ਪੰਜਾਬ 'ਚ ਫ਼ਸਲਾਂ ਦੇ ਨੁਕਸਾਨ 'ਤੇ CM ਮਾਨ ਦਾ ਵੱਡਾ ਫ਼ੈਸਲਾ, ਬੋਲੇ-ਅੰਨਦਾਤੇ ਦੀਆਂ ਅੱਖਾਂ 'ਚ ਹੰਝੂ ਨਹੀਂ ਦੇਖ ਸਕਦੇ

03/27/2023 1:32:16 PM

ਚੰਡੀਗੜ੍ਹ : ਪੰਜਾਬ 'ਚ ਬੀਤੇ ਦਿਨੀਂ ਹੋਈ ਭਾਰੀ ਬਰਸਾਤ ਅਤੇ ਗੜ੍ਹੇਮਾਰੀ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਮਗਰੋਂ ਮੁੱਖ ਮੰਤਰੀ ਮਾਨ ਵੱਲੋਂ ਕਿਸਾਨਾਂ ਲਈ ਅਹਿਮ ਐਲਾਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ 'ਚ ਬਹੁਤ ਭਾਰੀ ਬੇਮੌਸਮੀ ਬਰਸਾਤ ਹੋਈ। ਇਸ ਦੇ ਨਾਲ ਹੀ ਗੜ੍ਹੇਮਾਰੀ ਅਤੇ ਤੇਜ਼ ਹਵਾਵਾਂ ਚੱਲੀਆਂ, ਜਿਸ ਨਾਲ ਖੜ੍ਹੀਆਂ ਹੋਈਆਂ ਫ਼ਸਲਾਂ ਖ਼ਾਸ ਤੌਰ 'ਤੇ ਕਣਕ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਲੋਕਾਂ ਦੇ ਘਰਾਂ ਦੀਆਂ ਛੱਤਾਂ ਵੀ ਢਹਿ ਗਈਆਂ ਅਤੇ ਪਸ਼ੂਆਂ ਦਾ ਵੀ ਨੁਕਸਾਨ ਹੋ ਗਿਆ। ਉਨ੍ਹਾਂ ਕਿਹਾ ਕਿ ਮੈਂ ਖ਼ੁਦ ਡਿੱਗੀਆਂ ਹੋਈਆਂ ਫ਼ਸਲਾਂ ਨੂੰ ਖੇਤਾਂ 'ਚ ਜਾ ਕੇ ਦੇਖ ਕੇ ਆਇਆ ਅਤੇ ਕਿਸਾਨਾਂ ਨਾਲ ਮਿਲਿਆ ਹਾਂ। ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੇ ਅਫ਼ਸਰਾਂ ਦੀ ਮੀਟਿੰਗ ਬੁਲਾ ਕੇ ਉਨ੍ਹਾਂ ਨਾਲ ਸਲਾਹ-ਮਸ਼ਵਰਾ ਕੀਤਾ ਹੈ। ਪੁਰਾਣੇ ਸਮੇਂ ਦੌਰਾਨ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਵੱਧ ਤੋਂ ਵੱਧ ਮੁਆਵਜ਼ੇ ਦਾ 12 ਹਜ਼ਾਰ ਰੁਪਿਆ ਦਿੱਤਾ ਜਾਂਦਾ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ PGI 'ਚ ਪੁੱਜਣ ਵਾਲੇ TB ਦੇ ਮਰੀਜ਼ਾਂ ਲਈ ਅਹਿਮ ਖ਼ਬਰ, ਹੁਣ 90 ਮਿੰਟਾਂ 'ਚ ਮਿਲੇਗੀ ਰਿਪੋਰਟ

ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਕਿ ਹੁਣ ਅਸੀਂ ਪੁਰਾਣਾ ਸਿਸਟਮ ਬਦਲ ਦਿੱਤਾ ਹੈ। ਹੁਣ 75 ਫ਼ੀਸਦੀ ਤੋਂ 100 ਫ਼ੀਸਦੀ ਤੱਕ ਜਿੰਨਾ ਵੀ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਉਹਦੇ 'ਚ 15 ਹਜ਼ਾਰ ਰੁਪਿਆ ਪ੍ਰਤੀ ਏਕੜ ਮਤਲਬ ਕਿ 25 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ 33 ਤੋਂ 75 ਫ਼ੀਸਦੀ ਤੱਕ ਜਿਹੜਾ ਪਹਿਲਾਂ 5400 ਮੁਆਵਜ਼ਾ ਦਿੱਤਾ ਜਾਂਦਾ ਸੀ, ਉਸ ਨੂੰ 25 ਫ਼ੀਸਦੀ ਵਧਾ ਕੇ 6750 ਰੁਪਏ ਕੀਤਾ ਗਿਆ ਹੈ। ਜਿਹੜਾ ਪਹਿਲਾਂ 26 ਤੋਂ 33  ਫ਼ੀਸਦੀ ਨੁਕਸਾਨ ਲਈ ਮੁਆਵਜ਼ਾ ਦਿੱਤਾ ਜਾਂਦਾ ਸੀ, ਉਸ ਨੂੰ 20 ਤੋਂ 33 ਫ਼ੀਸਦੀ ਕਰ ਦਿੱਤਾ ਗਿਆ ਹੈ, ਤਾਂ ਜੋ ਕਿਸੇ ਦਾ ਇਕ ਏਕੜ 'ਚੋਂ ਇਕ ਵਿਘਾ ਵੀ ਨੁਕਸਾਨ ਹੋ ਗਿਆ ਤਾਂ ਉਸ ਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਾਰੇ ਡੀ. ਸੀਜ਼. ਨੂੰ ਹੁਕਮ ਦਿੱਤਾ ਗਿਆ ਹੈ ਕਿ ਇਕ ਹਫ਼ਤੇ ਦੇ ਵਿੱਚ-ਵਿੱਚ ਗਿਰਦਾਵਰੀ ਕੀਤੀ ਜਾਵੇ।

ਇਹ ਵੀ ਪੜ੍ਹੋ : ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਥਾਣਾ ਇੰਚਾਰਜ ਨੂੰ ਠੋਕਿਆ 10 ਹਜ਼ਾਰ ਜੁਰਮਾਨਾ, ਜਾਣੋ ਪੂਰਾ ਮਾਮਲਾ

ਜਿਹੜਾ ਵੀ ਪਟਵਾਰੀ, ਉੱਚ ਅਧਿਕਾਰੀ ਜਾਂ ਕੋਈ ਅਫ਼ਸਰ ਗਿਰਦਾਵਰੀ ਕਰਨ ਜਾਵੇਗਾ ਤਾਂ ਉਹ ਕਿਸੇ ਖ਼ਾਸ ਬੰਦੇ ਦੇ ਘਰ 'ਚ ਨਹੀਂ ਬੈਠੇਗਾ। ਇਸ ਦੀ ਅਨਾਊਂਸਮੈਂਟ ਗੁਰਦੁਆਰਾ ਸਾਹਿਬ 'ਚ ਹੋਵੇਗੀ ਅਤੇ ਸਾਰਾ ਪਿੰਡ ਆਪਣੇ-ਆਪਣੇ ਖੇਤ ਦਿਖਾਵੇਗਾ ਅਤੇ ਉਹੀ ਲਿਖਿਆ ਜਾਵੇਗਾ। ਸ਼ਾਮ ਨੂੰ ਗਿਰਦਾਵਰੀ 'ਚ ਲਿਖਿਆ ਸਭ ਕੁੱਝ ਪੜ੍ਹ ਕੇ ਸੁਣਾਇਆ ਜਾਵੇ ਅਤੇ ਹੇਠਾਂ ਮੋਹਤਬਰ ਲੋਕਾਂ ਦੇ ਹਸਤਾਖ਼ਰ ਕਰਵਾਏ ਜਾਣ। ਇਸ ਦੇ ਕੁੱਝ ਦਿਨਾਂ ਬਾਅਦ ਪੈਸੇ ਲੋਕਾਂ ਦੇ ਖ਼ਾਤਿਆਂ 'ਚ ਪਾ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਠੇਕੇ 'ਤੇ ਖੇਤੀ ਕਰਨ ਵਾਲਿਆਂ ਨੂੰ ਪਹਿਲਾਂ ਫ਼ਸਲ ਦੇ ਖ਼ਰਾਬੇ ਲਈ ਕੋਈ ਮੁਆਵਜ਼ਾ ਨਹੀਂ ਮਿਲਦਾ ਸੀ ਅਤੇ ਜਿਸ ਦੇ ਨਾਂ 'ਤੇ ਰਜਿਸਟਰੀ ਹੁੰਦੀ ਸੀ, ਉਸ ਦੇ ਖ਼ਾਤੇ 'ਚ ਪੈਸੇ ਪਾ ਦਿੱਤੇ ਜਾਂਦੇ ਸਨ ਪਰ ਹੁਣ ਅਜਿਹਾ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਅਨੇਕਾਂ ਨੀਲੇ ਕਾਰਡ ਧਾਰਕਾਂ ਨੂੰ ਲੱਗੇਗਾ ਝਟਕਾ, ਰਾਸ਼ਨ ਡਿਪੂਆਂ 'ਤੇ ਨਹੀਂ ਮਿਲੇਗੀ ਸਹੂਲਤ

ਹੁਣ ਉਸੇ ਕਿਸਾਨ ਦੇ ਖ਼ਾਤੇ 'ਚ ਪੈਸੇ ਪਾਏ ਜਾਣਗੇ, ਜਿਹੜਾ ਉਸ ਵੇਲੇ ਜ਼ਮੀਨ 'ਤੇ ਖੇਤੀ ਕਰ ਰਿਹਾ ਸੀ ਮਤਲਬ ਕਿ ਕਾਸ਼ਤਕਾਰ ਨੂੰ ਹੀ ਪੈਸੇ ਮਿਲਣਗੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਹੜੇ ਘਰ ਨੁਕਸਾਨੇ ਗਏ ਹਨ, ਉਨ੍ਹਾਂ ਨੂੰ ਘਰ ਪਾ ਕੇ ਦੇਵਾਂਗੇ ਅਤੇ ਇਸ ਦੇ ਨਾਲ ਹੀ ਦਿਹਾੜੀ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ। ਮੁੱਖ ਮੰਤਰੀ ਮਾਨ ਨੇ ਕਿਸਾਨਾਂ ਨੂੰ ਹੌਂਸਲਾ ਰੱਖਣ ਲਈ ਕਿਹਾ ਹੈ ਅਤੇ ਇਹ ਵੀ ਕਿਹਾ ਕਿ ਸਰਕਾਰ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਅੰਨਦਾਤੇ ਦੀਆਂ ਅੱਖਾਂ 'ਚ ਅਸੀਂ ਹੰਝੂ ਨਹੀਂ ਦੇਖ ਸਕਦੇ। ਇਹ ਮੁਆਵਜ਼ਾ ਬੇਹੱਦ ਜਲਦੀ ਕਿਸਾਨਾਂ ਨੂੰ ਮਿਲ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News