤਿੰਨ ਮਹੀਨੇ ਹੀ ਹੋਏ ਹਨ, ਹੌਲੀ-ਹੌਲੀ ਸਰਕਾਰ ਲੀਹ 'ਤੇ ਆਵੇਗੀ ਕਿਉਂਕਿ ਅਫ਼ਸਰਸ਼ਾਹੀ ਦਾ ਵੀ ਮੰਨਣਾ ਹੈ ਕਿ ਸੀ.ਐੱਮ. ਭਗਵੰਤ ਮਾਨ ਬਹੁਤ ਤੇਜ਼ੀ ਨਾਲ ਸਿੱਖ ਰਹੇ ਹਨ ਅਤੇ ਮੁੱਦਿਆਂ 'ਤੇ ਉਨ੍ਹਾਂ ਦੀ ਪਕੜ ਦਿਨ-ਬ-ਦਿਨ ਬਿਹਤਰ ਹੁੰਦੀ ਜਾ ਰਹੀ ਹੈ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ