CM ਮਾਨ ਵੱਲੋਂ ਕੇਂਦਰ ਨੂੰ ਅਪੀਲ, ਕਿਹਾ-ਕਣਕ ਦੇ ਸੁੰਗੜੇ ਦਾਣਿਆਂ ਸਬੰਧੀ ਨਿਯਮਾਂ ’ਚ ਫੌਰੀ ਦੇਵੇ ਢਿੱਲ

04/24/2022 11:00:35 PM

ਚੰਡੀਗੜ੍ਹ (ਬਿੳੂਰੋ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਣਕ ਦੇ ਸੁੰਗੜੇ ਦਾਣਿਆਂ ਸਬੰਧੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਕਣਕ ਦਾ ਪੰਜਾਬ ’ਚ ਰੇਟ ਘਟਾਏ ਬਿਨਾਂ ਕਣਕ ਦੀ ਖਰੀਦ ’ਚ ਸੁੰਗੜੇ ਹੋਏ ਦਾਣਿਆਂ ਲਈ ਨਿਰਧਾਰਤ ਨਿਯਮਾਂ ’ਚ ਢਿੱਲ ਦਿੱਤੀ ਜਾਵੇ, ਜਿਸ ਨਾਲ ਕਿਸਾਨਾਂ ਦੀ ਆਮਦਨ ਨੂੰ ਸੁਰੱਖਿਅਤ ਰੱਖਿਆ ਜਾ ਸਕੇ, ਜੋ ਪਹਿਲਾਂ ਹੀ ਕਣਕ ਦੀ ਘੱਟ ਪੈਦਾਵਾਰ ਤੇ ਵੱਡੇ ਖੇਤੀ ਕਰਜ਼ੇ ਦੀ ਮਾਰ ਝੱਲ ਰਹੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਖੁਰਾਕ ਮੰਤਰੀ ਪਿਊਸ਼ ਗੋਇਲ ਨਾਲ ਗੱਲਬਾਤ ਕਰ ਕੇ ਬੇਨਤੀ ਕਰਦਿਆਂ ਕਿਹਾ ਕਿ ਉਹ ਭਾਰਤ ਸਰਕਾਰ ਵੱਲੋਂ ਤਾਇਨਾਤ ਟੀਮਾਂ ਦੁਆਰਾ ਇਕੱਤਰ ਕੀਤੇ ਫੀਲਡ ਡਾਟਾ ਦੇ ਆਧਾਰ ’ਤੇ ਢਿੱਲ ਦੇਣ ਦੀ ਆਗਿਆ ਦੇਣ।

ਇਹ ਵੀ ਪੜ੍ਹੋ : ਦੀਨਾਨਗਰ ’ਚ ਬਰਾਤੀਆਂ ਨਾਲ ਭਰੀ ਬੱਸ ਨਹਿਰ ’ਚ ਡਿੱਗੀ, 18 ਜ਼ਖ਼ਮੀ

ਇਸ ਤੋਂ ਇਲਾਵਾ ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਪੱਤਰ ਲਿਖ ਕੇ ਵੀ ਉਕਤ ਸਮੱਸਿਆ ਦਾ ਹੱਲ ਕਰਨ ਲਈ ਬੇਨਤੀ ਕੀਤੀ ਹੈ। ਮੁੱਖ ਮੰਤਰੀ ਨੇ ਚਿੰਤਾ ਜ਼ਾਹਿਰ ਕਰਦਿਆਂ ਅੱਗੇ ਕਿਹਾ ਕਿ ਜਨਤਕ ਵੰਡ ਮੰਤਰਾਲੇ ਵੱਲੋਂ ਤਾਇਨਾਤ ਕੇਂਦਰੀ ਟੀਮਾਂ ਵੱਲ ਕਣਕ ਦੇ ਦਾਣਿਆਂ ਦੇ ਸੁੰਗੜਨ ਸਬੰਧੀ ਤੱਥਾਂ ਨੂੰ ਉਜਾਗਰ ਕਰਦੀ ਆਪਣੀ ਰਿਪੋਰਟ ਮੰਤਰਾਲੇ ਨੂੰ ਸੌਂਪਿਆਂ ਇਕ ਹਫ਼ਤੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਹਾਲੇ ਵੀ ਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕਿਸਾਨੀ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਲੋੜ ਹੈ ਅਤੇ ਦੇਰੀ ਨਾਲ ਖਰੀਦ ਕਾਰਜ ਪ੍ਰਭਾਵਿਤ ਹੋ ਰਹੇ ਹਨ।

ਇਹ ਵੀ ਪੜ੍ਹੋ : ਬੁਢਲਾਡਾ ’ਚ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ

ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ‘ਆਪ’ ਸਰਕਾਰ ਕਿਸਾਨਾਂ ਦਾ ਹਰ ਦਾਣਾ-ਦਾਣਾ ਖਰੀਦਣ ਲਈ ਵਚਨਬੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਅਨਾਜ ਦੇ ਸੁੰਗੜਨ ਲਈ ਕਿਸਾਨਾਂ ਨੂੰ ਦੋਸ਼ ਦੇਣਾ ਅਤੇ ਉਨ੍ਹਾਂ ’ਤੇ ਜੁਰਮਾਨਾ ਲਾਉਣਾ ਨਿਰੀ ਬੇਇਨਸਾਫ਼ੀ ਹੈ ਕਿਉਂਕਿ ਇਹ ਕੁਦਰਤ ਦਾ ਵਰਤਾਰਾ ਹੈ ਅਤੇ ਕਿਸਾਨ ਦੇ ਹੱਥ-ਵੱਸ ਕੁਝ ਨਹੀਂ। ਉਨ੍ਹਾਂ ਦੀ ਸਰਕਾਰ ਨੇ ਮੰਡੀਆਂ ’ਚ ਆਏ ਅਨਾਜ ਦੀ ਤੇਜ਼ੀ ਨਾਲ ਖਰੀਦ ਕਰਨ ਦੇ ਨਾਲ-ਨਾਲ ਇਹ ਮੁੱਦਾ ਕੇਂਦਰ ਸਰਕਾਰ ਕੋਲ ਉਠਾਇਆ ਹੈ। ਕੁਝ ਮੰਡੀਆਂ ’ਚ ਹੋ ਰਹੀ ਅਸੁਵਿਧਾ ਅਤੇ ਭਰਮਾਰ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਮੁੱਖ ਤੌਰ ’ਤੇ ਨਿਯਮਾਂ ’ਚ ਢਿੱਲ ਨਾ ਦਿੱਤੇ ਜਾਣ ਕਾਰਨ ਐੱਫ. ਸੀ. ਆਈ. ਵੱਲੋਂ ਇਨ੍ਹਾਂ ਮੰਡੀਆਂ ਦੀ ਸੁੰਗੜੀ ਹੋਈ ਕਣਕ ਦੇ ਦਾਣਿਆਂ ਨੂੰ ਸਵੀਕਾਰ ਨਾ ਕਰਨ ਕਰਕੇ  ਹੋਇਆ ਹੈ, ਜਿਸ ਨਾਲ ਮੰਡੀਆਂ ਦਿੱਕਤ ਆ ਰਹੀ ਹੈ ਅਤੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਨ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਤੋਂ ਜਲਦ ਹੀ ਸਾਕਾਰਾਤਮਕ ਹੱਲ ਦੀ ਆਸ ਹੈ ਅਤੇ ਜਿਸ ਤੋਂ ਬਾਅਦ ਲਿਫਟਿੰਗ ’ਚ ਭਾਰੀ ਸੁਧਾਰ ਹੋਵੇਗਾ।

ਇਹ ਵੀ ਪੜ੍ਹੋ : ਅਫ਼ਗਾਨੀ ਮੁਲੱਠੀ ’ਚੋਂ ਨਿਕਲੀ 510 ਕਰੋੜ ਦੀ ਹੈਰੋਇਨ, ICP ਅਟਾਰੀ ’ਤੇ ਕਸਟਮ ਵਿਭਾਗ ਦਾ ਦੂਜਾ ਵੱਡਾ ਕੇਸ

ਜ਼ਿਕਰਯੋਗ ਹੈ ਕਿ ਅੱਤ ਦੀ ਗਰਮੀ ਕਾਰਨ ਕਣਕ ਦਾ ਦਾਣਾ ਸੁੱਕ ਗਿਆ ਸੀ ਅਤੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ ਸਕਿਆ। ਇਸੇ ਲਈ ਸੂਬਾ ਸਰਕਾਰ ਨੇ ਖਰੀਦ ਸਬੰਧੀ ਨਿਯਮਾਂ ’ਚ ਢਿੱਲ ਦੇਣ ਦੀ ਮੰਗ ਕੀਤੀ ਸੀ ਤਾਂ ਜੋ ਕਣਕ ਦੀ ਖਰੀਦ ਕਰਕੇ ਕੇਂਦਰੀ ਪੂਲ ’ਚ ਯੋਗਦਾਨ ਪਾਇਆ ਜਾ ਸਕੇ। ਕਣਕ ਦੇ ਦਾਣਿਆਂ ਦਾ ਸੁੰਗੜਨਾ ਕਿਸਾਨ ਦੇ ਵੱਸ ਦੀ ਗੱਲ ਨਹੀਂ ਸਗੋਂ ਇਕ ਕੁਦਰਤੀ ਵਰਤਾਰਾ ਹੈ ਅਤੇ ਇਸ ਲਈ ਸੂਬਾ ਸਰਕਾਰ ਨੇ ਫ਼ੈਸਲਾ ਕੀਤਾ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਵੱਸ ਤੋਂ ਬਾਹਰ ਦੀ ਕਿਸੇ ਚੀਜ਼ ਲਈ ਜੁਰਮਾਨਾ ਨਹੀਂ ਲਗਾਇਆ ਜਾਣਾ ਚਾਹੀਦਾ।
 


Manoj

Content Editor

Related News